ਨਵੀਂ ਦਿੱਲੀ – ਅਮਰੀਕੀ ਰਾਸ਼ਟਰਪਤੀ ਦੇ ਅਹੁਦੇ ਲਈ ਚੁਣੇ ਗਏ ਡੋਨਾਲਡ ਟਰੰਪ ਅਤੇ ਉੱਘੇ ਉਦਯੋਗਪਤੀ ਐਲਨ ਮਸਕ ਦੀ ਦੋਸਤੀ ਹੁਣ ਜੱਗ ਜਾਹਰ ਹੈ। ਚੋਣਾਂ ਜਿੱਤਣ ਤੋਂ ਬਾਅਦ ਦੋਵੇਂ ਲਗਪਗ ਹਮੇਸ਼ਾ ਇਕੱਠੇ ਹੀ ਰਹੇ ਹਨ। ਇਹ ਇਕ ਵਾਰ ਫਿਰ ਸਾਬਤ ਹੋਇਆ ਜਦੋਂ ਗੂਗਲ ਦੇ ਸੀਈਓ ਸੁੰਦਰ ਪਿਚਾਈ ਨੇ ਟਰੰਪ ਨੂੰ ਫੋਨ ਕੀਤਾ ਅਤੇ ਮਸਕ ਵੀ ਇਸ ਕਾਲ ਵਿਚ ਸ਼ਾਮਲ ਹੋਏ।
ਦਿ ਇਨਫਰਮੇਸ਼ਨ ਦੀ ਰਿਪੋਰਟ ਮੁਤਾਬਕ ਪਿਚਾਈ ਨੇ ਹਾਲ ਹੀ ‘ਚ ਟਰੰਪ ਨੂੰ ਫੋਨ ਕਰ ਕੇ ਅਮਰੀਕੀ ਰਾਸ਼ਟਰਪਤੀ ਚੋਣਾਂ ‘ਚ ਕਮਲਾ ਹੈਰਿਸ ‘ਤੇ ਜਿੱਤ ਲਈ ਵਧਾਈ ਦਿੱਤੀ ਸੀ। ਫਿਰ ਮਸਕ ਵੀ ਕਾਲ ਨਾਲ ਜੁੜ ਗਿਆ ਅਤੇ ਤਿੰਨਾਂ ਨੇ ਗੱਲ ਕੀਤੀ।
ਇਸ ਤੋਂ ਪਹਿਲਾਂ ਮਸਕ ਨੇ ਗੂਗਲ ਦੇ ਸਰਚ ਨਤੀਜਿਆਂ ‘ਚ ਪੱਖਪਾਤ ਦਾ ਦੋਸ਼ ਲਗਾਉਂਦੇ ਹੋਏ ਕਿਹਾ ਸੀ ਕਿ ਟਰੰਪ ਨੂੰ ਸਰਚ ਕਰਨ ‘ਤੇ ਹੈਰਿਸ ਨਾਲ ਜੁੜੀਆਂ ਖ਼ਬਰਾਂ ਸਾਹਮਣੇ ਆਉਂਦੀਆਂ ਹਨ। ਮਸਕ, ਟੇਸਲਾ ਅਤੇ ਸਪੇਸਐਕਸ ਦੇ ਸੀਈਓ, ਪਹਿਲਾਂ ਵਿਸ਼ਵ ਨੇਤਾਵਾਂ ਨਾਲ ਟੈਲੀਫੋਨ ਕਾਲਾਂ ਵਿੱਚ ਸ਼ਾਮਲ ਹੋਏ ਹਨ ਅਤੇ ਕਰਮਚਾਰੀਆਂ ਦੀ ਚੋਣ ਬਾਰੇ ਸਲਾਹ ਦੀ ਪੇਸ਼ਕਸ਼ ਕੀਤੀ ਹੈ।
ਮਸਕ ਨੂੰ ਰਾਸ਼ਟਰਪਤੀ ਚੁਣੇ ਗਏ ਟਰੰਪ ਨਾਲ ਨਜ਼ਦੀਕੀ ਸਬੰਧਾਂ ਕਾਰਨ “ਪਹਿਲਾ ਬੱਡੀ” ਕਿਹਾ ਜਾਂਦਾ ਹੈ। ਦੋਵਾਂ ਨੂੰ 16 ਨਵੰਬਰ ਨੂੰ ਸਪੇਸਐਕਸ ਸਟਾਰਸ਼ਿਪ ਰਾਕੇਟ ਲਾਂਚ ਅਤੇ ਅਲਟੀਮੇਟ ਫਾਈਟਿੰਗ ਚੈਂਪੀਅਨਸ਼ਿਪ (ਯੂਐਫਸੀ) ਹੈਵੀਵੇਟ ਬਾਊਟ ਸਮੇਤ ਵੱਖ-ਵੱਖ ਸਮਾਗਮਾਂ ਵਿੱਚ ਇਕੱਠੇ ਦੇਖਿਆ ਗਿਆ ਹੈ।