ਗੁਰੂਗ੍ਰਾਮ – ਬਦਨਾਮ ਗੈਂਗਸਟਰ ਕੌਸ਼ਲ ਚੌਧਰੀ ਦੀ ਪਤਨੀ ਮਨੀਸ਼ਾ ਆਪਣੇ ਭਰਾ ਸੌਰਭ ਗਾਡੌਲੀ ਨਾਲ ਮਿਲ ਕੇ ਮੁੜ ਕੌਸ਼ਲ ਗੈਂਗ ਦਾ ਨੈੱਟਵਰਕ ਖੜ੍ਹਾ ਕਰ ਰਹੀ ਸੀ। ਸੌਰਭ ਦੀ ਮਦਦ ਨਾਲ ਲੇਡੀ ਡੌਨ ਬਣ ਰਹੀ ਮਨੀਸ਼ਾ ਹੋਟਲ ਸੰਚਾਲਕਾਂ, ਸ਼ਰਾਬ ਤੇ ਸੱਟਾ ਕਾਰੋਬਾਰੀਆਂ ਤੋਂ ਪੈਸੇ ਵਸੂਲਦੀ ਸੀ।
ਗੁਰੂਗ੍ਰਾਮ ਪੁਲਿਸ ਨੇ ਮਨੀਸ਼ਾ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਮੰਗਲਵਾਰ ਸ਼ਾਮ ਗਿਰੋਹ ਨੂੰ ਚਲਾਉਣ ‘ਚ ਹਰ ਤਰ੍ਹਾਂ ਦੀ ਮਦਦ ਕਰਨ ਵਾਲੇ ਉਸ ਦੇ ਪਿਤਾ, ਭੂਆ ਤੇ ਮਹਿਲਾ ਦੋਸਤ ਨੂੰ ਵੀ ਗ੍ਰਿਫਤਾਰ ਕਰ ਲਿਆ।
ਛੇ ਦਿਨ ਦੇ ਰਿਮਾਂਡ ‘ਤੇ ਰਹੀ ਮਨੀਸ਼ਾ ਤੋਂ ਦੂਜੇ ਦਿਨ ਕਈ ਘੰਟੇ ਪੁੱਛਗਿੱਛ ਕੀਤੀ ਗਈ। ਉਸ ਨੂੰ ਸੋਮਵਾਰ ਨੂੰ ਦੇਵੀਲਾਲ ਕਾਲੋਨੀ ਤੋਂ ਬਿਲਾਸਪੁਰ ਇਲਾਕੇ ‘ਚ ਸਥਿਤ ਓਲਡ ਰਾਓ ਹੋਟਲ ਸਮੇਤ ਚਾਰ ਹੋਟਲ ਸੰਚਾਲਕਾਂ ਤੋਂ 2-2 ਕਰੋੜ ਰੁਪਏ ਦੀ ਫਿਰੌਤੀ ਮੰਗਣ ਦੇ ਦੋਸ਼ ‘ਚ ਫੜਿਆ ਗਿਆ ਸੀ। ਮੰਗਲਵਾਰ ਨੂੰ ਪੁੱਛਗਿੱਛ ਦੌਰਾਨ ਉਸ ਨੇ ਗਿਰੋਹ ਦੇ ਨੈੱਟਵਰਕ ਬਾਰੇ ਜਾਣਕਾਰੀ ਦਿੱਤੀ।
ਭਰਾ ਤੋਂ ਇਲਾਵਾ ਪਰਿਵਾਰ ਦੇ ਹੋਰ ਮੈਂਬਰਾਂ ਤੋਂ ਮਦਦ ਮਿਲਣ ਦੀ ਸੂਚਨਾ ਮਿਲਣ ਤੋਂ ਬਾਅਦ ਗੁਰੂਗ੍ਰਾਮ ਪੁਲਿਸ ਦੀ ਟੀਮ ਨੇ ਗਾਡੌਲੀ ਦੇ ਪਿਤਾ 75 ਸਾਲਾ ਸੁਰੇਸ਼, ਭੂਆ ਵਿਦਿਆਵਤੀ ਤੇ ਦੋਸਤ ਮੀਨਾਕਸ਼ੀ ਨੂੰ ਵੀ ਗ੍ਰਿਫਤਾਰ ਕੀਤਾ ਹੈ। ਏਸੀਪੀ ਕ੍ਰਾਈਮ ਵਰੁਣ ਦਹੀਆ ਨੇ ਦੱਸਿਆ ਕਿ ਉਨ੍ਹਾਂ ਨੂੰ ਬੁੱਧਵਾਰ ਨੂੰ ਅਦਾਲਤ ‘ਚ ਪੇਸ਼ ਕਰਕੇ ਰਿਮਾਂਡ ਲਿਆ ਜਾਵੇਗਾ।
ਬਦਨਾਮ ਗੈਂਗਸਟਰ ਕੌਸ਼ਲ ਚੌਧਰੀ ਨੂੰ 2019 ‘ਚ ਗ੍ਰਿਫ਼ਤਾਰ ਕੀਤਾ ਗਿਆ ਸੀ। ਮਨੀਸ਼ਾ ਕੌਸ਼ਲ ਦੀ ਦੂਜੀ ਪਤਨੀ ਹੈ। ਪਹਿਲੀ ਵਾਰ ਉਸ ਦਾ ਨਾਮ 2019 ‘ਚ ਬਾਦਸ਼ਾਹਪੁਰ ‘ਚ ਸੱਟੇਬਾਜ਼ ਵਿਜੇ ਦੇ ਕਤਲ ‘ਚ ਆਇਆ ਸੀ। ਉਸ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਉਹ ਕਾਫੀ ਦੇਰ ਤਕ ਰੂਪੋਸ਼ ਰਹੀ। ਕਈ ਵਾਰ ਮਨੀਸ਼ਾ ਕੌਸ਼ਲ ਨੂੰ ਜੇਲ੍ਹ ‘ਚ ਮਿਲੀ ਸੀ। ਉਸ ਤੋਂ ਬਾਅਦ ਇਸ ਗਿਰੋਹ ਵੱਲੋਂ ਹੋਰ ਵੀ ਕਈ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ।
ਕੌਸ਼ਲ ਦਾ ਨੈੱਟਵਰਕ ਗੁਰੂਗ੍ਰਾਮ, ਦੱਖਣੀ ਹਰਿਆਣਾ, ਰਾਜਸਥਾਨ ਤੇ ਪੰਜਾਬ ‘ਚ ਵੀ ਫੈਲਿਆ ਹੋਇਆ ਸੀ। ਉਸ ਨੇ ਪੰਜਾਬ ਦੇ ਹੁਸ਼ਿਆਰਪੁਰ ਦੇ ਇਕ ਵਪਾਰੀ ਤੋਂ ਫਿਰੌਤੀ ਦੀ ਮੰਗ ਕੀਤੀ ਸੀ। ਉਸ ਕੇਸ ‘ਚ ਵੀ ਪੰਜਾਬ ਪੁਲਿਸ ਨੇ ਉਸ ਨੂੰ ਫੜ ਕੇ ਜੇਲ੍ਹ ਭੇਜ ਦਿੱਤਾ ਸੀ। ਅਕਤੂਬਰ 2023 ‘ਚ ਖੰਡਸਾ ਮੰਡੀ ‘ਚ ਕਾਰੋਬਾਰੀਆਂ ਤੋਂ ਫਿਰੌਤੀ ਦੀ ਮੰਗ ਕਰਦੇ ਹੋਏ ਉਸਦਾ ਨਾਂ ਸਾਹਮਣੇ ਆਇਆ ਸੀ।
ਗੁਰੂਗ੍ਰਾਮ ਪੁਲਿਸ ਨੇ ਉਸ ਨੂੰ ਫੜਿਆ ਸੀ। ਉਹ ਫਰਵਰੀ 2023 ‘ਚ ਜ਼ਮਾਨਤ ‘ਤੇ ਜੇਲ੍ਹ ਤੋਂ ਬਾਹਰ ਆਈ ਸੀ। ਇਸ ਤੋਂ ਬਾਅਦ ਪੁਲਿਸ ਨੇ ਉਸ ਨੂੰ ਕਈ ਦਿਨਾਂ ਤਕ ਨਿਗਰਾਨੀ ਹੇਠ ਰੱਖਿਆ। ਨਿਗਰਾਨੀ ਹਟਾਉਂਦੇ ਹੀ ਉਸ ਨੇ ਫਿਰ ਤੋਂ ਗਰੋਹ ਦੀ ਸਰਗਰਮੀ ਵਧਾ ਦਿੱਤੀ। ਹੋਟਲ ਸੰਚਾਲਕਾਂ, ਸ਼ਰਾਬ ਤੇ ਸੱਟਾ ਕਾਰੋਬਾਰੀਆਂ ਤੋਂ ਫਿਰੌਤੀ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ। ਸੂਤਰਾਂ ਮੁਤਾਬਕ ਸ਼ਰਾਬ ਤੇ ਸੱਟਾ ਕਾਰੋਬਾਰੀਆਂ ਨੇ ਉਸ ਨੂੰ ਕਈ ਵਾਰ ਪੈਸੇ ਵੀ ਦਿੱਤੇ।
ਮਾਨੇਸਰ ਕ੍ਰਾਈਮ ਬ੍ਰਾਂਚ ਨੇ ਮਨੀਸ਼ਾ ਦੀ ਗ੍ਰਿਫਤਾਰੀ ਦੌਰਾਨ ਉਸ ਕੋਲੋਂ ਦੋ ਮੋਬਾਈਲ ਫੋਨ ਬਰਾਮਦ ਕੀਤੇ ਸਨ। ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਉਹ ਜੰਗੀ ਐਪ ਰਾਹੀਂ ਗੈਂਗ ਦੇ ਕਾਰਕੁਨਾਂ ਨਾਲ ਗੱਲਬਾਤ ਕਰਦੀ ਸੀ। ਇਹ ਟੈਲੀਗ੍ਰਾਮ ਵਰਗਾ ਇਕ ਹੋਰ ਮੈਸੇਂਜਰ ਐਪ ਹੈ। ਹਾਲਾਂਕਿ ਇਸ ਐਪ ਬਾਰੇ ਕੋਈ ਜ਼ਿਆਦਾ ਨਹੀਂ ਜਾਣਦਾ ਹੈ।
ਐਪ ਨਾਲ ਗੱਲ ਕਰਨ ਲਈ ਸਿਰਫ ਮੋਬਾਈਲ ਨੰਬਰ ਦਰਜ ਕਰ ਕੇ ਰਜਿਸਟਰ ਕਰਨਾ ਜ਼ਰੂਰੀ ਹੈ। ਇੱਥੇ ਕਿਸੇ ਤਸਦੀਕ ਦੀ ਲੋੜ ਨਹੀਂ ਤੇ ਪਛਾਣ ਲੁਕਾਈ ਜਾ ਸਕਦੀ ਹੈ। ਸਾਈਬਰ ਪੁਲਿਸ ਬਰਾਮਦ ਕੀਤੇ ਗਏ ਦੋਵੇਂ ਮੋਬਾਈਲਾਂ ਦੀ ਜਾਂਚ ਕਰੇਗੀ।