ਇਮਰਾਨ ਖਾਨ ਦੀ ਰਿਹਾਈ ਲਈ ਇਸਲਾਮਾਬਾਦ ‘ਚ ਮਾਰਚ ਦੀ ਤਿਆਰੀ

ਨਵੀਂ ਦਿੱਲੀ- ਪਾਕਿਸਤਾਨ ਵਿੱਚ ਖੈਬਰ ਪਖਤੂਨਖਵਾ ਰਾਜ ਦੇ ਮੁੱਖ ਮੰਤਰੀ ਅਲੀ ਅਮੀਨ ਗੰਡਾਪੁਰ ਤੇ ਵਿਰੋਧੀ ਧਿਰ ਦੇ ਨੇਤਾ ਉਮਰ ਅਯੂਬ ਦੀ ਅਗਵਾਈ ਵਿੱਚ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀਟੀਆਈ) ਸਮਰਥਕਾਂ ਦੇ ਕਾਫਲੇ ਨੂੰ ਪੁਲਿਸ ਨੇ ਅੱਧ ਵਿਚਕਾਰ ਰੋਕ ਲਿਆ ਜਦੋਂ ਉਹ ਇਸਲਾਮਾਬਾਦ ਜਾ ਰਹੇ ਸਨ। ਖ਼ਬਰ ਮੁਤਾਬਕ ਪੁਲਿਸ ਤੇ ਪੀਟੀਆਈ ਸਮਰਥਕਾਂ ਵਿਚਾਲੇ ਝੜਪ ਹੋ ਗਈ।

ਰਿਪੋਰਟ ਅਨੁਸਾਰ ਪੁਲਿਸ ਨੇ ਰਾਜਧਾਨੀ ਵੱਲੋਂ ਮਾਰਚ ਕਰਨ ਜਾ ਰਹੇ ਪੀਟੀਆਈ ਸਮਰਥਕਾਂ ਨੂੰ ਖਿੰਡਾਉਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਪੁਲਿਸ ਨੇ ਅਟਕ ਪੁਲ, ਚਾਚ ਇੰਟਰਚੇਂਜ ਤੇ ਗਾਜੀ ਬੜੋਠਾ ਨਹਿਰ ਨੇੜੇ ਕਾਫ਼ਲੇ ਨੂੰ ਰੋਕਣ ਦੀ ਕੋਸ਼ਿਸ਼ ਕੀਤੀ।

ਦਰਅਸਲ ਪੀਟੀਆਈ ਸਮਰਥਕਾਂ ਦਾ ਕਾਫ਼ਲਾ ਸਵਾਬੀ ਤੋਂ ਸ਼ੁਰੂ ਹੋ ਕੇ ਪੰਜਾਬ ਖੇਤਰ ਵਿੱਚ ਦਾਖ਼ਲ ਹੋਣ ਜਾ ਰਿਹਾ ਸੀ। ਇਸ ਦੌਰਾਨ ਪੁਲਿਸ ਨੇ ਉਨ੍ਹਾਂ ਨੂੰ ਰਸਤੇ ਵਿੱਚ ਰੋਕਣ ਦੀ ਕੋਸ਼ਿਸ਼ ਕੀਤੀ।

ਪੀਟੀਆਈ ਵਰਕਰਾਂ ਨੂੰ ਸੰਬੋਧਨ ਕਰਦਿਆਂ ਸੀਐਮ ਅਲੀ ਅਮੀਨ ਗੰਡਾਪੁਰ ਨੇ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਰਿਹਾਈ ਤੱਕ ਇਹ ਮਾਰਚ ਨਹੀਂ ਰੁਕੇਗਾ। ਉਨ੍ਹਾਂ ਨੇ ਕਿਹਾ, “ਸਾਨੂੰ ਅੱਗੇ ਵਧਣਾ ਚਾਹੀਦਾ ਹੈ ਤੇ ਇਮਰਾਨ ਖਾਨ ਦੀ ਰਿਹਾਈ ਤੱਕ ਪਿੱਛੇ ਨਹੀਂ ਹਟਣਾ ਚਾਹੀਦਾ। “ਉਸ ਨੇ ਅੱਗੇ ਕਿਹਾ ਕਿ ਤਿਆਰ ਰਹੋ, ਕਿਉਂਕਿ ਸਾਨੂੰ ਅੱਗੇ ਹੋਰ ਵਿਰੋਧ ਦਾ ਸਾਹਮਣਾ ਕਰਨਾ ਪਵੇਗਾ।”

ਇਸਲਾਮਾਬਾਦ ਵੱਲ ਵਧ ਰਹੇ ਪੀਟੀਆਈ ਵਰਕਰਾਂ ਦੀ ਰਸਤੇ ਵਿੱਚ ਪੁਲਿਸ ਨਾਲ ਝੜਪ ਹੋ ਗਈ। ਪੁਲਿਸ ਤੇ ਸਮਰਥਕਾਂ ਵਿਚਕਾਰ ਝੜਪ ਕਾਰਨ ਕਾਫ਼ਲੇ ਨੂੰ ਰਵਾਨਾ ਹੋਣ ਵਿੱਚ ਦੇਰੀ ਹੋਈ। ਇਸ ਦੌਰਾਨ ਇਮਰਾਨ ਖਾਨ ਦੀ ਪਤਨੀ ਬੁਸ਼ਰਾ ਬੀਬੀ ਨੇ ਦੇਰੀ ‘ਤੇ ਨਿਰਾਸ਼ਾ ਜ਼ਾਹਰ ਕੀਤੀ। ਉਸ ਨੇ ਜ਼ੋਰ ਦੇ ਕੇ ਕਿਹਾ ਕਿ ਸਾਰੇ ਲੋਕ ਆਪਣੇ ਵਾਹਨਾਂ ਵਿੱਚ ਬੈਠੇ ਰਹਿਣ, ਜਿਸ ਨਾਲ ਸਮਾਂ ਬਰਬਾਦ ਨਾ ਹੋਵੇ। ਉਸ ਨੇ ਆਪਣੇ ਸਮਰਥਕਾਂ ਨਾਲ ਅੱਗੇ ਵਧਣ ਦੀ ਗੱਲ ਕਹੀ।

ਉਸ ਨੇ ਆਗਾਹ ਕੀਤਾ,”ਆਪਣੇ ਵਾਹਨਾਂ ਵਿੱਚ ਰਹੋ ਤਾਂ ਕਿ ਜੋ ਅਸੀਂ ਜਲਦੀ ਉੱਥੇ ਪਹੁੰਚ ਸਕੀਏ ਤੇ ਬਿਨਾਂ ਦੇਰੀ ਕੀਤੇ ਅੱਗੇ ਵਧਦੇ ਰਹੀਏ। ਉਸ ਨੇ ਨਿਰਦੇਸ਼ ਦਿੱਤਾ, “ਅਸੀਂ ਖਾਨ ਨੂੰ ਵਾਪਸ ਲਿਆਉਣ ਲਈ ਇੱਥੇ ਹਾਂ।” ਬਿਨਾਂ ਦੇਰੀ ਕੀਤੇ ਅੱਗੇ ਵਧੋ।”

ਜ਼ਿਕਰਯੋਗ ਹੈ ਕਿ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਇਸ ਸਮੇਂ ਜੇਲ੍ਹ ਵਿੱਚ ਹਨ। ਉਸ ਦੀ ਰਿਹਾਈ ਲਈ ਸਮਰਥਕ ਲਗਾਤਾਰ ਕੋਸ਼ਿਸ਼ਾਂ ਕਰ ਰਹੇ ਹਨ। ਇਸੇ ਲੜੀ ਤਹਿਤ ਪੀਟੀਆਈ ਇਸਲਾਮਾਬਾਦ ਵੱਲ ਮਾਰਚ ਕਰ ਰਹੀ ਹੈ। ਇਸ ਮਾਰਚ ਤਹਿਤ ਪੀਟੀਆਈ ਸਮਰਥਕ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਦੇ ਡੀ-ਚੌਕ ‘ਤੇ ਪ੍ਰਦਰਸ਼ਨ ਕਰਨ ਦੀ ਤਿਆਰੀ ਕਰ ਰਹੇ ਹਨ। ਪੀਟੀਆਈ ਦੇ ਇਸ ਐਲਾਨ ਤੋਂ ਬਾਅਦ ਦੇਸ਼ ਦੀ ਰਾਜਨੀਤੀ ਵਿੱਚ ਹਲਚਲ ਮਚ ਗਈ ਹੈ।

ਹਾਲਾਂਕਿ ਗ੍ਰਹਿ ਮੰਤਰਾਲੇ ਨੇ ਅਦਾਲਤ ਦੇ ਆਦੇਸ਼ਾਂ ਦਾ ਹਵਾਲਾ ਦਿੰਦੇ ਹੋਏ ਜ਼ੋਰ ਦਿੱਤਾ ਹੈ ਕਿ ਇਸਲਾਮਾਬਾਦ ਵਿੱਚ ਕਿਸੇ ਵੀ ਪ੍ਰਦਰਸ਼ਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਕਿਸੇ ਵੀ ਉਲੰਘਣਾ ‘ਤੇ ਕਾਨੂੰਨੀ ਕਾਰਵਾਈ ਦੀ ਚਿਤਾਵਨੀ ਦਿੱਤੀ ਹੈ।

ਪੀਟੀਆਈ ਸਮਰਥਕਾਂ ਦੇ ਇਸਲਾਮਾਬਾਦ ਕੂਚ ਨੂੰ ਦੇਖਦੇ ਹੋਏ ਸਰਕਾਰ ਵੀ ਐਕਸ਼ਨ ਮੋਡ ‘ਚ ਆ ਗਈ ਹੈ। ਪ੍ਰਸ਼ਾਸਨਿਕ ਅਧਿਕਾਰੀਆਂ ਨੇ ਇਸਲਾਮਾਬਾਦ ਵਿੱਚ ਭਾਰੀ ਕਿਲਾਬੰਦੀ ਕੀਤੀ ਹੈ। ਇਸ ਦੇ ਨਾਲ ਹੀ ਪ੍ਰਮੁੱਖ ਸੜਕਾਂ ਨੂੰ ਸੀਲ ਕਰਨ ਦੀ ਤਿਆਰੀ ਹੈ। ਰੇਂਜਰਾਂ ਤੇ ਫਰੰਟੀਅਰ ਕਾਂਸਟੇਬੁਲਰੀ ਸਮੇਤ ਸੁਰੱਖਿਆ ਬਲਾਂ ਨੂੰ ਸੰਵੇਦਨਸ਼ੀਲ ਖੇਤਰਾਂ ਖ਼ਾਸ ਕਰ ਕੇ ਰੈੱਡ ਜ਼ੋਨ ਵਿੱਚ ਤਾਇਨਾਤ ਕੀਤਾ ਗਿਆ ਸੀ।

ਜ਼ਿਕਰਯੋਗ ਹੈ ਕਿ ਅਧਿਕਾਰੀਆਂ ਨੇ ਡੀ-ਚੌਕ ਤੇ ਇਸਲਾਮਾਬਾਦ ਹਵਾਈ ਅੱਡੇ ਵਰਗੀਆਂ ਮਹੱਤਵਪੂਰਨ ਥਾਵਾਂ ‘ਤੇ ਸੁਰੱਖਿਆ ਵਧਾ ਦਿੱਤੀ ਹੈ। ਇਸ ਦੇ ਨਾਲ ਹੀ ਕਿਸੇ ਵੀ ਪ੍ਰਕਾਰ ਦੇ ਮਾਰਚ ਦੀ ਇਜਾਜ਼ਤ ਨਹੀਂ ਦੇਣ ਦੀ ਗੱਲ ਕਹੀ ਗਈ ਹੈ। ਰਾਜਧਾਨੀ ਨੂੰ ਜਾਣ ਵਾਲੇ ਰਸਤਿਆਂ ’ਤੇ ਕੰਟੇਨਰ ਰੱਖੇ ਗਏ ਹਨ।