ਟੀ-20 ਮੈਚ ‘ਚ ਸਿਰਫ਼ 7 ਦੌੜਾਂ ‘ਤੇ ਢੇਰ ਹੋਈ ਪੂਰੀ ਟੀਮ

ਨਵੀਂ ਦਿੱਲੀ- ਅੱਜ ਦੇ ਸਮੇਂ ’ਚ ਕਿਹਾ ਜਾਂਦਾ ਹੈ ਕਿ ਕ੍ਰਿਕਟ ਬੱਲੇਬਾਜ਼ਾਂ ਦੀ ਖੇਡ ਹੈ ਪਰ ਕਈ ਵਾਰ ਦੇਖਣ ਨੂੰ ਮਿਲਦਾ ਹੈ ਕਿ ਗੇਂਦਬਾਜ਼ ਕੁਝ ਅਜਿਹਾ ਕਰਦੇ ਹਨ ਕਿ ਬੱਲੇਬਾਜ਼ ਝੁਕ ਜਾਂਦੇ ਹਨ ਤੇ ਫਿਰ ਦੌੜਾਂ ਬਣਾਉਣੀਆਂ ਬਹੁਤ ਮੁਸ਼ਕਲ ਹੋ ਜਾਂਦੀਆਂ ਹਨ। ਅਜਿਹਾ ਹੀ ਕੁਝ ਟੀ-20 ਮੈਚ ‘ਚ ਹੋਇਆ, ਜਿੱਥੇ ਗੇਂਦਬਾਜ਼ਾਂ ਨੇ ਅਜਿਹਾ ਕਹਿਰ ਮਚਾਇਆ ਕਿ ਪੂਰੀ ਟੀਮ ਸਿਰਫ਼ 7 ਦੌੜਾਂ ‘ਤੇ ਢੇਰ ਹੋ ਗਈ।

ਅਸੀਂ ਗੱਲ ਕਰ ਰਹੇ ਹਾਂ ਨਾਈਜੀਰੀਆ ਤੇ ਆਈਵਰੀ ਕੋਸਟ ਵਿਚਾਲੇ ਖੇਡੇ ਗਏ ਟੀ-20 ਮੈਚ ਦੀ। ਜਿੱਥੇ ਨਾਈਜ਼ੀਰੀਆ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਚਾਰ ਵਿਕਟਾਂ ਗੁਆ ਕੇ 271 ਦੌੜਾਂ ਦਾ ਵੱਡਾ ਸਕੋਰ ਬਣਾਇਆ ਪਰ ਆਈਵਰੀ ਕੋਸਟ ਦੀ ਟੀਮ ਇਸ ਵੱਡੇ ਸਕੋਰ ਦੇ ਸਾਹਮਣੇ ਨਾਕਾਮ ਰਹੀ ਅਤੇ ਸਿਰਫ਼ ਸੱਤ ਦੌੜਾਂ ਹੀ ਬਣਾ ਸਕੀ। ਇਹ ਟੀ-20 ਵਿਚ ਕਿਸੇ ਵੀ ਟੀਮ ਵੱਲੋਂ ਬਣਾਇਆ ਗਿਆ ਸਭ ਤੋਂ ਘੱਟ ਸਕੋਰ ਹੈ।

272 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਆਈਵਰੀ ਕੋਸਟ ਟੀਮ ਦੇ ਸੱਤ ਬੱਲੇਬਾਜ਼ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕੇ। ਟੀਮ ਲਈ ਸਲਾਮੀ ਬੱਲੇਬਾਜ਼ ਕਟਾਰਾ ਮੁਹੰਮਦ ਨੇ ਸਭ ਤੋਂ ਵੱਧ ਚਾਰ ਦੌੜਾਂ ਬਣਾਈਆਂ। ਬਾਕੀ ਤਿੰਨ ਬੱਲੇਬਾਜ਼ ਸਿਰਫ਼ ਇਕ-ਇਕ ਦੌੜ ਹੀ ਬਣਾ ਸਕੇ। ਪੂਰੀ ਟੀਮ 7.3 ਓਵਰਾਂ ‘ਚ 7 ਦੌੜਾਂ ‘ਤੇ ਢੇਰ ਹੋ ਗਈ। ਨਾਈਜੀਰੀਆ ਲਈ ਇਸਾਕ ਡਨਾਲਡੀ ਅਤੇ ਪ੍ਰੋਸਪਰ ਉਸਾਨੀ ਨੇ ਤਿੰਨ-ਤਿੰਨ ਵਿਕਟਾਂ ਲਈਆਂ। ਪੀਟਰ ਆਹੋ ਨੇ ਦੋ ਅਤੇ ਸਿਲਵੇਸਟਰ ਓਕਪੇ ਨੇ ਇਕ ਵਿਕਟ ਲਈ। ਇਸ ਤੋਂ ਪਹਿਲਾਂ ਟੀ-20 ‘ਚ ਸਭ ਤੋਂ ਘੱਟ ਸਕੋਰ ਦਾ ਰਿਕਾਰਡ ਮੰਗੋਲੀਆ ਦੇ ਨਾਂ ਸੀ, ਜੋ ਸਿੰਗਾਪੁਰ ਦੇ ਸਾਹਮਣੇ ਸਿਰਫ 10 ਦੌੜਾਂ ‘ਤੇ ਹੀ ਢੇਰ ਹੋ ਗਿਆ ਸੀ।

ਨਾਈਜੀਰੀਆ ਵੱਲੋਂ ਸੇਲਿਮ ਸਲਾਊ ਨੇ ਸ਼ਾਨਦਾਰ ਸੈਂਕੜਾ ਲਗਾਇਆ। ਉਸ ਨੇ 53 ਗੇਂਦਾਂ ਵਿੱਚ 13 ਚੌਕਿਆਂ ਅਤੇ ਦੋ ਛੱਕਿਆਂ ਦੀ ਮਦਦ ਨਾਲ 112 ਦੌੜਾਂ ਬਣਾਈਆਂ। ਉਸ ਤੋਂ ਇਲਾਵਾ ਇਸਹਾਕ ਨੇ 23 ਗੇਂਦਾਂ ‘ਤੇ 65 ਦੌੜਾਂ ਬਣਾਈਆਂ ਜਿਸ ਵਿਚ ਤਿੰਨ ਚੌਕੇ ਅਤੇ ਛੇ ਛੱਕੇ ਸ਼ਾਮਲ ਸਨ। ਸੁਲਾਈਮੋਨ ਰੂੰਸਵ ਨੇ 29 ਗੇਂਦਾਂ ਵਿਚ 50 ਦੌੜਾਂ ਦੀ ਪਾਰੀ ਖੇਡੀ।