ਪ੍ਰਕਾਸ਼ ਪੁਰਬ ’ਤੇ ਜਾਰੀ ਰਹੀ ਪਰਾਲੀ ਨੂੰ ਅੱਗ, ਪ੍ਰਦੂਸ਼ਣ ਨਾਲ ਫੈਲੇ ਸਮੌਗ ਨਾਲ ਕਈ ਜ਼ਿਲ੍ਹਿਆਂ ’ਚ ਸਿਫਰ ਰਹੀ ਦਿਸਣ ਹੱਦ

 ਪਟਿਆਲਾ- ਇਸ ਨੂੰ ਪੰਜਾਬ ਦੀ ਤ੍ਰਾਸਦੀ ਹੀ ਕਹਾਂਗੇ ਕਿ ‘ਪਵਣੁ ਗੁਰੂ, ਪਾਣੀ ਪਿਤਾ, ਮਾਤਾ ਧਰਤਿ ਮਹਤ’ ਦਾ ਸੰਦੇਸ਼ ਦੇਣ ਵਾਲੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਵੀ ਸੂਬੇ ’ਚ ਪਰਾਲੀ ਸਾੜਨ ਤੋਂ ਗੁਰੇਜ ਨਹੀਂ ਕੀਤਾ ਗਿਆ। ਇਸੇ ਕਾਰਨ ਬੀਤੇ ਛੇ ਦਿਨਾਂ ਤੋਂ ਸਮੌਗ ਦੀ ਲਪੇਟ ’ਚ ਚੱਲ ਰਹੇ ਸੂਬੇ ਦੀ ਸਥਿਤੀ ਹੋਰ ਖ਼ਰਾਬ ਹੋ ਗਈ। ਸ਼ੁੱਕਰਵਾਰ ਸਵੇਰੇ ਸੰਘਣੀ ਸਮੌਗ ਕਾਰਨ ਜ਼ਿਆਦਾਤਰ ਜ਼ਿਲ੍ਹਿਆਂ ’ਚ ਦਿਸਣ ਹੱਦ ਸਿਫਰ ਰਹੀ। ਇਸ ਕਾਰਨ ਹਵਾਈ ਤੇ ਰੇਲ ਆਵਾਜਾਈ ਵੀ ਪ੍ਰਭਾਵਿਤ ਰਹੀ। ਸਮੌਗ ਦਾ ਅਸਰ ਹਵਾ ਦੀ ਗੁਣਵੱਤਾ ’ਤੇ ਵੀ ਦਿਖਿਆ। ਬਠਿੰਡਾ ਦਾ ਵੱਧ ਤੋਂ ਵੱਧ ਏਕਿਆਊ 412 ਰਿਹਾ ਜਿਹੜਾ ਸੂਬੇ ’ਚ ਸਭ ਤੋਂ ਵੱਧ ਸੀ।

ਸ਼ੁੱਕਰਵਾਰ ਨੂੰ ਸੂਬੇ ’ਚ 238 ਥਾਈਂ ਪਰਾਲੀ ਸਾੜੀ ਗਈ ਹੈ। ਇਸ ਦੇ ਨਾਲ ਹੀ ਖੇਤਾਂ ’ਚ ਅੱਗ ਲੱਗਣ ਦੀ ਘਟਨਾਵਾਂ ਦੀ ਗਿਣਤੀ 7864 ਹੋ ਗਈ। ਸ਼ੁਕਰਵਾਰ ਨੂੰ ਮੁੱਖ ਮੰਤਰੀ ਦਾ ਜ਼ਿਲ੍ਹਾ ਸੰਗਰੂਰ 119 ਥਾਵਾਂ ’ਤੇ ਪਰਾਲੀ ਨੂੰ ਅੱਗ ਲਗਾਉਣ ਕਾਰਨ ਸੂਬੇ ’ਚ ਸਭ ਤੋਂ ਅੱਗੇ ਰਿਹਾ। ਮੁਕਤਸਰ ’ਚ 23 ਥਾਈਂ ਪਰਾਲੀ ਨੂੰ ਅੱਗ ਲੱਗੀ। ਜਦਕਿ ਪਟਿਆਲਾ ’ਚ 21, ਮਾਨਸਾ ਤੇ ਬਠਿੰਡਾ ’ਚ ਅੱਗ ਦੀਆਂ 20-20 ਘਟਨਾਵਾਂ ਵਾਪਰੀਆਂ। ਇਸੇ ਤਰ੍ਹਾਂ ਅਮ੍ਰਿਤਸਰ ’ਚ 01, ਬਰਨਾਲਾ 07, ਫਤਿਹਗੜ੍ਹ ਸਾਹਿਬ, ਫਿਰੋਜਪੁਰ ਤੇ ਫ਼ਰੀਦਕੋਟ 1-1, ਫਾਜਿਲਕਾ 15, ਗੁਰਦਾਸਪੁਰ 02, ਲੁਧਿਆਣਾ 4, ਮਾਨਸਾ 20, ਮੁਕਤਸਰ 23, ਪਟਿਆਲਾ 21 ਅਤੇ ਮਲੇਰਕੋਟਲਾ ਵਿਚ ਦੋ ਥਾਈਂ ਪਰਾਲੀ ਸੜੀ ਹੈ।

ਓਧਰ ਪਰਾਲੀ ਸਾੜਨ ਕਾਰਨ ਪੈਦਾ ਹੋ ਰਹੇ ਧੂੰਏ ਤੋਂ ਪੰਜਾਬ ਨੂੰ ਕੋਈ ਰਾਹਤ ਨਹੀਂ ਮਿਲ ਰਹੀ। ਸ਼ੁੱਕਰਵਾਰ ਨੂੰ ਅਮ੍ਰਿਤਸਰ ਦਾ ਐਵਰੇਜ ਏਕਿਊਆਈ 216, ਬਠਿੰਡਾ 183, ਜਲੰਧਰ 213, ਖੰਨਾ 149, ਲੁਧਿਆਣਾ 146, ਰੋਪੜ 184, ਗੋਬਿੰਦਗੜ੍ਹ 207, ਪਟਿਆਲਾ 161 ਤੇ ਰੂਪ ਨਗਰ 191 ਦਰਜ ਕੀਤਾ ਗਿਆ।