ਨਵੀਂ ਦਿੱਲੀ-ਦਿੱਲੀ ਹਾਈ ਕੋਰਟ ਨੇ ਦਿੱਲੀ ਯੂਨੀਵਰਸਿਟੀ ਵਿਦਿਆਰਥੀ ਯੂਨੀਅਨ (ਡੁਸੂ) ਚੋਣਾਂ ਦੀ ਵੋਟਾਂ ਦੀ ਗਿਣਤੀ ਦੀ ਪ੍ਰਕਿਰਿਆ 26 ਨਵੰਬਰ ਜਾਂ ਉਸ ਤੋਂ ਪਹਿਲਾਂ ਸ਼ੁਰੂ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ, ਬਸ਼ਰਤੇ ਕਿ ਚੋਣ ਲੜ ਰਕਹੇ ਉਮੀਦਵਾਰਾਂ ਵਲੋਂ ਖਰਾਬ ਕੀਤੀਆਂ ਗਈਆਂ ਕੁਝ ਥਾਵਾਂ ਨੂੰ ਇਕ ਹਫਤੇ ਦੇ ਅੰਦਰ ਸਾਫ਼ ਕਰ ਦਿੱਤਾ ਜਾਏ ਤੇ ਮੁ਼ੜ ਪੇਂਟ ਕੀਤਾ ਜਾਏ। ਡੁਸੂ ਲਈ 27 ਸਤੰਬਰ ਨੂੰ ਮਤਦਾਨ ਹੋਇਆ ਸੀ।
ਅਗਲੇ ਦਿਨ 28 ਸਤੰਬਰ ਨੂੰ ਵੋਟਾਂ ਦੀ ਗਿਣਤੀ ਹੋਣੀ ਸੀ। ਪਰ ਹਾਈ ਕੋਰਟ ਨੇ ਤਦੋਂ ਤੱਕ ਲਈ ਇਸਨੂੰ ਰੋਕ ਦਿੱਤਾ ਸੀ, ਜਦੋਂ ਤੱਕ ਕਿ ਪੋਸਟਰ, ਹੋਰਡਿੰਗ ਆਦਿ ਸਮੱਗਰੀ ਨੂੰ ਹਟਾ ਨਹੀਂ ਦਿੱਤਾ ਜਾਂਦਾ ਤੇ ਜਨਤਕ ਜਾਇਦਾਦ ਨੂੰ ਹੋਏ ਨੁਕਸਾਨ ਦੀ ਭਰਪਾਈ ਨਹੀਂ ਕਰ ਲਈ ਜਾਂਦੀ।
ਇਸ ਸਬੰਧਚ ਵਕੀਲ ਪ੍ਰਸ਼ਾਂਤ ਮਨਚੰਦਾ ਦੀ ਪਟੀਸ਼ਨ ਦਾ ਨਿਪਟਾਰਾ ਕਰਦੇ ਹੋਏ ਚੀਫ ਜਸਟਿਸ ਮਨਮੋਹਨ ਤੇ ਜਸਟਿਸ ਤੁਸ਼ਾਰ ਰਾਓ ਗੇਡੇਲਾ ਦੇ ਬੈਂਚ ਨੇ ਸੋਮਵਾਰ ਨੂੰ ਡੀਯੂ ਨੂੰ ਨਿਰਦੇਸ਼ ਦਿੱਤਾ ਕਿ ਜੇਕਰ ਉਹ ਸੰਤੁਸ਼ਟ ਹੈ ਕਿ ਸਾਰੀਆਂ ਥਾਵਾਂ ਸਾਫ਼ ਹੋ ਗਈਆਂ ਹਨ ਤਾਂ 26 ਨਵੰਬਰ ਜਾਂ ਉਸ ਤੋਂ ਪਹਿਲਾਂ ਵੋਟਾਂ ਦੀ ਗਿਣਤੀ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾ ਸਕਦੀ ਹੈ।
ਬੈਂਚ ਨੇ ਕਿਹਾ ਕਿ ਕਾਰਵਾਈ ਦਾ ਮਕਸਦ ਵਿਦਿਆਰਥੀਆਂ ਨੂੰ ਸਜ਼ਾ ਦੇਣਾ ਨਹੀਂ, ਬਲਕਿ ਸੁਧਾਰ ਕਰਨਾ ਸੀ, ਤਾਂ ਜੋ ਵਿਦਿਆਰਥੀ ਮਹਿਸੂਸ ਕਰਨ ਕਿ ਯੂਨੀਵਰਸਿਟੀ ਦੀ ਜਾਇਦਾਦ ਜਨਤਾ ਦੀ ਹੈ ਤੇ ਉਹ ਸੀਮਤ ਸਮੇਂ ਲਈ ਇਸਦਾ ਇਸਤੇਮਾਲ ਕਰਨ ਦੇ ਹੱਕਦਾਰ ਹਨ।