ਨਵੀਂ ਦਿੱਲੀ- Spacex ਦੇ ਫਾਲਕਨ 9 ਰਾਕੇਟ ਦੀ ਮਦਦ ਨਾਲ ਭਾਰਤ ਦੇ ਸਭ ਤੋਂ ਉੱਨਤ ਸੰਚਾਰ ਉਪਗ੍ਰਹਿ ਨੂੰ ਅੱਜ ਸਫਲਤਾਪੂਰਵਕ ਪੁਲਾੜ ਵਿੱਚ ਲਾਂਚ ਕੀਤਾ ਗਿਆ ਹੈ। GSAT-20 (GSAT N-2) ਉਪਗ੍ਰਹਿ ਫਲੋਰੀਡਾ, ਅਮਰੀਕਾ ਦੇ ਕੇਪ ਕੈਨਾਵੇਰਲ ਤੋਂ ਲਾਂਚ ਕੀਤਾ ਗਿਆ ਸੀ।
GSAT N-2 ਸੈਟੇਲਾਈਟ ਦੂਰ-ਦੁਰਾਡੇ ਦੇ ਖੇਤਰਾਂ ਵਿੱਚ ਬਰਾਡਬੈਂਡ ਸੇਵਾਵਾਂ ਪ੍ਰਦਾਨ ਕਰੇਗਾ ਅਤੇ ਯਾਤਰੀ ਜਹਾਜ਼ਾਂ ਨੂੰ ਫਲਾਈਟ ਵਿੱਚ ਇੰਟਰਨੈਟ ਪ੍ਰਦਾਨ ਕਰੇਗਾ। ਸੈਟੇਲਾਈਟ 32 ਉਪਭੋਗਤਾ ਬੀਮਾਂ ਨਾਲ ਲੈਸ ਹੈ, ਜਿਸ ਵਿੱਚ ਉੱਤਰ ਪੂਰਬੀ ਖੇਤਰ ਵਿੱਚ ਅੱਠ ਤੰਗ ਸਪਾਟ ਬੀਮ (Eight narrow spot beams) ਤੇ ਬਾਕੀ ਭਾਰਤ ਵਿੱਚ 24 ਚੌੜੇ ਸਪਾਟ ਬੀਮ ਸ਼ਾਮਲ ਹਨ। ਸਾਰੇ 32 ਬੀਮ ਭਾਰਤ ਵਿੱਚ ਸਥਿਤ ਹੱਬ ਸਟੇਸ਼ਨਾਂ ਤੋਂ ਸਮਰਥਿਤ ਹੋਣਗੇ। ਇਹ ਸੈਟੇਲਾਈਟ ਇਨ-ਫਲਾਈਟ ਇੰਟਰਨੈਟ ਕਨੈਕਟੀਵਿਟੀ ਪ੍ਰਦਾਨ ਕਰਨ ਵਿੱਚ ਵੀ ਮਦਦ ਕਰਨਗੇ।
ਇਸ ਲਾਂਚਿੰਗ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਵੀਡੀਓ ਨੂੰ ਸਪੇਸਐਕਸ ਨੇ X ਪਲੇਟਫਾਰਮ ‘ਤੇ ਪੋਸਟ ਕੀਤਾ ਹੈ।
ਦਰਅਸਲ, ਇਸ ਸੈਟੇਲਾਈਟ ਦਾ ਭਾਰ 4700 ਕਿਲੋਗ੍ਰਾਮ ਹੈ। ਇੰਨੇ ਭਾਰੇ ਸੈਟੇਲਾਈਟ ਨੂੰ ਲਾਂਚ ਕਰਨਾ ਭਾਰਤੀ ਰਾਕੇਟ ਲਈ ਸੰਭਵ ਨਹੀਂ ਸੀ, ਇਸ ਲਈ ਸਪੇਸਐਕਸ ਦੀ ਮਦਦ ਲਈ ਗਈ। ਭਾਰਤ ਦਾ ਆਪਣਾ ਰਾਕੇਟ ‘ਦਿ ਬਾਹੂਬਲੀ’ ਜਾਂ ਲਾਂਚ ਵਹੀਕਲ ਮਾਰਕ-3 ਵੱਧ ਤੋਂ ਵੱਧ 4000 ਤੋਂ 4100 ਕਿਲੋਗ੍ਰਾਮ ਤੱਕ ਵਜ਼ਨ ਲੈ ਕੇ ਪੁਲਾੜ ਦੇ ਆਰਬਿਟ ਵਿੱਚ ਜਾ ਸਕਦਾ ਹੈ।
ਚੀਨੀ ਰਾਕੇਟ ਭਾਰਤ ਲਈ ਅਣਉਚਿਤ ਹਨ ਅਤੇ ਯੂਕਰੇਨ ਵਿੱਚ ਸੰਘਰਸ਼ ਕਾਰਨ ਰੂਸ ਆਪਣੇ ਰਾਕੇਟ ਵਪਾਰਕ ਲਾਂਚ ਲਈ ਪੇਸ਼ ਨਹੀਂ ਕਰ ਸਕਿਆ ਹੈ।