ਸ੍ਰੀ ਮੁਕਤਸਰ ਸਾਹਿਬ – ਗਿੱਦੜਬਾਹਾ ਉਪ ਚੋਣ ’ਚ ਹਾਰ ਤੋਂ ਬਾਅਦ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇੱਥੇ ਆਪਣੀ ਰਿਹਾਇਸ਼ ਵਿਖੇ ਵਰਕਰਾਂ ਨਾਲ ਮੁਲਾਕਾਤ ਕੀਤੀ ਅਤੇ ਹਾਰ ਦੇ ਕਾਰਨਾਂ ’ਤੇ ਮੰਥਨ ਕੀਤਾ। ਉੱਥੇ ਉਨ੍ਹਾਂ ਕਿਹਾ ਕਿ ਲੋਕਾਂ ਵਿੱਚ ਹਾਂ, ਲੋਕਾਂ ਵਿੱਚ ਹੀ ਰਹਾਂਗੇ। ਗਿੱਦੜਬਾਹਾ ਦੇ ਲੋਕਾਂ ਨੇ ਬਹੁਤ ਪਿਆਰ ਦਿੱਤਾ ਹੈ। ਕਾਂਗਰਸ ਦਾ ਵੋਟ ਬੈਂਕ ਉੱਥੇ ਹੀ ਖੜ੍ਹਾ ਹੈ। ਗਿੱਦੜਬਾਹਾ ਦੇ ਲੋਕਾਂ ਨੇ ਕਰੀਬ 50 ਹਜ਼ਾਰ ਵੋਟਾਂ ਕਾਂਗਰਸ ਨੂੰ ਦਿੱਤੀਆਂ ਜਿਨ੍ਹਾਂ ਦਾ ਮੈਂ ਸ਼ੁਕਰਗੁਜ਼ਾਰ ਹਾਂ। ਸਵੇਰੇ ਸਾਢੇ ਨੌਂ ਵਜੇ ਤੋਂ ਵਰਕਰ ਰਾਜਾ ਵੜਿੰਗ ਦੀ ਰਿਹਾਇਸ ’ਤੇ ਉਨ੍ਹਾਂ ਨੂੰ ਮਿਲਣ ਪਹੁੰਚਣੇ ਸ਼ੁਰੂ ਹੋ ਗਏ ਸਨ।
ਜ਼ਿਕਰਯੋਗ ਹੈ ਕਿ ਗਿੱਦੜਬਾਹਾ ’ਚ ਤਿੰਨ ਵਾਰ ਲਗਾਤਾਰ ਕਾਂਗਰਸ ਚੋਣ ਜਿੱਤਦੀ ਆ ਰਹੀ ਸੀ। ਰਾਜਾ ਵੜਿੰਗ ਤਿੰਨ ਵਾਰ ਵਿਧਾਇਕ ਬਣੇ। ਹੁਣ ਉਨ੍ਹਾਂਦੇ ਲੁਧਿਆਣਾ ਤੋਂ ਸੰਸਦ ਮੈਂਬਰ ਚੁਣੇ ਜਾਣ ਕਾਰਨ ਇਹ ਸੀਟ ਖਾਲੀ ਹੋਈ ਸੀ। ਚੋਣਾਂ ’ਚ ਹਾਈਕਮਾਨ ਨੇ ਰਾਜਾ ਵੜਿੰਗ ਦੀ ਪਤਨੀ ਅੰਮ੍ਰਿਤਾ ਵੜਿੰਗ ਨੂੰ ਟਿਕਟ ਦਿੱਤੀ ਸੀ ਪਰ ਇੱਥੋਂ ਆਪ ਦੇ ਹਰਦੀਪ ਸਿੰਘ ਡਿੰਪੀ ਢਿੱਲੋਂ ਜਿੱਤ ਗਏ। ਰਾਜਾ ਵੜਿੰਗ ਨੇ ਵਰਕਰਾਂ ਨਾਲ ਹਾਰ ਦੇ ਕਾਰਨਾਂ ਦਾ ਮੰਥਨ ਕੀਤਾ ਅਤੇ ਉਨ੍ਹਾਂ ਦੀ ਹੌਂਸਲਾ-ਅਫਜਾਈ ਕੀਤੀ ਅਤੇ ਅੱਗੇ ਹੋਰ ਮਿਹਨਤ ਨਾਲ ਚੋਣ ਲੜਨ ਦਾ ਸੱਦਾ ਦਿੱਤਾ।