ਸੈਮੀਫਾਈਨਲ ‘ਚ ਭਾਰਤੀ ਧੀਆਂ ਨੇ ਮਾਰੀ ਬਾਜ਼ੀ, ਫਾਈਨਲ ‘ਚ ਚੀਨ ਨਾਲ ਹੋਵੇਗੀ ਟੱਕਰ

ਪਟਨਾ – ਪਹਿਲੇ ਤਿੰਨ ਕੁਆਰਟਰਾਂ ਵਿਚ ਦਰਜਨ ਤੋਂ ਵੱਧ ਪੈਨਲਟੀ ਕਾਰਨਰ ਗੁਆਉਣ ਤੋਂ ਬਾਅਦ ਭਾਰਤ ਨੇ ਆਖ਼ਰੀ ਕੁਆਰਟਰ ਵਿਚ ਸ਼ਾਨਦਾਰ ਵਾਪਸੀ ਕਰਦਿਆਂ ਦੋ ਗੋਲ ਕਰਕੇ ਜਾਪਾਨ ਨੂੰ 2-0 ਨਾਲ ਹਰਾ ਕੇ ਮਹਿਲਾ ਏਸ਼ਿਆਈ ਚੈਂਪੀਅਨਜ਼ ਟਰਾਫੀ ਦੇ ਫਾਈਨਲ ਵਿਚ ਥਾਂ ਬਣਾਈ। ਪਹਿਲੇ ਤਿੰਨ ਕੁਆਰਟਰ ਗੋਲ ਰਹਿਤ ਰਹਿਣ ਤੋਂ ਬਾਅਦ ਨਵਨੀਤ ਕੌਰ ਨੇ 48ਵੇਂ ਮਿੰਟ ‘ਚ ਪੈਨਲਟੀ ਸਟਰੋਕ ‘ਤੇ ਭਾਰਤ ਦਾ ਖਾਤਾ ਖੋਲਿ੍ਹਆ, ਜਦਕਿ 56ਵੇਂ ਮਿੰਟ ‘ਚ ਸੁਨੇਲਿਟਾ ਟੋਪੋ ਦੇ ਸ਼ਾਨਦਾਰ ਪਾਸ ‘ਤੇ ਲਾਲਰੇਮਸਿਆਮੀ ਨੇ ਦੂਜਾ ਗੋਲ ਕੀਤਾ। ਬੁੱਧਵਾਰ ਨੂੰ ਫਾਈਨਲ ‘ਚ ਮੌਜੂਦਾ ਚੈਂਪੀਅਨ ਭਾਰਤ ਦਾ ਸਾਹਮਣਾ ਪੈਰਿਸ ਓਲੰਪਿਕ ਦੇ ਚਾਂਦੀ ਤਗਮਾ ਜੇਤੂ ਚੀਨ ਨਾਲ ਹੋਵੇਗਾ, ਜਿਸ ਨੇ ਮਲੇਸ਼ੀਆ ਨੂੰ ਪਹਿਲੇ ਸੈਮੀਫਾਈਨਲ ‘ਚ 3-1 ਨਾਲ ਹਰਾਇਆ।

ਆਖਰੀ ਗਰੁੱਪ ਮੈਚ ਵਿਚ ਜਾਪਾਨ ਨੂੰ 3-0 ਨਾਲ ਹਰਾਉਣ ਵਾਲੀ ਭਾਰਤੀ ਟੀਮ 48ਵੇਂ ਮਿੰਟ ਤੱਕ ਗੋਲ ਲਈ ਤਰਸਦੀ ਰਹੀ। ਪੂਰੇ ਮੈਚ ਵਿਚ ਭਾਰਤ ਨੂੰ 16 ਪੈਨਲਟੀ ਕਾਰਨਰ ਮਿਲੇ, ਪਰ ਇਕ ਵੀ ਗੋਲ ਵਿਚ ਤਬਦੀਲ ਨਹੀਂ ਹੋ ਸਕਿਆ। ਫਾਈਨਲ ਤੋਂ ਪਹਿਲਾਂ ਕੋਚ ਹਰਿੰਦਰ ਸਿੰਘ ਲਈ ਇਹ ਚਿੰਤਾ ਦਾ ਕਾਰਨ ਹੋਵੇਗਾ।

ਭਾਰਤੀ ਟੀਮ ਹੁਣ ਟਰਾਫੀ ਜਿੱਤਣ ਦੇ ਮਾਮਲੇ ਵਿਚ ਦੱਖਣੀ ਕੋਰੀਆ ਦੀ ਬਰਾਬਰੀ ਕਰਨ ਤੋਂ ਇੱਕ ਕਦਮ ਦੂਰ ਹੈ। ਦੱਖਣੀ ਕੋਰੀਆ ਨੇ 2010, 2011 ਅਤੇ 2018 ਵਿਚ ਟਰਾਫੀ ਜਿੱਤੀ ਹੈ ਜਦਕਿ ਭਾਰਤੀ ਟੀਮ 2016 ਅਤੇ 2023 ਵਿੱਚ ਜੇਤੂ ਰਹੀ ਸੀ। 2016 ਵਿਚ ਭਾਰਤ ਨੇ ਚੀਨ ਨੂੰ ਹਰਾ ਕੇ ਟਰਾਫੀ ਜਿੱਤੀ ਸੀ।