ਮਨਪ੍ਰੀਤ ਬਾਦਲ ਤੇ ਰਾਜਾ ਵੜਿੰਗ ਨੂੰ ਨੋਟਿਸ ਜਾਰੀ, ਚੋਣ ਕਮਿਸ਼ਨ ਨੇ ਇਸ ਮਾਮਲੇ ‘ਤੇ ਕੀਤੀ ਕਾਰਵਾਈ

ਗਿੱਦੜਬਾਹਾ- ਗਿੱਦੜਬਾਹਾ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਵੱਲੋਂ ਬੀਤੇ ਦਿਨੀਂ ਨੌਜਵਾਨਾਂ ਨੂੰ ਬੀਐੱਸਐੱਫ ਅਤੇ ਸੀਆਰਪੀ ਵਿੱਚ ਸਰਕਾਰੀ ਨੌਕਰੀਆਂ ਦਿਵਾਉਣ ਅਤੇ ਪੰਜਾਬ ਦੇ ਇੱਕ ਸੀਨੀਅਰ ਅਧਿਕਾਰੀ ਉਨ੍ਹਾਂ ਦੇ ਮੰਤਰੀ ਕਾਲ ਸਮੇਂ ਉਨ੍ਹਾਂ ਦੇ ਅਧੀਨ ਹੋਣ ਕਰ ਕੇ ਪੰਜਾਬ ’ਚ ਨੌਕਰੀਆਂ ਦਵਾਉਣ ਦਾ ਵਾਅਦਾ ਕਰਨ ਦੀ ਵੀਡੀਓ ਵਾਇਰਲ ਹੋਣ ਉਪਰੰਤ ਚੋਣ ਕਮਿਸ਼ਨ ਵੱਲੋਂ ਮਨਪ੍ਰੀਤ ਬਾਦਲ ਨੂੰ ਨੋਟਿਸ ਜਾਰੀ ਕਰਦਿਆਂ 24 ਘੰਟਿਆਂ ਦੇ ਅੰਦਰ ਅੰਦਰ ਸ਼ਪਸ਼ਟੀਕਰਨ ਦੇਣ ਦੀ ਹਦਾਇਤ ਕੀਤੀ ਹੈ।

ਇਸੇ ਤਰ੍ਹਾਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਨੋਟਿਸ ਜਾਰੀ ਕਰਦਿਆਂ ਸਪਸ਼ਟੀਕਰਨ ਮੰਗਿਆ ਹੈ ਕਿ ਉਨ੍ਹਾਂ ਨੇ ਗਿੱਦੜਬਾਹਾ ਜ਼ਿਮਨੀ ਚੋਣ ਦੌਰਾਨ ਕਾਂਗਰਸੀ ਉਮੀਦਵਾਰ ਅੰਮ੍ਰਿਤਾ ਵੜਿੰਗ ਦੇ ਹੱਕ ਵਿੱਚ ਗਿੱਦੜਬਾਹਾ ਦੀ ਇੱਕ ਮਸਜਿਦ ’ਚ ਵੋਟਰਾਂ ਨੂੰ ਵੋਟਾਂ ਪਾਉਣ ਲਈ ਸਹੁੰ ਚੁਕਾਉਣ ਦੀ ਗੱਲ ਕਰ ਕੇ ਚੋਣ ਨਿਯਮਾਂ ਦੀ ਉਲੰਘਣਾ ਕੀਤੀ ਗਈ ਹੈ।

ਦੱਸਣਯੋਗ ਹੈ ਕਿ ਇਸ ਘਟਨਾ ਦੇ ਆਡੀਓ ਤੇ ਵੀਡੀਓ ਕਲਿੱਪ ਵੀ ਜਾਰੀ ਹੋ ਚੁੱਕੀ ਹੈ। ਇਹ ਦੋਵੇਂ ਨੋਟਿਸ ਰਿਟਰਨਿੰਗ ਅਫਸਰ ਗਿੱਦੜਬਾਹਾ ਵੱਲੋਂ ਜਾਰੀ ਕਰਕੇ 24 ਘੰਟਿਆਂ ਦੇ ਅੰਦਰ ਜਵਾਬ ਮੰਗਿਆ ਹੈ। ਨੋਟਿਸ 11 ਨਵੰਬਰ ਨੂੰ ਸ਼ਾਮ 7 ਵਜੇ ਜਾਰੀ ਕੀਤੇ ਗਏ ਹਨ। ਭਾਵੇਂ ਮਨਪ੍ਰੀਤ ਬਾਦਲ ਵੱਲੋਂ ਪਹਿਲਾਂ ਹੀ ਆਪਣੀ ਵੀਡੀਓ ਸਬੰਧੀ ਜਵਾਬ ਦਿੱਤਾ ਗਿਆ ਹੈ ਕਿ ਉਹ ਬੇਰੁਜ਼ਗਾਰ ਨੌਜਵਾਨਾਂ ਨੂੰ ਨੌਕਰੀਆਂ ਵਾਸਤੇ ਜਾਗਰੂਕ ਕਰਨ ਦਾ ਕੰਮ ਕਰਦੇ ਰਹਿੰਦੇ ਹਨ ਪਰ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਅਜੇ ਤੱਕ ਆਪਣੇ ਉੱਪਰ ਲੱਗੇ ਇਸ ਚੋਣ ਕਮਿਸ਼ਨ ਦੇ ਇਲਜ਼ਾਮ ਬਾਰੇ ਕੋਈ ਸਪੱਸ਼ਟੀਕਰਨ ਨਹੀਂ ਦਿੱਤਾ ਗਿਆ।