ਲਾਰੈਂਸ ਦਾ ਭਰਾ ਅਨਮੋਲ ਬਿਸ਼ਨੋਈ ਅਮਰੀਕਾ ’ਚ ਗ੍ਰਿਫ਼ਤਾਰ, ਬਾਬਾ ਸਿੱਦੀਕੀ ਕਤਲ ਕਾਂਡ ਦਾ ਹੈ ਮੁਲਜ਼ਮ

ਨਵੀਂ ਦਿੱਲੀ-ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਭਰਾ ਅਨਮੋਲ ਬਿਸ਼ਨੋਈ ਨੂੰ ਅਮਰੀਕਾ ਦੇ ਕੈਲੀਫੋਰਨੀਆ ’ਚ ਗਿ੍ਰਫ਼ਤਾਰ ਕਰ ਲਿਆ ਗਿਆ ਹੈ। ਇਹ ਕਾਰਵਾਈ ਮੁੰਬਈ ਪੁਲਿਸ ਦੀ ਕਰਾਈਮ ਬ੍ਰਾਂਚ ਵਲੋਂ ਵਿਸ਼ੇਸ਼ ਮਕੋਕਾ (ਮਹਾਰਾਸ਼ਟਰ ਕੰਟਰੋਲ ਆਫ ਆਰਗੇਨਾਈਜ਼ਡ ਕਰਾਈਮ ਐਕਟ) ਕੋਰਟ ਨੂੰ ਸੂਚਿਤ ਕੀਤੇ ਜਾਣ ਦੇ ਕੁਝ ਦਿਨਾਂ ਬਾਅਦ ਕੀਤੀ ਗਈ ਹੈ, ਜਿਸ ਵਿਚ ਉਸ ਦੀ ਹਵਾਲਗੀ ਦੀ ਮੰਗ ਕੀਤੀ ਗਈ ਸੀ। ਉਸ ਦੀ ਐੱਨਸੀਪੀ ਦੇ ਆਗੂ ਬਾਬਾ ਸਿੱਦੀਕੀ ਦੀ ਹੱਤਿਆ ’ਚ ਵੀ ਭਾਲ ਹੈ, ਜਿਸਦੀ 12 ਅਕਤੂਬਰ ਨੂੰ ਉਸਦੇ ਬੇਟੇ ਦੇ ਦਫ਼ਤਰ ਦੇ ਨੇੜੇ ਹੀ ਗੋਲ਼ੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਪੁਲਿਸ ਨੇ ਇਸ ਹੱਤਿਆਕਾਂਡ ’ਚ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਸੀ।

ਪੁਲਿਸ ਨੂੰ ਅਨਮੋਲ ਤੇ ਲਾਰੈਂਸ ਦੀ ਬਾਲੀਵੁੱਡ ਅਦਾਕਾਰ ਸਲਮਾਨ ਖ਼ਾਨ ਦੀ ਰਿਹਾਇਸ਼ ਦੇ ਬਾਹਰ ਹੋਈ ਗੋਲ਼ੀਬਾਰੀ ’ਚ ਵੀ ਭਾਲ ਸੀ। ਪੁਲਿਸ ਦੀ ਚਾਰਜਸ਼ੀਟ ’ਚ ਦੋਵਾਂ ਦਾ ਨਾਂ ਸ਼ਾਮਲ ਹੈ। ਪੁਲਿਸ ਨੇ ਉਸਦੀ ਗ੍ਰਿਫ਼ਤਾਰੀ ਲਈ 10 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਸੀ। ਦੱਸਿਆ ਜਾਂਦਾ ਹੈ ਕਿ 2022 ’ਚ ਲਿਵ ਇਨ ਪਾਰਟਨਰ ਸ਼ਰਧਾ ਵਾਕਰ ਦੀ ਹੱਤਿਆ ਕਰਨ ਵਾਲਾ ਆਫਤਾਬ ਪੂਨਾਵਾਲਾ ਵੀ ਬਿਸ਼ਨੋਈ ਗੈਂਗ ਦੀ ਹਿਟ ਲਿਸਟ ’ਚ ਸੀ। ਬਾਬਾ ਸਿੱਦੀਕੀ ਹੱਤਿਆਕਾਂਡ ਦੀ ਜਾਂਚ ਕਰ ਰਹੇ ਮੁੰਬਈ ਪੁਲਿਸ ਦੇ ਅਧਿਕਾਰੀਆਂ ਮੁਤਾਬਕ, ਕਥਿਤ ਮੁੱਖ ਸ਼ੂਟਰ ਸ਼ਿਵ ਕੁਮਾਰ ਗੌਤਮ ਨੇ ਇਹ ਖ਼ੁਲਾਸਾ ਕੀਤਾ ਹੈ।