ਪੰਜਾਬ ਯੂਨੀਵਰਸਿਟੀ ‘ਚ ਸੈਨੇਟ ਚੋਣਾਂ ਦੀ ਮੰਗ ਨੂੰ ਲੈ ਕੇ ਵਿਦਿਆਰਥੀਆਂ ਦਾ ਅੰਦੋਲਨ ਭਖਿਆ, ਲਾਠੀਚਾਰਜ ‘ਚ ਕਈ ਜ਼ਖ਼ਮੀ

ਚੰਡੀਗੜ੍ਹ-ਪੰਜਾਬ ਯੂਨੀਵਰਸਿਟੀ (Punjab University) ‘ਚ ਪਿਛਲੇ 24 ਦਿਨਾਂ ਤੋਂ ਸੈਨੇਟ ਚੋਣਾਂ ਦੀ ਮੰਗ ਕਰ ਰਹੇ ਵਿਦਿਆਰਥੀਆਂ ਦਾ ਅੰਦੋਲਨ ਉਸ ਵੇਲੇ ਗਰਮਾ ਗਿਆ ਜਦੋਂ ਉਨ੍ਹਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਫੇਰੀ ਦੌਰਾਨ ਮਿਲਣ ਤੋਂ ਰੋਕ ਦਿੱਤਾ ਗਿਆ।

ਦਰਅਸਲ, ਵਿਦਿਆਰਥੀਆਂ ਨੇ ਮੁੱਖ ਮੰਤਰੀ ਨੂੰ ਆਪਣੀਆਂ ਮੰਗਾਂ ਤੇ ਯੂਨੀਵਰਸਿਟੀ ‘ਚ ਸੈਨੇਟ ਚੋਣਾਂ ਦੀ ਲੋੜ ਤੋਂ ਜਾਣੂ ਕਰਵਾਉਣ ਦੀ ਯੋਜਨਾ ਬਣਾਈ ਸੀ ਪਰ ਜਦੋਂ ਉਨ੍ਹਾਂ ਨੇ ਇਸ ਕੋਸ਼ਿਸ਼ ਵਿੱਚ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਤਾਂ ਸੁਰੱਖਿਆ ਬਲਾਂ ਨੇ ਉਨ੍ਹਾਂ ’ਤੇ ਲਾਠੀਚਾਰਜ ਕਰ ਦਿੱਤਾ। ਇਸ ਦੌਰਾਨ ਕਈ ਵਿਦਿਆਰਥੀਆਂ ਦੇ ਸੱਟਾਂ ਵੀ ਲੱਗੀਆਂ ਅਤੇ ਯੂਨੀਵਰਸਿਟੀ ਵਿੱਚ ਤਣਾਅ ਦਾ ਮਾਹੌਲ ਬਣ ਗਿਆ।

ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀ ਲੰਬੇ ਸਮੇਂ ਤੋਂ ਸੈਨੇਟ ਚੋਣਾਂ ਦੀ ਮੰਗ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਸੈਨੇਟ ਦਾ ਕਾਰਜਕਾਲ ਖਤਮ ਹੋ ਗਿਆ ਹੈ ਅਤੇ ਚੋਣਾਂ ਨਾ ਹੋਣ ਕਾਰਨ ਵਿਦਿਆਰਥੀ ਵਰਗ ਦੀ ਆਵਾਜ਼ ਅਤੇ ਨੁਮਾਇੰਦਗੀ ਘਟੀ ਹੈ।

ਵਿਦਿਆਰਥੀਆਂ ਨੇ ਇਹ ਵੀ ਦੋਸ਼ ਲਾਇਆ ਹੈ ਕਿ ਯੂਨੀਵਰਸਿਟੀ ਪ੍ਰਸ਼ਾਸਨ ਤੇ ਸਰਕਾਰ ਜਾਣਬੁੱਝ ਕੇ ਚੋਣਾਂ ‘ਚ ਦੇਰੀ ਕਰ ਰਹੀ ਹੈ ਤਾਂ ਜੋ ਮਨਮਾਨੀ ਕਰ ਸਕਣ ਤੇ ਵਿਦਿਆਰਥੀਆਂ ਦੀ ਆਵਾਜ਼ ਨੂੰ ਅਣਗੌਲਿਆ ਕੀਤਾ ਜਾ ਸਕੇ। ਪੰਜਾਬ ਯੂਨੀਵਰਸਿਟੀ ਦੇ ਕੈਂਪਸ ‘ਚ ਪਿਛਲੇ 24 ਦਿਨਾਂ ਤੋਂ ਵਿਦਿਆਰਥੀ ਹੜਤਾਲ ’ਤੇ ਬੈਠੇ ਹਨ ਪਰ ਅੱਜ ਤਕ ਉਨ੍ਹਾਂ ਦੀਆਂ ਮੰਗਾਂ ਨੂੰ ਲੈ ਕੇ ਕੋਈ ਠੋਸ ਹੁੰਗਾਰਾ ਨਹੀਂ ਮਿਲਿਆ ਹੈ।