ਸ਼ਿਮਲਾ ਦੇ ਰਾਮਕ੍ਰਿਸ਼ਨ ਆਸ਼ਰਮ ‘ਚ ਹੰਗਾਮਾ, ਦੋ ਧਿਰਾਂ ‘ਚ ਚੱਲੇ ਇੱਟਾਂ-ਪੱਥਰ; ਵੱਡੀ ਗਿਣਤੀ ‘ਚ ਪੁਲਿਸ ਤਾਇਨਾਤ

ਸ਼ਿਮਲਾ – ਸ਼ਿਮਲਾ ਦੇ ਸਵਾਮੀ ਰਾਮਕ੍ਰਿਸ਼ਨ ਆਸ਼ਰਮ ‘ਚ ਸ਼ਨਿਚਰਵਾਰ ਦੇਰ ਰਾਤ ਦੋ ਗੁੱਟਾਂ ਵਿਚਾਲੇ ਹੋਈ ਲੜਾਈ ‘ਚ 5 ਲੋਕ ਜ਼ਖਮੀ ਹੋ ਗਏ। ਗੁੱਟਾਂ ਨੇ ਇਕ ਦੂਜੇ ‘ਤੇ ਪੱਥਰ ਸੁੱਟੇ। ਆਸ਼ਰਮ ‘ਚ ਪ੍ਰਾਰਥਨਾ ਤੇ ਸਿਮਰਨ ਤੋਂ ਬਾਅਦ ਲੜਾਈ ਸ਼ੁਰੂ ਹੋਈ।

ਸ਼ਰਧਾਲੂਆਂ ਦੇ ਇਕ ਗਰੁੱਪ ਨੇ ਵਿਰੋਧ ਕਰਦੇ ਹੋਏ ਦੋਸ਼ ਲਗਾਇਆ ਕਿ ਉਨ੍ਹਾਂ ਨੂੰ ਆਸ਼ਰਮ ‘ਚ ਦਾਖਲ ਨਹੀਂ ਹੋਣ ਦਿੱਤਾ ਗਿਆ ਜਿਸ ਤੋਂ ਬਾਅਦ ਸਮੂਹ ਹਿੰਸਕ ਹੋ ਗਿਆ ਤੇ ਲੜਾਈ ਸ਼ੁਰੂ ਕਰ ਦਿੱਤੀ। ਮੌਕੇ ‘ਤੇ ਵੱਡੀ ਗਿਣਤੀ ‘ਚ ਪੁਲਿਸ ਬਲ ਤਾਇਨਾਤ ਕੀਤਾ ਗਿਆ ਹੈ।

ਸ਼ਿਮਲਾ ਦੇ ਐਸਪੀ ਸੰਜੀਵ ਕੁਮਾਰ ਗਾਂਧੀ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਅਸ਼ਾਂਤੀ ‘ਤੇ ਚਿੰਤਾ ਪ੍ਰਗਟਾਈ ਹੈ। ਉਨ੍ਹਾਂ ਕਿਹਾ ਕਿ ਅਸੀਂ ਸਬੰਧਤ ਧਾਰਾਵਾਂ ਤਹਿਤ ਐਫਆਈਆਰ ਦਰਜ ਕਰ ਲਈ ਹੈ ਤੇ ਜਾਂਚ ਚੱਲ ਰਹੀ ਹੈ। ਅਸੀਂ ਮਾਮਲੇ ਨੂੰ ਗੰਭੀਰਤਾ ਨਾਲ ਲੈ ਰਹੇ ਹਾਂ। ਕਾਨੂੰਨ ਵਿਵਸਥਾ ਸਾਡੀ ਤਰਜੀਹ ਹੈ।

ਐਸਪੀ ਨੇ ਕਿਹਾ ਕਿ ਸਾਡੀ ਟੀਮ ਸ਼ਾਂਤੀ ਬਣਾਈ ਰੱਖਣ ਤੇ ਜਾਇਦਾਦ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਅੱਧੀ ਰਾਤ ਨੂੰ ਮੌਕੇ ‘ਤੇ ਸੀ। ਅਸੀਂ ਅੱਧੀ ਰਾਤ ਨੂੰ ਮਾਮਲਾ ਸੁਲਝਾ ਲਿਆ ਪਰ ਅਚਾਨਕ ਗਰੁੱਪਾਂ ਨੇ ਪੱਥਰਬਾਜ਼ੀ ਸ਼ੁਰੂ ਕਰ ਦਿੱਤੀ।

ਸਪਾ ਨੇ ਇਹ ਵੀ ਕਿਹਾ ਕਿ ਭਾਜਪਾ ਤੇ ਏਬੀਵੀਪੀ ਦੇ ਸਮਰਥਕ ਲੜਾਈ ‘ਚ ਸ਼ਾਮਲ ਸਨ। ਮਾਮਲੇ ‘ਚ ਦਰਜ ਐਫਆਈਆਰ ‘ਚ ਦੋਵਾਂ ਗਰੁੱਪਾਂ ਦੇ ਨਾਂ ਦੱਸੇ ਗਏ ਹਨ। ਅਧਿਕਾਰੀ ਨੇ ਕਿਹਾ ਕਿ ਜਦੋਂ ਕੁਪ੍ਰਬੰਧਨ ਦੇ ਦੋਸ਼ ਤੇ ਆਸ਼ਰਮ ਦੇ ਸੰਚਾਲਨ ‘ਤੇ ਕਬਜ਼ਾ ਕਰਨ ਦੀਆਂ ਕੋਸ਼ਿਸ਼ਾਂ ਸਾਹਮਣੇ ਆਈਆਂ ਹਨ ਤਾਂ ਮੰਦਰ ਪ੍ਰਸ਼ਾਸਨ ਨੇ ਇਨ੍ਹਾਂ ਦਾਅਵਿਆਂ ਤੋਂ ਇਨਕਾਰ ਕੀਤਾ ਹੈ ਤੇ ਇਸ ਸਮੇਂ ਸੁਪਰੀਮ ਕੋਰਟ ‘ਚ ਵਿਚਾਰ ਅਧੀਨ ਕਾਨੂੰਨੀ ਵਿਵਾਦ ਵੱਲ ਇਸ਼ਾਰਾ ਕੀਤਾ ਹੈ।

ਦੱਸ ਦਈਏ ਕਿ ਸ਼ਿਮਲਾ ਦੇ ਮੰਦਰ ਜਿਸ ਵਿਚ ਰਾਮਕ੍ਰਿਸ਼ਨ ਮਿਸ਼ਨ ਆਸ਼ਰਮ ਸਥਾਪਿਤ ਹੈ, ਦੀ ਜਾਇਦਾਦ ਨੂੰ ਲੈ ਕੇ ਅਦਾਲਤ ‘ਚ ਕੇਸ ਚੱਲ ਰਿਹਾ ਹੈ। ਮੰਦਰ ਦੀ ਜ਼ਮੀਨ ਨੂੰ ਲੈ ਕੇ ਬ੍ਰਹਮੋ ਸਮਾਜ ਤੇ ਰਾਮਕ੍ਰਿਸ਼ਨ ਮਿਸ਼ਨ ਸੰਗਠਨਾਂ ਵਿਚਾਲੇ ਕਈ ਸਾਲਾਂ ਤੋਂ ਅਦਾਲਤ ‘ਚ ਮਾਮਲਾ ਚੱਲ ਰਿਹਾ ਹੈ।