ਨਵੀਂ ਦਿੱਲੀ- ਕੇਂਦਰ ਸਰਕਾਰ ਨੇ ਸਰਦ ਰੁੱਤ ਇਜਲਾਸ ਦੇ ਸ਼ੁਰੂ ਹੋਣ ਤੋਂ ਪਹਿਲਾਂ 24 ਨਵੰਬਰ ਨੂੰ ਸੰਸਦ ’ਚ ਸਰਬ ਪਾਰਟੀ ਮੀਟਿੰਗ ਬੁਲਾਈ ਹੈ। ਇਸੇ ’ਚ ਸਰਕਾਰ ਤੇ ਵਿਰੋਧੀ ਰਣਨੀਤੀ ਦੇ ਪੱਤੇ ਖੁੱਲ੍ਹਣਗੇ। 25 ਨਵੰਬਰ ਤੋਂ ਸ਼ੁਰੂ ਹੋਣ ਵਾਲਾ ਸੈਸ਼ਨ 20 ਦਸੰਬਰ ਨੂੰ ਖ਼ਤਮ ਹੋਵੇਗਾ। ਸਰਦ ਰੁੱਤ ਦੌਰਾਨ ਸਰਕਾਰ ਵਕਫ਼ ਸੋਧ ਬਿੱਲ ਪਾਸ ਕਰਵਾਉਣ ਦੀ ਕੋਸ਼ਿਸ਼ ਕਰੇਗੀ। ਸੈਸ਼ਨ ਦੌਰਾਨ ਸਰਕਾਰ ਵਨ ਨੇਸ਼ਨ ਵਨ ਇਲੈਕਸ਼ਨ ਬਿੱਲ ਵੀ ਪੇਸ਼ ਕਰ ਸਕਦੀ ਹੈ।
ਸਰਦ ਰੁੱਤ ਸੈਸ਼ਨ ਤੋਂ ਪਹਿਲਾਂ ਸੰਸਦ ‘ਚ ਸਰਬ ਪਾਰਟੀ ਮੀਟਿੰਗ, ਵਕਫ਼ ਸੋਧ ਤੇ ‘ਵਨ ਨੇਸ਼ਨ ਵਨ ਇਲੈਕਸ਼ਨ’ ਬਿੱਲ ‘ਤੇ ਹੋਵੇਗਾ ਹੰਗਾਮਾ!
ਸੰਸਦ ਦਾ ਸਰਦ ਰੁੱਤ ਇਜਲਾਸ਼ ਸ਼ੁਰੂ ਹੋਣ ਤੋਂ ਪਹਿਲਾਂ ਸਰਕਾਰ ਐਤਵਾਰ ਨੂੰ ਸਾਰੀਆਂ ਪਾਰਟੀਆਂ ਦੀ ਬੈਠਕ ’ਚ ਖਾਸ ਤੌਰ ’ਤੇ ਵਿਰੋਧੀ ਪਾਰਟੀਆਂ ਨੂੰ ਸਰਕਾਰ ਦੇ ਅਗਲੇ ਸੈਸ਼ਨ ਦੇ ਸੰਸਦੀ ਏਜੰਡੇ ਦਾ ਵੇਰਵਾ ਦੇਵੇਗੀ। ਨਾਲ ਹੀ ਸੰਸਦ ’ਚ ਚਰਚਾ ਦੇ ਵੱਖ-ਵੱਖ ਵਿਸ਼ਿਆਂ ਦਾ ਜ਼ਿਕਰ ਕਰੇਗੀ। ਸਰਦ ਰੁੱਤ ਇਜਲਾਸ ’ਚ ਵਨ ਨੇਸ਼ਨ ਵਨ ਇਲੈਕਸ਼ਨ ਬਿੱਲ ਤੇ ਵਕਫ਼ ਸੋਧ ਬਿੱਲ ’ਤੇ ਗਰਮਾਗਰਮੀ ਰਹਿਣ ਦੀ ਪੂਰੀ ਸੰਭਾਵਨਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਲ ਹੀ ਵਿਚ ਕਿਹਾ ਸੀ ਕਿ ਸਰਕਾਰ ਇਕ ਦੇਸ਼ ਇਕ ਚੋਣ ਨੂੰ ਯਕੀਨੀ ਬਣਾਉਣ ਲਈ ਲੋਕ ਸਭਾ ਤੇ ਵਿਧਾਨ ਸਭਾ ਚੋਣਾਂ ਨੂੰ ਇਕੱਠੇ ਕਰਵਾਉਣ ਲਈ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਸੀ ਕਿ ਭਾਰਤ ਹੁਣ ਵਨ ਨੇਸ਼ਨ ਵਨ ਸਿਵਲ ਕੋਡ ਲਈ ਅੱਗੇ ਵੱਧ ਰਿਹਾ ਹੈ, ਜਿਹੜਾ ਪੰਥ ਨਿਰਪੇਖ ਸਿਵਲ ਕੋਡ ਹੈ। ਹਾਲਾਂਕਿ ਕਾਂਗਰਸ ਨੇ ਇਸ ਵਿਚਾਰ ਨੂੰ ਸਿਰੇ ਤੋਂ ਖ਼ਾਰਜ ਕਰਦੇ ਹੋਏ ਕਿਹਾ ਸੀ ਕਿ ਪ੍ਰਧਾਨ ਮੰਤਰੀ ਨੂੰ ਇਸ ਮੁੱਦੇ ’ਤੇ ਸੰਸਦ ’ਚ ਸਾਰਿਆਂ ਨੂੰ ਭਰੋਸੇ ’ਚ ਲੈਣਾ ਪਵੇਗਾ। ਉਥੇ ਹੀ, ਵਕਫ਼ ਸੋਧ ਬਿੱਲ ਵੀ ਇਸੇ ਸੈਸ਼ਨ ’ਚ ਪਾਸ ਕਰਾਉਣ ਦੀ ਕੋਸ਼ਿਸ਼ ਹੋ ਸਕਦੀ ਹੈ, ਜਿਹੜੀ ਹਾਲੇ ਸੰਸਦ ਦੀ ਸਾਂਝੀ ਕਮੇਟੀ ਕੋਲ ਵਿਚਾਰ ਅਧੀਨ ਹੈ। ਇਹ ਕਮੇਟੀ ਇਸ ’ਤੇ ਰਿਪੋਰਟ ਬਣਾਉਣ ਲਈ ਨਿਯਮਤ ਰੂਪ ਨਾਲ ਵੱਖ-ਵੱਖ ਸੂਬਿਆਂ ਨਾਲ ਮੀਟਿੰਗਾਂ ਕਰ ਰਹੀ ਹੈ। ਝਾਰਖੰਡ ਤੇ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਦੇ ਨਤੀਜੇ ਵੀ 23 ਨਵੰਬਰ ਨੂੰ ਆਉਣੇ ਹਨ, ਜਿਸ ’ਤੇ ਸੰਸਦ ’ਚ ਚਰਚਾ ਸੰਭਵ ਹੈ।ਸੰਸਦੀ ਮਾਮਲਿਆਂ ਤੇ ਘੱਟਗਿਣਤੀ ਮਾਮਲਿਆਂ ਦੇ ਮੰਤਰੀ ਕਿਰਨ ਰਿਜਿਜੂ ਨੇ ਐਕਸ ’ਤੇ ਪੋਸਟ ਕਰ ਕੇ ਕਿਹਾ ਕਿ ਸਰਬ ਪਾਰਟੀ ਮੀਟਿੰਗ 24 ਨਵੰਬਰ ਨੂੰ ਸਵੇਰੇ ਸੰਸਦ ਭਵਨ ਦੇ ਐਨੇਕਸੀ ਸਥਿਤ ਮੁੱਖ ਕਮੇਟੀ ਦੇ ਕਮਰੇ ’ਚ ਹੋਵੇਗੀ। ਰਾਸ਼ਟਰਪਤੀ ਨੇ ਭਾਰਤ ਸਰਕਾਰ ਦੀ ਸਿਫਾਰਸ਼ ’ਤੇ ਸੰਸਦੀ ਕੰਮਕਾਜ ਲਈ ਸਾਲ 2024 ਦੇ ਸਰਦ ਰੁੱਤ ਇਜਲਾਸ (25 ਨਵੰਬਰ ਤੋਂ 20 ਦਸੰਬਰ) ਨੂੰ ਸ਼ੁਰੂ ਕਰਨ ਦੀ ਇਜਾਜ਼ਤ ਦਿੱਤੀ ਹੈ। ਉਨ੍ਹਾਂ ਇਹ ਵੀ ਕਿਹਾ ਕਿ 26 ਨਵੰਬਰ ਨੂੰ ਸੰਵਿਧਾਨ ਦਿਵਸ ਦੀ 75ਵੀਂ ਵਰ੍ਹੇਗੰਢ ’ਤੇ ਸੰਵਿਧਾਨ ਸਦਨ ਦੇ ਸੈਂਟਰਲ ਹਾਲ ’ਚ ਇਕ ਸਮਾਗਮ ਕਰਵਾਇਆ ਜਾਵੇਗਾ।