15 ਨਵੰਬਰ ਤੋਂ ਬਦਲੇਗਾ ਮੌਸਮ, ਇਨ੍ਹਾਂ ਇਲਾਕਿਆਂ ‘ਚ ਮੀਂਹ ਤੇ ਬਰਫ਼ਬਾਰੀ ਦੀ ਸੰਭਾਵਨਾ

ਸ਼ਿਮਲਾ- ਹਿਮਾਚਲ ‘ਚ 15 ਨਵੰਬਰ ਤੋਂ ਮੌਸਮ ਬਦਲ ਸਕਦਾ ਹੈ। ਮੌਸਮ ਵਿਗਿਆਨ ਕੇਂਦਰ ਸ਼ਿਮਲਾ ਅਨੁਸਾਰ ਪੱਛਮੀ ਹਿਮਾਲਿਆ ਵਿੱਚ 14 ਨਵੰਬਰ ਤੋਂ ਪੱਛਮੀ ਗੜਬੜੀ ਸਰਗਰਮ ਹੋ ਸਕਦੀ ਹੈ। ਹਾਲਾਂਕਿ ਇਸ ਦੌਰਾਨ ਜ਼ਿਆਦਾ ਬਾਰਿਸ਼ ਤੇ ਬਰਫ਼ਬਾਰੀ ਦੀ ਕੋਈ ਸੰਭਾਵਨਾ ਨਹੀਂ ਹੈ। ਕਾਂਗੜਾ ਤੇ ਕੁੱਲੂ ‘ਚ ਹਲਕੀ ਬਾਰਿਸ਼, ਲਾਹੌਲ ਸਪਿਤੀ, ਚੰਬਾ ਤੇ ਕੁੱਲੂ ਦੇ ਉਪਰਲੇ ਇਲਾਕਿਆਂ ‘ਚ ਹਲਕੀ ਬਰਫ਼ਬਾਰੀ ਹੋ ਸਕਦੀ ਹੈ।

ਪ੍ਰਦੇਸ਼ ਦੇ ਹੋਰ ਖੇਤਰਾਂ ਵਿੱਚ ਮੀਂਹ ਤੇ ਬਰਫ਼ਬਾਰੀ ਦੀ ਸੰਭਾਵਨਾ ਨਹੀਂ ਹੈ। ਪ੍ਰਦੇਸ਼ ਦੇ ਮੈਦਾਨੀ ਇਲਾਕਿਆਂ ‘ਚ ਸਵੇਰ ਤੋਂ ਕੋਹਰਾ ਪੈਣਾ ਸ਼ੁਰੂ ਹੋ ਗਿਆ ਹੈ। ਊਨਾ ਜ਼ਿਲ੍ਹੇ ਵਿੱਚ 10 ਦਿਨਾਂ ਤੱਕ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ।

ਮੰਡੀ, ਕਾਂਗੜਾ ਤੇ ਹਮੀਰਪੁਰ ਜ਼ਿਲ੍ਹੇ ਸ਼ਿਮਲਾ ਨਾਲੋਂ ਜ਼ਿਆਦਾ ਠੰਢੇ ਹਨ। ਬੁੱਧਵਾਰ ਨੂੰ ਸ਼ਿਮਲੇ ਦਾ ਤਾਪਮਾਨ 10.6, ਮੰਡੀ 9.3 ਤੇ ਕਾਗੜਾ, ਹਮੀਰਪੁਰ ਦਾ 9.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ।

ਮੌਸਮ ਵਿਭਾਗ ਨੇ ਹਮੀਰਪੁਰ, ਮੰਡੀ ਤੇ ਬਿਲਾਸਪੁਰ ਦੇ ਕਈ ਇਲਾਕਿਆਂ ਵਿੱਚ 17 ਨਵੰਬਰ ਤੱਕ ਕੋਹਰੇ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਹੈ। ਕੋਹਰੇ ਕਾਰਨ ਪ੍ਰਦੇਸ਼ ‘ਚ ਸਵੇਰ ਤੇ ਸ਼ਾਮ ਨੂੰ ਠੰਢ ਕਾਫ਼ੀ ਵਧ ਗਈ ਹੈ। ਦੁਪਹਿਰ ਨੂੰ ਧੁੱਪ ਲੋਕਾਂ ਨੂੰ ਪ੍ਰੇਸ਼ਾਨ ਕਰ ਰਹੀ ਹੈ। ਕਰੀਬ ਡੇਢ ਮਹੀਨੇ ਤੋਂ ਮੀਂਹ ਨਾ ਪੈਣ ਕਾਰਨ ਕਿਸਾਨ ਤੇ ਬਾਗਬਾਨ ਪਰੇਸ਼ਾਨ ਹਨ। ਆਉਣ ਵਾਲੇ ਦਿਨਾਂ ‘ਚ ਬਾਰਿਸ਼ ਨਾ ਹੋਈ ਤਾਂ ਕਿਸਾਨਾਂ ਤੇ ਬਾਗਬਾਨਾਂ ਦੀਆਂ ਮੁਸ਼ਕਿਲਾਂ ਵਧ ਸਕਦੀਆਂ ਹਨ।

ਪ੍ਰਦੇਸ਼ ‘ਚ ਸੁੱਕੀ ਠੰਢ ਤੋਂ ਰਾਹਤ ਨਹੀਂ ਮਿਲਣ ਵਾਲੀ ਹੈ। ਮੌਸਮ ਵਿਭਾਗ ਦੀ ਭਵਿੱਖਬਾਣੀ ਅਨੁਸਾਰ ਅਗਲੇ ਚਾਰ ਦਿਨਾਂ ਤੱਕ ਮੰਡੀ, ਬਿਲਾਸਪੁਰ, ਊਨਾ ਤੇ ਕੁਝ ਹੋਰ ਥਾਵਾਂ ‘ਤੇ ਸਵੇਰ ਤੇ ਸ਼ਾਮ ਨੂੰ ਕੋਹਰਾ ਪਿਆ ਰਹੇਗਾ। ਇਸ ਕਾਰਨ ਟਰਾਂਸਪੋਰਟ ਸੇਵਾਵਾਂ ਪ੍ਰਭਾਵਿਤ ਹੋਣਗੀਆਂ। 15 ਤੇ 16 ਨਵੰਬਰ ਨੂੰ ਇੱਕ ਜਾਂ ਦੋ ਉੱਚੇ ਇਲਾਕਿਆਂ ਵਿੱਚ ਬਰਫ਼ਬਾਰੀ ਤੇ ਮੀਂਹ ਪੈਣ ਦੀ ਸੰਭਾਵਨਾ ਹੈ।