ਚੰਡੀਗੜ੍ਹ- ਕੇਂਦਰ ਅਤੇ ਪੰਜਾਬ ਸਰਕਾਰ ਦਰਮਿਆਨ ਕੌਮੀ ਸਿਹਤ ਮਿਸ਼ਨ ਦੇ ਫੰਡਾਂ ਨੂੰ ਲੈ ਕੇ ਚੱਲ ਰਿਹਾ ਰੇੜਕਾ ਖ਼ਤਮ ਹੋਵੇਗਾ। ਆਖ਼ਰ ਪੰਜਾਬ ਸਰਕਾਰ ਸੂਬੇ ਦੇ ਕਰੀਬ 400 ਆਮ ਆਦਮੀ ਕਲੀਨਿਕਾਂ ਦਾ ਨਾਮ ਬਦਲਣ ਲਈ ਤਿਆਰ ਹੋ ਗਈ ਹੈ।ਸਿਹਤ ਮੰਤਰੀ ਡਾ ਬਲਵੀਰ ਸਿੰਘ ਨੇ ਆਮ ਆਦਮੀ ਕਲੀਨਿਕਾਂ ਦਾ ਨਾਮ ਬਦਲਣ ਲਈ ਸਹਿਮਤੀ ਦੇਣ ਦੀ ਪੁਸ਼ਟੀ ਕਰਦਿਆਂ ਕਿਹਾ ਕਿਹਾ ਕਿ ਸੂਬਾ ਸਰਕਾਰ ਦਾ ਉਦੇਸ਼ ਮਰੀਜ਼ਾਂ ਦੀ ਬਿਹਤਰ ਸੰਭਾਲ ਕਰਨਾ ਹੈ। ਉਨ੍ਹਾਂ ਨੇ ਕਿਹਾ ਕਿ ਨਾਮ ਵਿਚ ਕੁੱਝ ਨਹੀਂ ਰੱਖਿਆ।
ਇੱਥੇ ਦੱਸਿਆ ਜਾਂਦਾ ਹੈ ਕਿ ਸੂਬਾ ਸਰਕਾਰ ਨੇ ਦਿੱਲੀ ਸਰਕਾਰ ਦੀ ਮੁਹੱਲਾ ਕਲੀਨਿਕ ਦੀ ਤਰਜ਼ ’ਤੇ ਸੂਬੇ ਵਿਚ ਵੱਡੀ ਗਿਣਤੀ ਵਿਚ ਆਮ ਆਦਮੀ ਕਲੀਨਿਕ ਖੋਲ੍ਹੇ ਹਨ। ਹਾਲਾਂਕਿ ਸਿਆਸੀ ਪਾਰਟੀਆਂ ਪਹਿਲਾਂ ਹੀ ਮੁਢਲੀ ਸਿਹਤ ਕੇਂਦਰਾਂ ਨੂੰ ਬੰਦ ਕਰਨ ’ਤੇ ਸੂਬਾ ਸਰਕਾਰ ਖਾਸਕਰਕੇ ਆਪ ਲੀਡਰਸ਼ਿਪ ਦੀ ਆਲੋਚਨਾ ਕਰ ਰਹੇ ਸਨ, ਪਰ ਕੇਂਦਰ ਸਰਕਾਰ ਨੇ ਕੌਮੀ ਸਿਹਤ ਮਿਸ਼ਨ ਤਹਿਤ ਦਿੱਤੇ ਜਾਂਦੇ ਫੰਡ ਤਹਿਤ ਆਮ ਆਦਮੀ ਕਲੀਨਿਕ ਖੋਲ੍ਹਣ ਤੇ ਸਰਕਾਰ ਨੂੰ ਨਾਮ ਬਦਲਣ ਦੀ ਗੱਲ ਕਹੀ ਸੀ।
ਸੂਬਾ ਸਰਕਾਰ ਨੇ ਇਸ ਪਾਸੇ ਧਿਆਨ ਨਾ ਦਿੱਤਾ ਤਾਂ ਕੇਂਦਰ ਸਰਕਾਰ ਨੇ ਕੌਮੀ ਸਿਹਤ ਮਿਸ਼ਨ ਤਹਿਤ ਫੰਡ ਰੋਕ ਲਿਆ। ਕਰੀਬ 650 ਕਰੋੜ ਰੁਪਏ ਦੇ ਫੰਡ ਨਾ ਦੇਣ ਕਾਰਨ ਸਿਹਤ ਵਿਭਾਗ ਦੀ ਗੱਡੀ ਪਟੜੀ ਤੋਂ ਉਤਰਨ ਲੱਗ ਗਈ। ਹੁਣ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਕਲੀਨਿਕ ਦਾ ਨਾਮ ਬਦਲਣ ਲਈ ਰਾਜ਼ੀ ਹੋ ਗਈ ਹੈ।
ਵਰਨਣਯੋਗ ਹੈ ਕਿ ਆਪ ਸਰਕਾਰ ਬਣਨ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਮੁੱਢਲੇ ਸਿਹਤ ਕੇਂਦਰਾਂ ਅਤੇ ਡਿਸਪੈਂਸਰੀਆਂ ਨੂੰ ਆਮ ਆਦਮੀ ਕਲੀਨਿਕਾਂ ਵਿਚ ਤਬਦੀਲ ਕਰ ਦਿੱਤਾ ਸੀ। ਆਮ ਆਦਮੀ ਕਲੀਨਿਕ ਵਿਚ ਸਿਰਫ਼ ਮੁੱਖ ਮੰਤਰੀ ਭਗਵੰਤ ਮਾਨ ਦੀ ਫੋਟੋ ਲੱਗੀ ਹੋਈ ਸੀ। ਜਦੋਂ ਕਿ ਕੌਮੀ ਸਿਹਤ ਮਿਸ਼ਨ ਤਹਿਤ ਕੇਂਦਰ ਸਰਕਾਰ ਵਲੋਂ ਫੰਡ ਦਿੱਤਾ ਜਾਂਦਾ। ਕੇਂਦਰੀ ਸਿਹਤ ਮੰਤਰਾਲੇ ਨੇ ਇਤਰਾਜ਼ ਉਠਾਉਂਦਿਆਂ ਕਲੀਨਿਕ ਤੋਂ ਆਮ ਆਦਮੀ ਦਾ ਨਾਮ ਹਟਾਉਣ ਲਈ ਕਿਹਾ ਸੀ।ਕੇਂਦਰ ਸਰਕਾਰ ਕਲੀਨਿਕ ਦੇ ਨਾਮ ਤੋਂ ਬਿਨਾਂ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਪ੍ਰਧਾਨ ਮੰਤਰੀ ਦੀ ਫੋਟੋ ਲਗਾਉਣ ਦੇ ਨਿਰਦੇਸ਼ ਦੇ ਰਹੀ ਸੀ।
ਸੂਬੇ ਵਿੱਚ 872 ਆਮ ਆਦਮੀ ਕਲੀਨਿਕ ਚੱਲ ਰਹੇ ਹਨ। ਪੰਜਾਬ ਸਰਕਾਰ ਦਾ ਦਾਅਵਾ ਹੈ ਕਿ ਹੁਣ ਤੱਕ 2.15 ਕਰੋੜ ਲੋਕ ਆਮ ਆਦਮੀ ਕਲੀਨਿਕ ਤੋਂ ਇਲਾਜ ਕਰਵਾ ਚੁੱਕੇ ਹਨ। ਸਰਕਾਰ ਵੱਲੋਂ ਕਲੀਨਿਕਾਂ ਵਿਚ 38 ਤਰ੍ਹਾਂ ਦੇ ਟੈਸਟ ਅਤੇ 80 ਤਰ੍ਹਾਂ ਦੀਆਂ ਦਵਾਈਆਂ ਮੁਫ਼ਤ ਦੇਣ ਦੇ ਦਾਅਵੇ ਕੀਤੇ ਜਾ ਰਹੇ ਹਨ।
ਪਤਾ ਲੱਗਿਆ ਹੈ ਕਿ ਹੁਣ ਸਿਹਤ ਵਿਭਾਗ ਨੇ ਕੇਂਦਰੀ ਸਿਹਤ ਮੰਤਰਾਲੇ ਨਾਲ ਸਹਿਮਤ ਹੁੰਦੇ ਹੋਏ ਉਨ੍ਹਾਂ ਆਮ ਆਦਮੀ ਕਲੀਨਿਕਾਂ ਦੇ ਨਾਮ ਬਦਲਣ ਦੀ ਹਾਮੀ ਭਰੀ ਹੈ, ਜਿਨ੍ਹਾਂ ’ਤੇ ਨੈਸ਼ਨਲ ਹੈਲਥ ਮਿਸ਼ਨ ਤਹਿਤ ਫੰਡਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇਹਨਾਂ ਕੇਂਦਰਾਂ ਦੀ ਗਿਣਤੀ 400 ਦੇ ਕਰੀਬ ਦੱਸੀ ਜਾਂਦੀ ਹੈ। ਹੁਣ ਜੇਕਰ ਸੂਬਾ ਸਰਕਾਰ ਇਹਨਾਂ ਕਲੀਨਿਕਾਂ ’ਤੇ ਮੁੱਖ ਮੰਤਰੀ ਦੀ ਫੋਟੋ ਲਾਈ ਜਾਵੇਗੀ ਤਾਂ ਪ੍ਰਧਾਨ ਮੰਤਰੀ ਦੀ ਵੀ ਫੋਟੋ ਲਾਉਣੀ ਪਵੇਗੀ। ਜੇਕਰ ਪ੍ਰਧਾਨ ਮੰਤਰੀ ਦੀ ਫੋਟੋ ਨਹੀਂ ਲਾਉਣੀ ਤਾਂ ਮੁੱਖ ਮੰਤਰੀ ਦੀ ਫੋਟੋ ਵੀ ਨਹੀਂ ਲੱਗੇਗੀ। ਸਿਹਤ ਮੰਤਰੀ ਡਾ ਬਲਬੀਰ ਸਿੰਘ ਨੇ ਆਮ ਆਦਮੀ ਕਲੀਨਿਕਾਂ ਦੇ ਨਾਮ ਬਦਲਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਇਹ ਕਲੀਨਿਕਾਂ ਚਲਾਉਣ ਲਈ ਦੋਵੇਂ ਸਰਕਾਰਾਂ ਦਾ 60-40 ਦੇ ਅਨੁਪਾਤ ਮੁਤਾਬਿਕ ਸ਼ੇਅਰ ਹੈ। ਉਹਨਾਂ ਕਿਹਾ ਕਿ ਸਰਕਾਰ ਨੇ ਕੇਂਦਰ ਸਰਕਾਰ ਨਾਲ ਮਿਲਕੇ ਚੱਲਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ’ਤੇ ਕਰੀਬ 3.53 ਲੱਖ ਕਰੋੜ ਰੁਪਏ ਦਾ ਕਰਜ਼ਾ ਹੈ। ਸਰਕਾਰ ਦਾ ਉਦੇਸ਼ ਸਿਹਤ ਸਹੂਲਤਾਂ ਵਿਚ ਸੁਧਾਰ ਕਰਨਾ ਹੈ।