ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮਨਾਉਣ ਲਈ ਪਾਕਿਸਤਾਨ ‘ਚ ਉਮੜਿਆ ਸੰਗਤ ਦਾ ਸੈਲਾਬ, ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਤੋਂ ਸਜਾਇਆ ਨਗਰ ਕੀਰਤਨ

ਅੰਮ੍ਰਿਤਸਰ- ਪਹਿਲੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਂਣ ਲਈ ਜਨਮ ਅਸਥਾਨ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਵਿਖੇ ਦੇਸ਼-ਵਿਦੇਸ਼ਾਂ ਤੋਂ ਸੰਗਤ ਦਾ ਸੈਲਾਬ ਉਮੜ ਆਇਆ। ਬਾਬਾ ਨਾਨਕ ਜੀ ਦੇ ਪ੍ਰਕਾਸ਼ ਪੁਰਬ ਨੂੰ ਮਨਾਉਂਣ ਲਈ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਸਥਾਨਕ ਸੰਗਤ, ਦੇਸ਼-ਵਿਦੇਸ਼ਾਂ ਦੀ ਸੰਗਤ ਅਤੇ ਪਾਕਿਸਤਾਨ ਐਕਿਊ ਬੋਰਡ ਤੇ ਪਾਕਿਸਤਾਨ ਸਰਕਾਰ ਵੱਲੋਂ ਵੱਖਰਾ ਹੀ ਚਾਅ ਦੇਖਣ ਨੂੰ ਮਿਲਦਾ ਹੈ। ਹਰ ਸਾਲ ਬਾਬਾ ਨਾਨਕ ਜੀ ਦਾ ਪ੍ਰਕਾਸ਼ ਪੁਰਬ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਜਨਮ ਸਥਾਨ ਵਿਖੇ ਵੱਡੇ ਪੱਧਰ ’ਤੇ ਮਨਾਇਆ ਜਾਂਦਾ ਹੈ। ਜਿੱਥੇ ਧਾਰਮਿਕ ਦੀਵਾਨ ਸਜਾਏ ਜਾਂਦੇ ਹਨ ਉਥੇ ਹੀ ਦੇਸ਼-ਵਿਦੇਸ਼ਾਂ ਤੋਂ ਆਈਆਂ ਸੰਗਤਾਂ ਵਿਸ਼ੇਸ਼ ਤੌਰ ’ਤੇ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਤੋਂ ਨਿਕਲਣ ਵਾਲੇ ਨਗਰ ਕੀਰਤਨ ਵਿਚ ਸ਼ਾਮਲ ਹੁੰਦੀਆਂ ਹਨ। ਸਥਾਨਕ ਸੰਗਤ ਤੇ ਦੇਸ਼-ਵਿਦੇਸ਼ਾਂ ਦੀ ਸੰਗਤ ਇਸ ਨਗਰ ਕੀਰਤਨ ’ਚ ਭਾਰੀ ਉਤਸਾਹ ਨਾਲ ਹਾਜ਼ਰੀ ਭਰਦੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਨੂੰ ਫੁੱਲਾਂ ਨਾਲ ਸਜਾਇਆ ਜਾਂਦਾ ਹੈ। ਇਸ ਸਾਲ ਪਾਲਕੀ ਸਾਹਿਬ ਦੇ ਉੱਪਰ ਫੁੱਲਾਂ ਨਾਲ 555 ਲਿਖ ਕੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਕੀਤਾ ਗਿਆ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ ’ਚ ਇਹ ਨਗਰ ਕੀਰਤਨ ਵੱਖ-ਵੱਖ ਬਾਜ਼ਾਰਾਂ ਤੋਂ ਹੁੰਦਾ ਹੋਇਆ ਸਮਾਪਤ ਹੋਇਆ। ਗੁਰਦੁਆਰਾ ਸਾਹਿਬ ਵਿਖੇ ਧਾਰਮਿਕ ਦੀਵਾਨ ਸਜਾਏ ਗਏ ਅਤੇ ਬੁਲਾਰਿਆਂ ਨੇ ਸੰਬੋਧਨ ਵੀ ਕੀਤਾ। ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਮੇਸ਼ ਸਿੰਘ ਅਰੋੜਾ ਵੱਲੋਂ ਆਈਆਂ ਹੋਈਆਂ ਸ਼ਖਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ। ਸਰਕਾਰ ਵੱਲੋਂ ਧਾਰਮਿਕ ਮਾਮਲਿਆਂ ਦੇ ਫੈੱਡਰਲ ਮੰਤਰੀ ਚੌਧਰੀ ਸਾਲਿਕ ਹੁਸੈਨ ਨੇ ਜਿੱਥੇ ਸਿੱਖ ਸੰਗਤ ਨੂੰ ਪਾਕਿਸਤਾਨ ਵਿਖੇ ਆਉਂਣ ’ਤੇ ਜੀ ਆਇਆ ਕਿਹਾ ਅਤੇ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ। ਉਨ੍ਹਾਂ ਭਰੋਸਾ ਦਿੱਤਾ ਕਿ ਸੰਗਤ ਦੇ ਰਿਹਾਇਸ਼ ਤੇ ਰਹਿਣ ਦੇ ਪ੍ਰਬੰਧ ਹਮੇਸ਼ਾ ਹੀ ਪੁਖਤਾ ਕਰਨ ਲਈ ਪਾਕਿਸਤਾਨ ਸਰਕਾਰ ਤਤਪਰ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਵੀ ਰਿਹਾਇਸ਼ ਦੇ ਇੰਤਜ਼ਾਮ ਹੋਰ ਵਧਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਗੁਰਦੁਆਰਾ ਭਾਈ ਕਰਮ ਸਿੰਘ ਜੀ ਜੇਹਲਮ, ਮਹਾਰਾਜਾ ਰਣਜੀਤ ਸਿੰਘ ਦੀ ਹਵੇਲੀ ਰਿਹਾਇਸ਼ ਪੇਸ਼ਾਵਰ, ਭਾਈ ਜੋਗਾ ਸਿੰਘ ਦੇ ਅਸਥਾਨ ਦੀ ਸਾਂਭ-ਸੰਭਾਲ ਲਈ ਵਿਸ਼ੇਸ਼ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਦੇਸ਼-ਵਿਦੇਸ਼ ਤੋਂ ਜਥੇ ’ਚ ਆਉਂਣ ਵਾਲੀ ਸੰਗਤ ਦਰਸ਼ਨ ਕਰਨ ਲਈ ਪਹੁੰਚਦੀਆਂ ਹਨ, ਜਿਨ੍ਹਾਂ ਗੁਰਦੁਆਰਿਆਂ ਵਿਚ ਠਹਿਰਾਓ ਕਰਦੀਆਂ ਹਨ, ਉਥੋਂ ਦੇ ਰਿਹਾਇਸ਼ ਅਤੇ ਹੋਰ ਪ੍ਰਬੰਧ ਪੁਖਤਾ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਪਾਕਿਸਤਾਨ ਸਰਕਾਰ ਵੱਲੋਂ ਪ੍ਰਬੰਧਾਂ ਨੂੰ ਸੁਚਾਰੂ ਕਰਨ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ। ਇਸ ਮੌਕੇ ਪ੍ਰਧਾਨ ਰਮੇਸ਼ ਸਿੰਘ ਅਰੋੜਾ ਨੇ ਚੌਧਰੀ ਸਾਲਿਕ ਹੁਸੈਨ, ਐੱਮਪੀਏ ਬੀਬੀ ਸੋਨੀਆ, ਸਲੀਕਾ, ਸਾਈ ਮੀਆਂ ਮੀਰ ਦੇ ਗੱਦੀ ਨਸ਼ੀਨ ਅਲੀ ਰਜ਼ਾ ਕਾਦਰੀ, ਡੀਸੀਓ ਨਨਕਾਣਾ ਸਾਹਿਬ, ਸ਼੍ਰੋਮਣੀ ਕਮੇਟੀ ਜਥੇ ਦੇ ਲੀਡਰ ਗੁਰਨਾਮ ਸਿੰਘ, ਦਿੱਲੀ ਕਮੇਟੀ ਜਥਾ ਲੀਡਰ ਹਰਜੀਤ ਸਿੰਘ, ਉੱਤਰਾਖੰਡ ਤੋਂ ਗੁਰਦਿਆਲ ਸਿੰਘ, ਯੂਕੇ ਤੋਂ ਬਲਵਿੰਦਰ ਸਿੰਘ ਤੇ ਬਲਵੀਰ ਸਿੰਘ, ਬਲਜਿੰਦਰ ਸਿੰਘ, ਜਸਪਾਲ ਸਿੰਘ, ਹਰਿਆਣਾ ਕਮੇਟੀ ਤੋਂ ਸ਼ਰਨਜੀਤ ਸਿੰਘ ਆਦਿ ਨੂੰ ਵੀ ਸਨਮਾਨਿਤ ਕੀਤਾ ਗਿਆ।