ਅੰਮ੍ਰਿਤਸਰ-ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ 555ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਤ ਕਰਵਾਏ ਜਾ ਰਹੇ ਬੁਲੰਦਪੁਰ ਜਲੰਧਰ ਵਿਖੇ ਇੰਟਰਫੇਥ ਕੌਂਸਲ ਵਿੱਚ ਸ਼ਮੂਲੀਅਤ ਕਰਨ ਪਹੁੰਚੇ ਵੱਖ ਵੱਖ ਧਰਮਾਂ ਦੇ ਆਗੂ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ। ਇਸ ਮੌਕੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਸਮੇਤ ਲਿੰਗ ਰਿਮ ਪੋਚੇ ਬੋਧੀ ਧਰਮ ਗੁਰੂ (ਧਰਮਸ਼ਾਲਾ), ਉਮੇਰ ਅਹਿਮਦ ਇਲਾਯਸੀ ਚੀਫ ਇਮਾਮ ਆਫ਼ ਇੰਡੀਆ, ਸਵਾਮੀ ਚਿਤਾਨੰਦ ਸਰਸਵਤੀ ਜੀ ਪਰਮਾਰਥ ਨਿਕੇਤਨ ਰਿਸ਼ੀਕੇਸ਼, ਅਚਾਰੀਆ ਲੋਕੇਸ਼ ਮੁੰਨੀ ਜੈਨ ਜੈਨ ਮੁਖੀ, ਯੋਕੋਵ ਨੈਗਿਨ ਯਹੂਦੀ ਆਗੂ ਇਜ਼ਰਾਇਲ, ਡਾਕਟਰ ਹਰਮਨ ਨੋਬਰਟ ਇਸਾਈ ਆਗੂ ਆਦਿ ਹਾਜ਼ਰ ਸਨ। ਇਸ ਇਤਿਹਾਸਕ ਮੌਕੇ ਇਨ੍ਹਾਂ ਵੱਲੋਂ ਸਾਂਝੀਵਾਲਤਾ ਦਾ ਸੁਨੇਹਾ ਸੰਸਾਰ ਤੱਕ ਪਹੁੰਚਾਉਣ ਲਈ ਕਿਹਾ। ਇਸ ਮੌਕੇ ਆਏ ਹੋਏ ਵੱਖ ਵੱਖ ਧਰਮਾਂ ਦੇ ਆਗੂਆਂ ਵੱਲੋਂ ਇਹ ਸੰਦੇਸ਼ਾਂ ਦਿੱਤਾ ਗਿਆ ਕਿ ਧਰਮ ਜੋੜਨਾ ਸਿਖਾਉਂਦਾ ਹੈ ਧਰਮ ਤੋੜਨਾ ਨਹੀਂ ਸਿਖਾਉਂਦਾ।
ਸਾਰੇ ਸੰਤਾਂ ਮਹਾਂਪੁਰਸ਼ਾਂ ਦਾ ਇੱਕੋ ਕਹਿਣਾ ਸੀ ਕਿ ਯੁੱਧ ਨਹੀਂ ਬੁੱਧ ਚਾਹੀਦਾ। ਇਸ ਮੌਕੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦੇ ਕਿਹਾ ਕਿ ਬੁਲੰਦਪੁਰ ਜਲੰਧਰ ਵਿਖੇ ਇੱਕ ਇੰਟਰਫੇਥ ਕੌਂਸਲ ਵਿੱਚ ਸਾਰੇ ਧਰਮਾਂ ਦੇ ਪ੍ਰਤੀਨਿਧੀ ਸ਼ਮੂਲੀਅਤ ਕਰਨ ਲਈ ਧਰਮ ਆਗੂ ਬੁਲਾਏ ਗਏ ਹਨ।
ਇਹਨਾਂ ਨੂੰ ਅਸੀਂ ਬੇਨਤੀ ਕੀਤੀ ਹੈ ਕਿ ਤੁਸੀਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਜਰੂਰ ਕਰੋ ਕਿਉਂਕਿ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ ਇਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਭਨਾਂ ਦਾ ਸਾਂਝਾ ਸਥਾਨ ਹੈ ਅਤੇ ਇੱਥੋਂ ਮਾਨਵਤਾ ਦਾ ਉਪਦੇਸ਼ ਦਿੱਤਾ ਜਾਂਦਾ ਹੈ। ਅਸੀਂ ਅਮਨ ਦੇ ਪੁਜਾਰੀ ਹਾਂ ਅਸੀਂ ਸ਼ਾਂਤੀ ਦੇ ਪੁਜਾਰੀ ਹਾਂ ਮੰਦਰਾਂ ਜਾਂ ਮਸਜਿਦਾਂ ਦੇ ਉੱਤੇ ਹਮਲੇ ਕਰਨੇ ਸਾਡੀ ਵਿਰਾਸਤ ਨਹੀਂ ਹੈ ਤੇ ਅਸੀਂ ਇਹ ਦੱਸਣ ਵਾਸਤੇ ਅੱਜ ਇਹਨਾਂ ਨੂੰ ਇੱਥੇ ਲੈ ਕੇ ਆਏ ਹਾਂ। ਅਸੀਂ ਕਿਸੇ ਕਿਸਮ ਦੀ ਹੁੱਲੜਬਾਜ਼ੀ ਵਿੱਚ ਅਸੀਂ ਯਕੀਨ ਨਹੀਂ ਕਰਦੇ।
ਸਿੱਖਾਂ ਖਿਲਾਫ ਇਕ ਇੰਟਰਨੈਸ਼ਨਲ ਪੱਧਰ ‘ਤੇ ਬਿਰਤਾਂਤ ਸਿਰਜਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਨੂੰ ਇਸ ਮਕਸਦ ਲਈ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਾਵਾਏ ਅਤੇ ਇਥੋਂ ਦੀਆਂ ਪਰੰਪਰਾਵਾਂ ਮਰਿਆਦਾਵਾਂ, ਇਤਿਹਾਸ, ਵਿਰਾਸਤ ਬਾਰੇ ਜਾਣਕਾਰੀ ਦਿੱਤੀ ਹੈ।