ਉੱਤਰ-ਪੱਛਮੀ ਹਵਾਵਾਂ ਕਾਰਨ ਪੰਜਾਬ ’ਚ ਵਧੀ ਠੰਢ, ਚਾਰ ਤੋਂ ਛੇ ਡਿਗਰੀ ਡਿੱਗਿਆ ਦਿਨ ਦਾ ਤਾਪਮਾਨ

ਲੁਧਿਆਣਾ- ਸਮੌਗ ਤੇ ਧੁੰਦ ਦੀ ਮਾਰ ਝੱਲ ਰਹੇ ਪੰਜਾਬ ’ਚ ਹਵਾ ਦੀ ਦਿਸ਼ਾ ਬਦਲਦੇ ਹੀ ਠੰਢ ਨੇ ਦਸਤਕ ਦੇ ਦਿੱਤੀ ਹੈ। ਵੀਰਵਾਰ ਸ਼ਾਮ ਤੋਂ ਹਵਾ ਦੀ ਦਿਸ਼ਾ ਦੱਖਣੀ ਪੂਰਬ ਤੋਂ ਬਦਲ ਕੇ ਉੱਤਰ ਪੱਛਮੀ ਹੋ ਗਈ। ਉੱਤਰ ਪੱਛਮੀ ਹਵਾਵਾਂ ਅਫਗਾਨਿਸਤਾਨ, ਪਾਕਿਸਤਾਨ ਤੋਂ ਹੋ ਕੇ ਆਉਂਦੀਆਂ ਹਨ ਤੇ ਆਪਣੇ ਨਾਲ ਠੰਢੀਆਂ ਹਵਾਵਾਂ ਲਿਆਉਂਦੀਆਂ ਹਨ। ਮੌਸਮ ਵਿਭਾਗ ਮੁਤਾਬਕ ਐਤਵਾਰ ਤੋਂ ਠੰਢ ਹੋਰ ਵਧੇਗੀ। ਸ਼ੁੱਕਰਵਾਰ ਨੂੰ ਪੰਜਾਬ ਦੇ ਕਈ ਜ਼ਿਲ੍ਹਿਆਂ ’ਚ ਦਿਨ ਦਾ ਤਾਪਮਾਨ ਸਾਧਾਰਨ ਤੋਂ ਚਾਰ ਤੋਂ ਛੇ ਡਿਗਰੀ ਸੈਲਸੀਅਸ ਘੱਟ ਦਰਜ ਕੀਤਾ ਗਿਆ ਜਿਹੜਾ ਵੀਰਵਾਰ ਤੱਕ ਲਗਾਤਾਰ ਸਾਧਾਰਨ ਤੋਂ ਜ਼ਿਆਦਾ ਚੱਲ ਰਿਹਾ ਸੀ। ਉੱਥੇ ਧੁੰਦ ਵੀ ਕਾਫ਼ੀ ਰਹੀ। ਅੰਮਿ੍ਰਤਸਰ ’ਚ ਧੁੰਦ ਕਾਰਨ ਦ੍ਰਿਸ਼ਤਾ ਸਿਫਰ ਰਹੀ, ਚੰਡੀਗੜ੍ਹ ’ਚ ਦ੍ਰਿਸ਼ਤਾ 80 ਮੀਟਰ, ਲੁਧਿਆਣਾ ’ਚ ਸੌ ਮੀਟਰ ਤੇ ਪਟਿਆਲਾ ’ਚ 20 ਮੀਟਰ ਦ੍ਰਿਸ਼ਤਾ ਦਰਜ ਕੀਤੀ ਗਈ। ਮੌਸਮ ਕੇਂਦਰ ਚੰਡੀਗੜ੍ਹ ਦੇ ਮੁਤਾਬਕ, ਅੰਮ੍ਰਿਤਸਰ ’ਚ ਵੱਧ ਤੋਂ ਵੱਧ ਤਾਪਮਾਨ 20.9 ਡਿਗਰੀ ਸੈਲਸੀਅਸ ਤੇ ਘੱਟੋ ਘੱਟ ਤਾਪਮਾਨ 15 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਵੱਧ ਤੋਂ ਵੱਧ ਤਾਪਮਾਨ ਸਾਧਾਰਨ ਤੋਂ 6.3 ਡਿਗਰੀ ਘੱਟ ਰਿਹਾ, ਜਦਕਿ ਘੱਟ ਤੋਂ ਘੱਟ ਤਾਪਮਾਨ ਸਾਧਾਰਨ ਤੋ 5.3 ਰਿਹਾ। ਜਿਸਦਾ ਕਾਰਨ ਸਮੌਗ ਰਿਹਾ। ਉੱਥੇ ਲੁਧਿਆਣਾ ’ਚ ਵੱਧ ਤੋਂ ਵੱਧ ਤਾਪਮਾਨ 23.0 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਵੱਧ ਤੋਂ ਵੱਧ ਤਾਪਮਾਨ ਸਾਧਾਰਨ ਤੋਂ 4.6 ਡਿਗਰੀ ਸੈਲਸੀਅਸ ਘੱਟ ਤੇ ਵੱਧ ਤੋਂ ਵੱਧ ਤਾਪਮਾਨ ਸਾਧਾਰਨ ਤੋਂ 3.5 ਡਿਗਰੀ ਜ਼ਿਆਦਾ ਰਿਹਾ। ਉੱਥੇ ਚੰਡੀਗੜ੍ਹ ’ਚ ਘੱਟੋ ਘੱਟ ਤਾਪਮਾਨ 14.8 ਡਿਗਰੀ ਤੇ ਵੱਧ ਤੋਂ ਵੱਧ ਤਾਪਮਾਨ 24 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।