ਰੰਧਾਵਾ ਤੇ ਵੜਿੰਗ ਆਪਣੀਆਂ ਸੀਟਾਂ ਬਚਾਉਣ ’ਚ ਨਹੀਂ ਹੋ ਸਕੇ ਕਾਮਯਾਬ

ਚੰਡੀਗੜ੍ਹ – ਪੰਜਾਬ ’ਚ ਚਾਰ ਸੀਟਾਂ ’ਤੇ ਹੋਈਆਂ ਉਪ ਚੋਣਾਂ ’ਚ ਤਿੰਨ ਸੀਟਾਂ ਹਾਰਨ ਕਾਰਨ ਪੰਜਾਬ ਕਾਂਗਰਸ ਦੀ ਵਿਰੋਧੀ ਧਿਰ ਦੇ ਨੇਤਾ ਦਾ ਅਹੁਦਾ ਬਚਾਉਣ ’ਚ ਮੁਸ਼ਕਲ ਨਾਲ ਹੀ ਗੱਲ ਬਣੀ ਹੈ। 2022 ਦੀਆਂ ਚੋਣਾਂ ’ਚ ਕਾਂਗਰਸ ਕੋਲ 18 ਸੀਟਾਂ ਸਨ ਜਿਸ ਨੂੰ ਲੈ ਕੇ ਉਨ੍ਹਾਂ ਨੂੰ ਵਿਰੋਧੀ ਧਿਰ ਦਾ ਨੇਤਾ ਮਿਲਿਆ ਸੀ। ਪਿਛਲੇ ਸਮੇਂ ਹੋਈ ਸਿਆਸੀ ਖੇਡੀ ਅਤੇ ਉਪ ਚੋਣਾਂ ’ਚ ਤਿੰਨ ਸੀਟਾਂ ਹਾਰਨ ਅਤੇ ਇਕ ਸੀਟ ਜਿੱਤਣ ਕਾਰਨ ਕਾਂਗਰਸ ਦੀਆਂ ਸੀਟਾਂ ਹੁਣ ਘਟ ਕੇ 14 ਰਹਿ ਗਈਆਂ ਹਨ।

ਯਾਦ ਰਹੇ ਕਿ ਸਾਬਕਾ ਕਾਂਗਰਸੀ ਨੇਤਾ ਸੁਨੀਲ ਜਾਖੜ ਦੇ ਭਾਰਤੀ ਜਨਤਾ ਪਾਰਟੀ ’ਚ ਸ਼ਾਮਲ ਹੋਣ ਤੋਂ ਬਾਅਦ ਉਨ੍ਹਾਂ ਦੇ ਭਤੀਜੇ ਅਤੇ ਅਬੋਹਰ ਤੋਂ ਵਿਧਾਇਕ ਸੰਦੀਪ ਜਾਖੜ ਨੂੰ ਵੀ ਪਾਰਟੀ ਨੇ ਮੁਅੱਤਲ ਕਰ ਦਿੱਤਾ ਸੀ। ਉਨ੍ਹਾਂ ਦੀ ਮੁਅੱਤਲੀ ਨੂੰ ਲੈ ਕੇ ਅਜੇ ਤੱਕ ਕੋਈ ਫ਼ੈਸਲਾ ਨਹੀਂ ਹੋ ਸਕਿਆ। ਉਹ ਤਕਨੀਕੀ ਤੌਰ ’ਤੇ ਬੇਸ਼ੱਕ ਕਾਂਗਰਸ ’ਚ ਹਨ ਪਰ ਜਨਤਕ ਤੌਰ ’ਤੇ ਇਨ੍ਹੀਂ ਦਿਨੀਂ ਭਾਜਪਾ ਨਾਲ ਜੁੜੀਆਂ ਗਤੀਵਿਧੀਆਂ ’ਚ ਸ਼ਾਮਲ ਰਹਿੰਦੇ ਹਨ। ਲੋਕ ਸਭਾ ਚੋਣਾਂ ਦੌਰਾਨ ਉਨ੍ਹਾਂ ਦੇ ਪਾਰਟੀ ਦੇ ਫਿਰੋਜ਼ਪੁਰ ਤੋਂ ਉਮੀਦਵਾਰ ਰਾਣਾ ਗੁਰਮੀਤ ਸਿੰਘ ਸੋਢੀ ਲਈ ਕਾਫ਼ੀ ਕੰਮ ਕੀਤਾ, ਜਿਸ ਕਾਰਨ ਉਨ੍ਹਾਂ ਨੂੰ ਅਬੋਹਰ ਤੋਂ 34 ਹਜ਼ਾਰ ਵੋਟਾਂ ਦੀ ਲੀਡ ਮਿਲੀ ਸੀ। ਭਾਰਤੀ ਜਨਤਾ ਪਾਰਟੀ ਦੇ ਮੈਂਬਰਸ਼ਿਪ ਅਭਿਆਨ ’ਚ ਵੀ ਉਹ ਖੁੱਲ੍ਹ ਕੇ ਹਿੱਸਾ ਲੈ ਰਹੇ ਹਨ।

ਵਿਰੋਧੀ ਧਿਰ ਦੇ ਨੇਤਾ ਦਾ ਅਹੁਦਾ ਬਣਾਈ ਰੱਖਣਲਈ ਪਾਰਟੀ ਨੂੰ 13 ਵਿਧਾਇਕਾਂ ਦੀ ਲੋੜ ਹੈ। ਪਾਰਟੀ ਦੇ ਦੋ ਦਿੱਗਜਾਂ ਅਮਰਿੰਦਰ ਸਿੰਘ ਰਾਜਾ ਵੜਿੰਗ, ਜੋ ਇਸ ਸਮੇਂ ਪਾਰਟੀ ਦੇ ਪ੍ਰਧਾਨ ਵੀ ਹਨ ਅਤੇ ਸੁਖਜਿੰਦਰ ਸਿੰਘ ਰੰਧਾਵਾ ਜੋ ਸਾਬਾ ਉਪ ਮੁੱਖ ਮੰਤਰੀ ਰਹੇ ਹਨ ਅਤੇ ਮੁੱਖ ਮੰਤਰੀ ਦੇ ਪ੍ਰਬਲ ਦਾਅਵੇਦਾਰ ਵੀ ਰਹੇ ਸਨ, ਆਪਣੀਆਂ-ਆਪਣੀਆਂ ਸੀਟਾਂ ’ਤੇ ਆਪਣੀਆਂ ਪਤਨੀਆਂ ਨੂੰ ਜਿੱਤ ਨਹੀਂ ਦਿਵਾ ਸਕੇ, ਜਿਸ ਕਾਰਨ ਉਨ੍ਹਾਂ ਨੂੰ ਵੱਡਾ ਝਟਕਾ ਲੱਗਿਆ ਹੈ।

ਇਸੇ ਤਰ੍ਹਾਂ ਲੋਕ ਸਭਾ ਦੀਆਂ ਚੋਣਾਂ ’ਚ ਫਿਲੌਰ ਦੇ ਵਿਧਾਇਕ ਵਿਕਰਮ ਚੌਧਰੀ ਨੂੰ ਪਾਰਟੀ ਨੇ ਮੁਅੱਤਲ ਕਰ ਦਿੱਤਾ ਸੀ। ਉਨ੍ਹਾਂ ’ਤੇ ਪਾਰਟੀ ਗਤੀਵਿਧੀਆਂ ਖ਼ਿਲਾਫ਼ ਕੰਮ ਕਰਨ ਦਾ ਦੋਸ਼ ਹੈ। ਦਰਅਸਲ ਉਨ੍ਹਾਂ ਦੇ ਸਾਂਸਦ ਪਿਤਾ ਸੰਤੋਸ਼ ਚੌਧਰੀ ਦੀ ਰਾਹੁਲ ਗਾਂਧੀ ਦੀ ਨਿਆਂ ਯਾਤਰਾ ਦੌਰਾਨ ਹੋਈ ਮੌਤ ਤੋਂ ਬਾਅਦ ਉਹ ਇਸ ਸੀਟ ’ਤੇ ਆਪਣਾ ਅਧਿਕਾਰ ਸਮਝਦੇ ਸਨ। ਪਾਰਟੀ ਨੇ ਉਪ ਚੋਣ ’ਚ ਤਾਂ ਉਨ੍ਹਾਂ ਦੀ ਮਾਤਾ ਨੂੰ ਟਿਕਟ ਦੇ ਦਿੱਤੀ ਸੀ ਪਰ ਲੋਕ ਸਭਾ ਚੋਣਾਂ ’ਚ ਉਨ੍ਹਾਂ ਨੂੰ ਨਾ ਉਤਾਰ ਕੇ ਚਰਨਜੀਤ ਸਿੰਘ ਚੰਨੀ ਨੂੰ ਉਤਾਰਿਆ ਗਿਆ, ਜਿਸ ਨੂੰ ਲੈਕੇ ਉਹ ਨਾਰਾਜ਼ ਦਿਸੇ। ਇਨ੍ਹਾਂ ਦੋ ਵਿਧਾਇਕਾਂ ਦੇ ਮੁਅੱਤਲ ਹੋਣ ਕਾਰਨ ਪਾਰਟੀ ਕੋਲ 19 ’ਚੋਂ 16 ਵਿਧਾਇਕ ਹੀ ਸਮਰਥਨ ’ਚ ਰਹਿ ਗਏ ਹਨ। ਇਸੇ ਤਰ੍ਹਾਂ ਇਕ ਹੋਰ ਵਿਧਾਇਕ ਡਾ. ਰਾਜ ਕੁਮਾਰ ਚੱਬੇਵਾਲ ਦੇ ਆਮ ਆਦਮੀ ਪਾਰਟੀ ’ਚ ਸ਼ਾਮਲ ਹੋਣ ਕਾਰਨ ਇਹ ਸੀਟ ਵੀ ਖਾਲੀ ਹੋ ਗਈ ਸੀ। ਇਸ ਤੋਂ ਇਲਾਵਾ ਦੋ ਵਿਧਾਇਕ ਡੇਰਾ ਬਾਬਾ ਨਾਨਕ ਤੋਂ ਸੁਖਜਿੰਦਰ ਸਿੰਘ ਰੰਧਾਵਾ ਤੇ ਗਿੱਦੜਬਾਹਾ ਤੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਸੰਸਦ ਮੈਂਬਰ ਬਣਨ ਕਾਰਨ ਇਹ ਦੋਵੇਂ ਸੀਟਾਂਵੀ ਖਾਲੀ ਹੋ ਗਈਆਂ। ਇਨ੍ਹਾਂ ਤਿੰਨੇ ਸੀਟਾਂ ’ਤੇ ਹੋਈਆਂ ਉਪ ਚੋਣਾਂ ’ਚ ਪਾਰਟੀ ਇਕ ਨੂੰ ਇਕ ਵੀ ਸੀਟ ਨਹੀਂ ਮਿਲੀ ਜਿਸ ਕਾਰਨ ਵਿਧਾਇਕਾਂ ਦੀ ਗਿਣਤੀ ਘਟ ਕੇ 13 ਰਹਿ ਗਈ। ਪਾਰਟੀ ਲਈ ਸੁਖਦ ਗੱਲ ਸਿਰਫ਼ ਇਹ ਰਹੀ ਕਿ ਬਰਨਾਲਾ ਸੀਟ ਪਾਰਟੀ ਨੇ ਜਿੱਤ ਲਈ ਜਿਸ ਕਾਰਨ ਉਨ੍ਹਾਂ ਕੋਲ ਹੁਣ 14 ਵਿਧਾਇਕ ਹੋ ਗਏ ਹਨ।