ਮਨੀਪੁਰ ਹਿੰਸਾ ‘ਤੇ ਵੱਡੀ ਮੀਟਿੰਗ, ਮਹਾਰਾਸ਼ਟਰ ‘ਚ ਚੋਣ ਰੈਲੀ ਰੱਦ ਕਰ ਕੇ ਅਮਿਤ ਸ਼ਾਹ ਦਿੱਲੀ ਪਰਤੇ

ਨਵੀਂ ਦਿੱਲੀ- ਮਨੀਪੁਰ ਵਿੱਚ ਹਿੰਸਾ ਅਤੇ ਤਣਾਅ ਦੇ ਮੱਦੇਨਜ਼ਰ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮਹਾਰਾਸ਼ਟਰ ਵਿੱਚ ਆਪਣੀਆਂ ਚੋਣ ਰੈਲੀਆਂ ਰੱਦ ਕਰ ਦਿੱਤੀਆਂ ਅਤੇ ਦਿੱਲੀ ਪਰਤ ਆਏ। ਬਾਅਦ ‘ਚ ਸ਼ਾਹ ਨੇ ਗ੍ਰਹਿ ਮੰਤਰਾਲੇ ਅਤੇ ਸੁਰੱਖਿਆ ਏਜੰਸੀਆਂ ਦੇ ਸੀਨੀਅਰ ਅਧਿਕਾਰੀਆਂ ਨਾਲ ਬੈਠਕ ‘ਚ ਮਨੀਪੁਰ ‘ਚ ਸਥਿਤੀ ਦੀ ਸਮੀਖਿਆ ਕੀਤੀ ਅਤੇ ਤਾਜ਼ਾ ਹਿੰਸਾ ਨੂੰ ਰੋਕਣ ਅਤੇ ਤਣਾਅ ਨੂੰ ਘੱਟ ਕਰਨ ਲਈ ਜ਼ਰੂਰੀ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ। ਦੂਜੇ ਪਾਸੇ ਮਨੀਪੁਰ ਵਿੱਚ ਹਿੰਸਾ ਦੇ ਮੱਦੇਨਜ਼ਰ ਐਨਪੀਪੀ ਨੇ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਤੋਂ ਸਮਰਥਨ ਵਾਪਸ ਲੈ ਲਿਆ ਹੈ।

ਪਿਛਲੇ ਚਾਰ ਦਿਨਾਂ ਵਿੱਚ ਕੇਂਦਰੀ ਗ੍ਰਹਿ ਮੰਤਰਾਲੇ ਨੇ ਮਣੀਪੁਰ ਦੇ ਵੱਖ-ਵੱਖ ਇਲਾਕਿਆਂ ਵਿੱਚ ਅਫਸਪਾ (ਆਰਮਜ਼ ਫੋਰਸਸ ਸਪੈਸ਼ਲ ਪਾਵਰਜ਼ ਐਕਟ) ਲਾਗੂ ਕੀਤਾ ਹੈ ਅਤੇ ਸੁਰੱਖਿਆ ਬਲਾਂ ਨੂੰ ਹਿੰਸਾ ਨੂੰ ਰੋਕਣ ਲਈ ਢੁਕਵੇਂ ਕਦਮ ਚੁੱਕਣ ਦੇ ਨਿਰਦੇਸ਼ ਜਾਰੀ ਕੀਤੇ ਹਨ। ਸ਼ਾਹ ਸੋਮਵਾਰ ਨੂੰ ਮਣੀਪੁਰ ਸਬੰਧੀ ਅਧਿਕਾਰੀਆਂ ਨਾਲ ਮੀਟਿੰਗ ਵੀ ਕਰਨਗੇ। ਧਿਆਨ ਯੋਗ ਹੈ ਕਿ ਅੱਤਵਾਦੀਆਂ ਦੁਆਰਾ ਨਿਰਦੋਸ਼ ਲੋਕਾਂ ਦੀ ਹੱਤਿਆ ਤੋਂ ਬਾਅਦ ਭੜਕੀ ਹੋਈ ਭੀੜ ਨੇ ਸ਼ਨੀਵਾਰ ਰਾਤ ਨੂੰ ਮਣੀਪੁਰ ਦੇ ਇੱਕ ਸੀਨੀਅਰ ਮੰਤਰੀ ਸਮੇਤ ਤਿੰਨ ਭਾਜਪਾ ਵਿਧਾਇਕਾਂ ਅਤੇ ਇੱਕ ਕਾਂਗਰਸੀ ਵਿਧਾਇਕ ਦੇ ਘਰਾਂ ਨੂੰ ਅੱਗ ਲਗਾ ਦਿੱਤੀ ਸੀ।

ਲੋਕਾਂ ਨੇ ਮਨੀਪੁਰ ਦੇ ਮੁੱਖ ਮੰਤਰੀ ਬੀਰੇਨ ਸਿੰਘ ਦੇ ਜੱਦੀ ਘਰ ‘ਤੇ ਵੀ ਹਮਲਾ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਨੂੰ ਸੁਰੱਖਿਆ ਬਲਾਂ ਨੇ ਨਾਕਾਮ ਕਰ ਦਿੱਤਾ। ਪਹਿਲੇ ਦਿਨ ਭੀੜ ਨੇ ਤਿੰਨ ਮੰਤਰੀਆਂ ਸਮੇਤ ਛੇ ਵਿਧਾਇਕਾਂ ਦੇ ਘਰਾਂ ‘ਤੇ ਹਮਲਾ ਕੀਤਾ ਸੀ। ਮਣੀਪੁਰ ਦੇ ਵੱਖ-ਵੱਖ ਇਲਾਕਿਆਂ ‘ਚ ਲਗਾਏ ਗਏ ਕਰਫਿਊ ਦੌਰਾਨ ਹਿੰਸਾ ਦੀਆਂ ਵਧਦੀਆਂ ਘਟਨਾਵਾਂ ਨੇ ਕੇਂਦਰ ਸਰਕਾਰ ਦੀ ਚਿੰਤਾ ਵਧਾ ਦਿੱਤੀ ਹੈ। ਸਥਿਤੀ ਦੀ ਗੰਭੀਰਤਾ ਨੂੰ ਦੇਖਦੇ ਹੋਏ ਅਮਿਤ ਸ਼ਾਹ ਨੇ ਚੋਣ ਰੈਲੀਆਂ ਰੱਦ ਕਰਨ ਅਤੇ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਕਰਨ ਦਾ ਫੈਸਲਾ ਕੀਤਾ ਹੈ।

ਨੈਸ਼ਨਲ ਪੀਪਲਜ਼ ਪਾਰਟੀ (ਐਨਪੀਪੀ) ਨੇ ਐਤਵਾਰ ਨੂੰ ਹਿੰਸਾ ਪ੍ਰਭਾਵਿਤ ਮਨੀਪੁਰ ਵਿੱਚ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਤੋਂ ਸਮਰਥਨ ਵਾਪਸ ਲੈ ਲਿਆ। ਪਾਰਟੀ ਨੇ ਦਾਅਵਾ ਕੀਤਾ ਕਿ ਐਨ ਬੀਰੇਨ ਸਿੰਘ ਸਰਕਾਰ ਸੰਕਟ ਨੂੰ ਸੁਲਝਾਉਣ ਅਤੇ ਸੂਬੇ ਵਿੱਚ ਆਮ ਸਥਿਤੀ ਬਹਾਲ ਕਰਨ ਵਿੱਚ ਪੂਰੀ ਤਰ੍ਹਾਂ ਅਸਫਲ ਰਹੀ ਹੈ। ਮਣੀਪੁਰ ਵਿਧਾਨ ਸਭਾ ਵਿੱਚ ਕੁੱਲ 60 ਸੀਟਾਂ ਹਨ। ਇਨ੍ਹਾਂ ਵਿੱਚ ਐਨਪੀਪੀ ਦੇ ਸੱਤ ਵਿਧਾਇਕ ਹਨ।

ਐਨਪੀਪੀ ਨੇ ਭਾਜਪਾ ਪ੍ਰਧਾਨ ਜੇਪੀ ਨੱਡਾ ਨੂੰ ਪੱਤਰ ਲਿਖ ਕੇ ਕਿਹਾ ਕਿ ਮਣੀਪੁਰ ਵਿੱਚ ਪਿਛਲੇ ਕੁਝ ਦਿਨਾਂ ਵਿੱਚ ਹਾਲਾਤ ਵਿਗੜ ਗਏ ਹਨ। ਕਈ ਬੇਕਸੂਰ ਲੋਕਾਂ ਦੀ ਜਾਨ ਜਾ ਚੁੱਕੀ ਹੈ। ਸੂਬੇ ਦੇ ਲੋਕ ਅਥਾਹ ਪੀੜਾ ਵਿੱਚੋਂ ਗੁਜ਼ਰ ਰਹੇ ਹਨ। ਅਸੀਂ ਮਹਿਸੂਸ ਕਰਦੇ ਹਾਂ ਕਿ ਬੀਰੇਨ ਸਿੰਘ ਸਰਕਾਰ ਸੰਕਟ ਨੂੰ ਹੱਲ ਕਰਨ ਅਤੇ ਆਮ ਸਥਿਤੀ ਨੂੰ ਬਹਾਲ ਕਰਨ ਵਿੱਚ ਪੂਰੀ ਤਰ੍ਹਾਂ ਅਸਫਲ ਰਹੀ ਹੈ। ਮੌਜੂਦਾ ਸਥਿਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਨੈਸ਼ਨਲ ਪੀਪਲਜ਼ ਪਾਰਟੀ ਨੇ ਮਣੀਪੁਰ ਵਿੱਚ ਬੀਰੇਨ ਸਿੰਘ ਸਰਕਾਰ ਤੋਂ ਆਪਣਾ ਸਮਰਥਨ ਤੁਰੰਤ ਪ੍ਰਭਾਵ ਤੋਂ ਵਾਪਸ ਲੈਣ ਦਾ ਫੈਸਲਾ ਕੀਤਾ ਹੈ।