ਵਰਕ ਪਰਮਿਟ ‘ਤੇ ਇੰਗਲੈਂਡ ਭੇਜਣ ਦਾ ਝਾਂਸਾ ਦੇ ਕੇ ਠੱਗੇ 20 ਲੱਖ, ਪੜਤਾਲ ਤੋਂ ਬਾਅਦ ਪਤੀ ਪਤਨੀ ਸਮੇਤ 3 ਖ਼ਿਲਾਫ਼ ਕੇਸ ਦਰਜ

ਲੁਧਿਆਣਾ – ਲੁਧਿਆਣਾ ਦੇ ਥਾਣਾ ਡਵੀਜ਼ਨ ਨੰਬਰ 5ਦੀ ਪੁਲਿਸ ਨੇ ਟਰੈਵਲ ਏਜੰਟ ਜੋੜੇ ਸਮੇਤ 3 ਦੇ ਖ਼ਿਲਾਫ਼ ਧੋਖਾਧੜੀ, ਅਪਰਾਧਕ ਸਾਜਿਸ਼ ਅਤੇ ਇਮੀਗ੍ਰੇਸ਼ਨ ਐਕਟ ਦੀਆਂ ਧਾਰਾਵਾਂ ਤਹਿਤ ਮੁਕਦਮਾ ਦਰਜ ਕੀਤਾ ਹੈ। ਪੁਲਿਸ ਨੇ ਇਹ ਮੁਕਦਮਾ ਹਰਿਆਣਾ ਦੇ ਕੈਥਲ ਇਲਾਕੇ ਦੇ ਰਹਿਣ ਵਾਲੇ ਪ੍ਰਦਿਊਮਨ ਦੀ ਸ਼ਿਕਾਇਤ ਤੇ ਦਰਜ ਕੀਤਾ ਹੈ। ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ ਦਿੰਦਿਆਂ ਪ੍ਰਦਿਊਮਨ ਨੇ ਦੱਸਿਆ ਕਿ ਸਾਲ 2024 ਦੀ ਸ਼ੁਰੂਆਤ ਵਿੱਚ ਉਸ ਦੀ ਪਤਨੀ ਕਰਮਜੀਤ ਨੇ ਵਰਕ ਪਰਮਿਟ ਤੇ ਇੰਗਲੈਂਡ ਜਾਣਾ ਸੀ।

ਵਿਦੇਸ਼ ਜਾਣ ਲਈ ਉਨ੍ਹਾਂ ਨੇ ਲੁਧਿਆਣਾ ਦੇ ਘੁਮਾਰ ਮੰਡੀ ਸਥਿਤ ਈਸੀਸੀ ਇਮੀਗ੍ਰੇਸ਼ਨ ਨਾਲ ਸੰਪਰਕ ਕੀਤਾ। ਦਫ਼ਤਰ ਦੇ ਮਾਲਕ ਬੀਰੀ ਚਾਵਲਾ, ਉਸ ਦੀ ਪਤਨੀ ਗੁਰਨੀਤ ਕੌਰ ਅਤੇ ਮੈਨੇਜਰ ਅੰਕੁਸ਼ ਨੇ ਕਰਮਜੀਤ ਕੌਰ ਨੂੰ ਬੜੀ ਆਸਾਨੀ ਨਾਲ ਵਿਦੇਸ਼ ਭੇਜਣ ਦੀ ਗੱਲ ਕਹਿ ਅਤੇ ਵਰਕ ਪਰਮਿਟ ਤੇ ਇੰਗਲੈਂਡ ਭੇਜਣ ਲਈ ਉਨ੍ਹਾਂ ਕੋਲੋਂ 20ਲੱਖ ਰੁਪਏ ਹਾਸਲ ਕਰ ਲਏ। ਕਈ ਮਹੀਨੇ ਬੀਤ ਜਾਣ ਦੇ ਬਾਵਜੂਦ ਮੁਲਜ਼ਮਾਂ ਨੇ ਨਾ ਤਾਂ ਕਰਮਜੀਤ ਕੌਰ ਨੂੰ ਵਿਦੇਸ਼ ਭੇਜਿਆ ਅਤੇ ਨਾ ਹੀ ਉਨ੍ਹਾਂ ਦੇ ਪੈਸੇ ਮੋੜੇ। ਇਸ ਸਬੰਧੀ ਕਰਮਜੀਤ ਕੌਰ ਦੇ ਪਤੀ ਪ੍ਰਦਿਊਮਨ ਦੀ ਸ਼ਿਕਾਇਤ ਤੇ ਤਿੰਨਾਂ ਮੁਲਜ਼ਮਾਂ ਦੇ ਖ਼ਿਲਾਫ਼ ਕੇਸ ਦਰਜ ਕਰ ਕੇ ਮੁਲਜ਼ਮਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।