ਚੰਡੀਗੜ੍ਹ – ਚਾਰ ਵਿਧਾਨ ਸਭਾ ਹਲਕਿਆਂ ਚੱਬੇਵਾਲ, ਡੇਰਾ ਬਾਬਾ ਨਾਨਕ, ਗਿੱਦੜਬਾਹਾ ਅਤੇ ਬਰਨਾਲਾ ਦੀ ਜ਼ਿਮਨੀ ਚੋਣ ਲਈ ਵੋਟਾਂ ਬੁੱਧਵਾਰ ਨੂੰ ਪੈਣਗੀਆਂ। ਇਹਨਾਂ ਹਲਕਿਆਂ ਤੋਂ ਸਾਬਕਾ ਵਿਧਾਇਕਾਂ ਕ੍ਰਮਵਾਰ ਡਾ. ਰਾਜ ਕੁਮਾਰ ਚੱਬੇਵਾਲ, ਸੁਖਜਿੰਦਰ ਸਿੰਘ ਰੰਧਾਵਾ, ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਗੁਰਮੀਤ ਸਿੰਘ ਮੀਤ ਹੇਅਰ ਦੇ ਲੋਕ ਸਭਾ ਮੈਂਬਰ ਚੁਣੇ ਜਾਣ ਕਾਰਨ ਉਪ ਚੋਣ ਹੋ ਰਹੀ ਹੈ ਪਰ ਮਜ਼ੇਦਾਰ ਗੱਲ ਇਹ ਹੈ ਕਿ ਜ਼ਿਮਨੀ ਚੋਣ ਉਪਰੋਕਤ ਲੋਕ ਸਭਾ ਮੈਂਬਰਾਂ ਲਈ ਸਿਆਸੀ ਭਵਿੱਖ ਦਾ ਸਵਾਲ ਬਣੀਆਂ ਹੋਈਆਂ ਹਨ, ਕਿਉਂਕਿ ਚੋਣ ਮੈਦਾਨ ਵਿਚ ਇਨ੍ਹਾਂ ਆਗੂਆਂ ਦੇ ਪਰਿਵਾਰਕ ਮੈਂਬਰ ਹੀ ਕੁੱਦੇ ਹੋਏ ਹਨ।
ਲੋਕ ਸਭਾ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਦੀ ਪਤਨੀ ਜਤਿੰਦਰ ਕੌਰ ਰੰਧਾਵਾ, ਰਾਜਾ ਵੜਿੰਗ ਦੀ ਪਤਨੀ ਅੰਮਿ੍ਤਾ ਵੜਿੰਗ, ਡਾ. ਰਾਜ ਕੁਮਾਰ ਚੱਬੇਵਾਲ ਦਾ ਬੇਟਾ ਇਸ਼ਾਂਕ ਚੱਬੇਵਾਲ ਅਤੇ ਮੀਤ ਹੇਅਰ ਦਾ ਅਤਿ ਨਜ਼ਦੀਕੀ ਹਰਿੰਦਰ ਸਿੰਘ ਧਾਲੀਵਾਲ ਚੋਣ ਲੜ੍ ਰਿਹਾ ਹੈ। ਜੇਕਰ ਅਤੀਤ ਵਿਚ ਹੋਈਆਂ ਚੋਣਾਂ ਦੇ ਨਤੀਜਿਆਂ ’ਤੇ ਨਜ਼ਰ ਮਾਰੀ ਜਾਵੇ ਤਾਂ ਬਰਨਾਲਾ ਹਲਕੇ ਤੋਂ ਲਗਾਤਾਰ ਦੋ ਵਾਰ ਆਮ ਆਦਮੀ ਪਾਰਟੀ, ਚੱਬੇਵਾਲ, ਗਿੱਦੜਬਾਹਾ ਤੇ ਡੇਰਾ ਬਾਬਾ ਨਾਨਕ ਤੋਂ ਕਾਂਗਰਸ ਪਾਰਟੀ ਚੋਣ ਜਿੱਤਦੀ ਆ ਰਹੀ ਹੈ ਪਰ ਹੁਣ ਸਿਆਸੀ ਦਿ੍ਸ਼ ਬਦਲ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਪਹਿਲੀ ਵਾਰ ਜ਼ਿਮਨੀ ਚੋਣਾਂ ਨਹੀਂ ਲੜ ਰਿਹਾ। ਭਾਵੇਂ ਅਕਾਲੀ ਦਲ ਨੇ ਕੋਈ ਉਮੀਦਵਾਰ ਚੋਣ ਮੈਦਾਨ ਵਿਚ ਨਹੀਂ ਉਤਾਰਿਆ ਪਰ ਅਕਾਲੀ ਦਲ ਦੇ ਵਰਕਰਾਂ ਦੀ ਵੋਟ ਉਮੀਦਵਾਰਾਂ ਦੀ ਜਿੱਤ-ਹਾਰ ਦਾ ਫ਼ੈਸਲਾ ਕਰੇਗੀ।
ਗਵਰਨਰੀ ਰੂਲ ਤੋਂ ਬਾਅਦ ਹੋਈਆਂ ਚੋਣਾਂ ਵਿਚ 1995 ’ਚ ਗਿੱਦੜਬਾਹਾ ਜ਼ਿਮਨੀ ਚੋਣ ਵਿਚ ਮਨਪ੍ਰੀਤ ਬਾਦਲ ਪਹਿਲੀ ਵਾਰ ਅਕਾਲੀ ਦਲ ਦੇ ਉਮੀਦਵਾਰ ਵਜੋਂ ਜਿੱਤ ਕੇ ਵਿਧਾਨ ਸਭਾ ਵਿਚ ਪੁੱਜੇ ਸਨ। ਹੁਣ ਜਿੱਥੇ ਅਕਾਲੀ ਦਲ ਜ਼ਿਮਨੀ ਚੋਣ ਨਹੀਂ ਲੜ ਰਿਹਾ, ਉਥੇ ਮਨਪ੍ਰੀਤ ਬਾਦਲ ਭਾਜਪਾ ਦਾ ਉਮੀਦਵਾਰ ਬਣ ਕੇ ਮੁੜ ਗਿੱਦੜਬਾਹਾ ਦੇ ਚੋਣ ਪਿੜ ਵਿਚ ਉਤਰਿਆ ਹੈ। ਇਥੋਂ ਰਾਜਾ ਵੜਿੰਗ ਤਿੰਨ ਵਾਰ ਚੋਣ ਜਿੱਤ ਚੁੱਕਿਆ ਹੈ ਤੇ ਹੁਣ ਉਨ੍ਹਾਂ ਦੀ ਪਤਨੀ ਅੰਮਿ੍ਤਾ ਵੜਿੰਗ ਚੋਣ ਮੈਦਾਨ ਵਿਚ ਹੈ। ਦੂਜੇ ਪਾਸੇ ਸੁਖਬੀਰ ਬਾਦਲ ਦੇ ਅਤਿ ਨਜ਼ਦੀਕੀ ਰਹੇ ਹਰਦੀਪ ਸਿੰਘ ਡਿੰਪੀ ਢਿੱਲੋਂ ‘ਆਪ’ ਦੀ ਟਿਕਟ ’ਤੇ ਚੋਣ ਲੜ ਰਿਹਾ ਹੈ।