ਲਹਿਰਾਗਾਗਾ- ਲਹਿਰਾਗਾਗਾ ਦੇ ਅਤੀ ਨੇੜਲੇ ਪਿੰਡ ਖੰਡੇਬਾਦ ਵਿਖੇ ਸਥਾਪਿਤ ਦੇਸ਼ ਦੇ ਸਭ ਤੋਂ ਵੱਡੇ ਗੈਸ ਪਲਾਂਟ ਵਜੋਂ ਜਾਣਿਆ ਜਾਂਦਾ ਬਰਬੀਓ ਕੰਪਨੀ ਦੇ ਇਸ ਪਲਾਂਟ ਕਾਰਨ ਇਸ ਬਾਰ ਵੀ ਹਲਕੇ ਦੇ ਕਿਸਾਨਾਂ ਨੇ ਪਰਾਲੀ ਨੂੰ ਘੱਟ ਅੱਗ ਲਗਾਈ ਹੈ। ਕਿਉਂਕਿ ਇਸ ਪਲਾਂਟ ਨੂੰ ਗੈਸ ਤਿਆਰ ਕਰਨ ਲਈ ਹਰੇਕ ਸਾਲ ਇਕ ਲੱਖ ਟਨ ਪਰਾਲੀ ਦੀ ਜਰੂਰਤ ਪੈਂਦੀ ਹੈ, ਜੋ ਕੰਪਨੀ ਨੂੰ ਇਕੱਠੀ ਕਰਨੀ ਹੀ ਪੈਂਦੀ ਹੈ। ਇਹ ਵਿਚਾਰ ਬਰਬਿਓ ਕੰਪਨੀ ਦੇ ਹੈਡ ਪੰਕਜ ਜੈਨ ਅਤੇ ਅਸਿਸਟੈਂਟ ਮੈਨੇਜਰ ਕੇ ਕੇ ਜੈਨ ਨੇ ਇਸ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤੇ ਉਨ੍ਹਾਂ ਕਿਹਾ ਕਿ, ਅਸੀਂ ਪਲਾਂਟ ਦੇ 15 ਕਿਲੋਮੀਟਰ ਏਰੀਏ ਤੱਕ ਦੇ ਖੇਤਾਂ ਵਿੱਚੋਂ ਪਰਾਲੀ ਇਕੱਠੀ ਕਰਦੇ ਹਾਂ।ਜੇਕਰ ਉਸ ਤੋਂ ਬਾਅਦ ਵੀ ਸਮਾਂ ਬਚੇ ਤਾਂ ਅਸੀਂ 25,30 ਕਿਲੋਮੀਟਰ ਤੱਕ ਵੀ ਜਾ ਕੇ ਪਰਾਲੀ ਦੇ ਬੇਲਰ ਬਣਾਉਂਦੇ ਹਾਂ ਅਤੇ ਫੈਕਟਰੀ ਵਿੱਚ ਲਿਆ ਰਹੇ ਹਾਂ। ਉਨਾ ਇਹ ਵੀ ਦੱਸਿਆ ਕਿ ਇਸ ਪਰਾਲੀ ਤੋਂ ਅਸੀਂ ਰੋਜ਼ਾਨਾ 10 ਤੋਂ 12 ਟਨ ਸੀਬੀਜੀ ਗੈਸ ਤਿਆਰ ਕਰਦੇ ਹਾਂ।
ਇਸ ਗੈਸ ਸਬੰਧੀ ਸਾਡਾ ਇੰਡੀਅਨ ਆਇਲ ਕੰਪਨੀ ਨਾਲ ਸਮਝੌਤਾ ਹੈ, ਜਿਨ੍ਹਾਂ ਨੂੰ ਟੈਂਕਰਾਂ ਰਾਹੀਂ ਗੈਸ ਭੇਜੀ ਜਾਂਦੀ ਹੈ। ਉਪਰੋਕਤ ਅਧਿਕਾਰੀਆਂ ਨੇ ਦੱਸਿਆ ਕਿ ਕੰਪਨੀ ਦਾ ਮਕਸਦ ਸਿਰਫ ਗੈਸ ਬਣਾਉਣ ਦਾ ਹੀ ਨਹੀਂ ਸਗੋਂ ਇਲਾਕੇ ਦਾ ਵਾਤਾਵਰਨ ਸਾਫ ਰੱਖ ਕੇ ਗਰੀਨਰੀ ਪੈਦਾ ਕਰਨਾ ਵੀ ਹੈ। ਇਸ ਬਰਬਿਓ ਕੰਪਨੀ ਵਿੱਚ ਗੈਸ ਪਲਾਟ ਦੇ ਨਾਲ ਖਾਦ ਵੀ ਤਿਆਰ ਕਰਦੇ ਹਾਂ ਜੋ ਕਿਸਾਨਾਂ ਨੂੰ ਮੁਫਤ ਵੰਡਦੇ ਹਾਂ। ਉਨ੍ਹਾਂ ਇੱਕ ਹੋਰ ਖੁਲਾਸਾ ਕਰਦਿਆਂ ਕਿਹਾ ਕਿ ਇਸ ਫੈਕਟਰੀ ਵਿੱਚ ਜਿੱਥੇ 100 ਤੋਂ ਉੱਪਰ ਮੁਲਾਜ਼ਮ ਤਾਇਨਾਤ ਹਨ ਉੱਥੇ ਹੀ ਟਰੈਕਟਰ ਅਤੇ ਬੇਲਰ ਬਣਾਉਣ ਵਾਲਿਆਂ ਨੂੰ ਰੁਜ਼ਗਾਰ ਮਿਲ ਰਿਹਾ ਹੈ। ਜਦੋਂ ਉਨਾਂ ਨੂੰ ਪੁੱਛਿਆ ਗਿਆ, ਕਿ ਕੁਝ ਕਿਸਾਨ ਗਿਲਾ ਕਰਦੇ ਹਨ ਕਿ ਸਾਡੇ ਖੇਤਾਂ ਵਿੱਚੋਂ ਪਰਾਲੀ ਨਾਂ ਚੁੱਕ ਕੇ ਆਪਣੇ ਰਸੂਖ ਵਾਲੇ ਕਿਸਾਨਾਂ ਦੇ ਖੇਤਾਂ ਵਿੱਚੋਂ ਹੀ ਬੇਲਰ ਰਾਹੀਂ ਪਰਾਲੀ ਇਕੱਠੀ ਕਰਦੇ ਹਨ, ਤਾਂ ਉਪਰੋਕਤ ਪਲਾਂਟ ਹੈਡ ਪੰਕਜ ਜੈਨ ਅਤੇ ਕੇ ਕੇ ਜੈਨ ਨੇ ਦੱਸਿਆ ਕਿ ਜਿੰਨਾ ਕਿਸਾਨਾਂ ਦੇ ਖੇਤਾਂ ਵਿੱਚ ਨਮੀ ਵਾਲੀ ਪਰਾਲੀ ਹੈ ਉਹ ਅਸੀਂ ਗਰੇਡ ਮੁਤਾਬਕ ਹੀ ਚੁੱਕਦੇ ਹਾਂ। ਜਦੋਂ ਕਿ ਕਿਸਾਨ ਕਾਹਲੀ ਕਰਦੇ ਹਨ। ਇਸ ਤੋਂ ਇਲਾਵਾ ਇੱਕ ਦੋ ਏਕੜ ਵਾਲੀ ਖੇਤਾਂ ਵਿੱਚ ਪਰਾਲੀ ਨਾਲ ਸਾਡਾ ਘਰ ਪੂਰਾ ਨਹੀਂ ਹੁੰਦਾ। ਇਸ ਲਈ ਅਸੀਂ ਸਭ ਤੋਂ ਪਹਿਲਾਂ ਵੱਡੇ ਪਲਾਂਟਾਂ ਵਿੱਚੋਂ ਪਰਾਲੀ ਚੁੱਕਣ ਨੂੰ ਤਰਜੀਹ ਦਿੰਦੇ ਹਾਂ। ਉਹਨਾਂ ਇਹ ਵੀ ਦੱਸਿਆ ਕਿ ਏਸ਼ੀਆ ਦਾ ਸਭ ਤੋਂ ਵੱਡਾ ਇਹ ਪਲਾਂਟ ਕਈ ਸਾਲਾਂ ਤੋਂ ਕੰਮ ਕਰ ਰਿਹਾ ਹੈ।ਜਿਸ ਕਾਰਨ ਇਸ ਇਲਾਕੇ ਵਿੱਚ ਦੇ ਖੇਤਾਂ ਵਿੱਚ ਪਰਾਲੀ ਘੱਟ ਸੜੀ ਹੈ ਉੱਥੇ ਹੀ ਕਿਸਾਨਾਂ ਨੂੰ ਜ਼ੁਰਮਾਨਾ ਵੀ ਨਹੀਂ ਭਰਨਾ ਪਵੇਗਾ ਅਤੇ ਪ੍ਰਦੂਸ਼ਣ ਵੀ ਘੱਟ ਹੋਵੇਗਾ।
ਦੋ ਦਿਨ ਪਹਿਲਾਂ ਡਿਪਟੀ ਕਮਿਸ਼ਨਰ ਸੰਗਰੂਰ ਸੰਦੀਪ ਰਿਸ਼ੀ ਨੇ ਵੀ ਕੰਪਨੀ ਦਾ ਦੌਰਾ ਕੀਤਾ । ਜਿਸ ਦੌਰਾਨ ਉਹਨਾਂ ਕੰਪਨੀ ਵੱਲੋਂ ਪਰਾਲੀ ਇਕੱਠੀ ਕਰਕੇ ਬਣਾਈਆਂ ਗਈਆਂ ਗੰਢਾਂ ਅਤੇ ਗੈਸ ਪਲਾਂਟ ਦਾ ਦੌਰਾ ਕੀਤਾ। ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ ਨੇ ਜਿੱਥੇ ਇਸ ਬਰਬੀਓ ਕੰਪਨੀ ਦੇ ਗੈਸ ਪਲਾਂਟ ਦੀ ਸਰਾਹਨਾ ਕੀਤੀ, ਉੱਥੇ ਹੀ ਉਨ੍ਹਾਂ ਕਿਹਾ ਕਿ ਗੈਸ ਪਲਾਂਟ ਸਥਾਪਿਤ ਹੋਣ ਨਾਲ ਇਸ ਇਲਾਕੇ ਦੇ ਕਿਸਾਨਾਂ ਨੇ ਪਰਾਲੀ ਨੂੰ ਅੱਗ ਬਹੁਤ ਘੱਟ ਲਗਾਈ ਹੈ। ਜੇਕਰ ਪੰਜਾਬ ਵਿੱਚ ਜਾਂ ਜਿਲੇ ਸੰਗਰੂਰ ਵਿੱਚ ਅਜਿਹੇ ਹੋਰ ਗੈਸ ਪਲਾਂਟ ਲੱਗ ਜਾਣ ਤਾਂ ਕਿਸਾਨਾਂ ਨੂੰ ਪਰਾਲੀ ਸਾੜਨ ਦੀ ਜਰੂਰਤ ਨਹੀਂ ਪਵੇਗੀ।