ਨਵੀਂ ਦਿੱਲੀ- ਗੋਧਰਾ ਕਤਲੇਆਮ ’ਤੇ ਬਣੀ ਫਿਲਮ ‘ਦਿ ਸਾਬਰਮਤੀ ਰਿਪੋਰਟ’ ਆਮ ਦਰਸ਼ਕਾਂ ਦੇ ਨਾਲ ਹੀ ਸਿਆਸੀ ਹਲਕਿਆਂ ਵਿਚ ਵੀ ਸੁਰਖ਼ੀਆਂ ਬਟੋਰ ਰਹੀ ਹੈ। ਇਸ ਦਾ ਮੁੱਖ ਕਾਰਨ ਇਹ ਹੈ ਕਿ ਬੇਹੱਦ ਸੰਵੇਦਨਸ਼ੀਲ ਘਟਨਾ ’ਤੇ ਬਣੀ ਇਸ ਫਿਲਮ ਦੀ ਸ਼ਲਾਘਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤੀ ਸੀ। ਉਨ੍ਹਾਂ ਤੋਂ ਬਾਅਦ ਹੁਣ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਫਿਲਮ ਦੀ ਤਾਰੀਫ਼ ਕੀਤੀ ਹੈ। ਸ਼ਾਹ ਨੇ ਫਿਲਮ ਦੀ ਤਾਰੀਫ਼ ਕਰਦੇ ਹੋਏ ਕਥਿਤ ਈਕੋਸਿਸਟਮ ’ਤੇ ਵੀ ਨਿਸ਼ਾਨਾ ਵਿੰਨ੍ਹਿਆ ਹੈ, ਉਨ੍ਹਾਂ ਨੇ ਐਕਸ ’ਤੇ ਪਾਈ ਪੋਸਟ ਵਿਚ ਕਿਹਾ ਹੈ ਕਿ ‘ਦਿ ਸਾਬਰਮਤੀ ਰਿਪੋਰਟ’ ਨੇ ਅਨੋਖੀ ਹਿੰਮਤ ਦੇ ਨਾਲ ਨਾਲ ਈਕੋਸਿਸਟਮ ਨੂੰ ਨਕਾਰਿਆ ਹੈ। ਹਾਲ ਹੀ ਵਿਚ ਸਿਨੇਮਾ ਘਰਾਂ ਵਿਚ ਰਿਲੀਜ਼ ਹੋਈ ਵਿਕਰਾਂਤ ਮੈਸੀ ਦੀ ਅਦਾਕਾਰੀ ਵਾਲੀ ਫਿਲਮ ਨੂੰ ਦੇਖਣ ਮਗਰੋਂ ਜਿਹੜੇ ਦਰਸ਼ਕ ਦੀ ਐਕਸ ਪੋਸਟ ’ਤੇ ਪ੍ਰਧਾਨ ਮੰਤਰੀ ਮੋਦੀ ਨੇ ਪ੍ਰਤੀਕਿਰਿਆ ਦਿੱਤੀ ਸੀ, ਉਸੇ ਪੋਸਟ ’ਤੇ ਸੋਮਵਾਰ ਨੂੰ ਗ੍ਰਹਿ ਮੰਤਰੀ ਸ਼ਾਹ ਨੇ ਵੀ ਵਿਚਾਰ ਰੱਖੇ ਹਨ। ਆਪਣੇ ਐਕਸ ਹੈਂਡਲ ’ਤੇ ਉਨ੍ਹਾਂ ਨੇ ਲਿਖਿਆ ਕਿ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਇਕ ਸ਼ਕਤੀਸ਼ਾਲੀ ਈਕੋਸਿਸਟਮ ਕਿੰਨੀ ਤਾਕਤ ਨਾਲ ਯਤਨ ਕਰਦਾ ਹੈ ਪਰ ਕਿਸੇ ਸੱਚ ਨੂੰ ਹਮੇਸ਼ਾ ਲਈ ਹਨੇਰੇ ਵਿਚ ਨਹੀਂ ਲੁਕਾਇਆ ਜਾ ਸਕਦਾ।
ਗ੍ਰਹਿ ਮੰਤਰੀ ਨੇ ਅੱਗੇ ਲਿਖਿਆ ਕਿ ਫਿਲਮ ‘ਦਿ ਸਾਬਰਮਤੀ ਰਿਪੋਰਟ’ ਨੇ ਅਨੋਖੀ ਦਲੇਰੀ ਨਾਲ ਇਸ ਈਕੋਸਿਸਮਟ ਨੂੰ ਨਕਾਰਿਆ ਹੈ ਤੇ ਉਸ ਮੰਦਭਾਗੀ ਘਟਨਾ ਦਾ ਸੱਚ ਉਜਾਗਰ ਕਰ ਕੇ ਦਿਨ ਦੀ ਰੌਸ਼ਨੀ ਵਿਚ ਲਿਆਂਦਾ ਹੈ। ਗ੍ਰਹਿ ਮੰਤਰੀ ਦੀ ਇਸ ਪੋਸਟ ਨੂੰ ਇੰਟਰਨੈੱਟ ਮੀਡੀਆ ’ਤੇ ਸਾਂਝਾ ਕਰਦੇ ਹੋਏ ਨਿਰਮਾਤਾ ਏਕਤਾ ਕਪੂਰ ਨੇ ਫਿਲਮ ਨੂੰ ਉਤਸ਼ਾਹ ਦੇਣ ਤੇ ਸ਼ਲਾਘਾ ਕਰਨ ਕੀਤੇ ਜਾਣ ਲਈ ਧੰਨਵਾਦ ਕੀਤਾ ਹੈ। ਦੱਸਣਯੋਗ ਹੈ ਕਿ ਇਹ ਫਿਲਮ 2002 ਦੇ ਗੋਧਰਾ ਕਾਂਡ ’ਤੇ ਬਣਾਈ ਗਈ ਹੈ ਤੇ ਦਾਅਵਾ ਕੀਤਾ ਗਿਆ ਹੈ ਕਿ ਘਟਨਾ ਤੋਂ ਬਾਅਦ ਜਿਨ੍ਹਾਂ ਤੱਥਾਂ ਨੂੰ ਉਸ ਸਮੇਂ ਸਿਆਸੀ ਕਾਰਨਾਂ ਕਰ ਕੇ ਦਬਾਅ ਦਿੱਤਾ ਗਿਆ ਸੀ, ਉਨ੍ਹਾਂ ਨੂੰ ਇਹ ਫਿਲਮ ਉਜਾਗਰ ਕਰ ਰਹੀ ਹੈ।