ਕਿਸਾਨ ਆਗੂਆਂ ਦੀ ਸੰਪਤੀ ਦੀ ਜਾਂਚ ਦਾ ਬਿਆਨ ਭਾਜਪਾ ਦਾ ਨਹੀਂ : ਅਨੁਰਾਗ ਠਾਕੁਰ

 ਬਰਨਾਲਾ – ਜ਼ਿਮਨੀ ਚੋਣਾਂ ਤੋਂ ਬਾਅਦ ਕਿਸਾਨ ਆਗੂਆਂ ਦੀ ਸੰਪਤੀ ਦੀ ਜਾਂਚ ਦਾ ਮੰਤਰੀ ਰਵਨੀਤ ਸਿੰਘ ਬਿੱਟੂ ਵਲੋਂ ਦਿੱਤਾ ਗਿਆ ਬਿਆਨ ਨਾ ਤਾਂ ਭਾਰਤੀ ਜਨਤਾ ਪਾਰਟੀ ਦਾ ਹੈ ਤੇ ਨਾ ਹੀ ਕੇਂਦਰ ਸਰਕਾਰ ਦਾ ਹੈ। ਇਹ ਸ਼ਬਦ ਸਾਬਕਾ ਕੇਂਦਰੀ ਮੰਤਰੀ ਤੇ ਮੈਂਬਰ ਪਾਰਲੀਮੈਂਟ ਅਨੁਰਾਗ ਠਾਕੁਰ ਵਲੋਂ ਭਾਜਪਾ ਦੇ ਉਮੀਦਵਾਰ ਕੇਵਲ ਸਿੰਘ ਢਿੱਲੋਂ ਦੇ ਹੱਕ ’ਚ ਪ੍ਰਚਾਰ ਕਰਨ ਮੌਕੇ ਇਕ ਨਿੱਜੀ ਹੋਟਲ ’ਚ ‘ਪੰਜਾਬੀ ਜਾਗਰਣ’ ਦੇ ਪ੍ਰਤੀਨਿਧ ਵਲੋਂ ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆਂ ਸਾਂਝੇ ਕੀਤੇ ਗਏ।

ਉਨ੍ਹਾਂ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਿਸਾਨਾਂ ਨੂੰ ਹਮੇਸ਼ਾ ਤੋਂ ਹੀ ਅੰਨਦਾਤਾ ਸਮਝਦੇ ਹਨ। 14 ਸਾਲ ਨਰਿੰਦਰ ਮੋਦੀ ਗੁਜਰਾਤ ਦੇ ਮੁੱਖ ਮੰਤਰੀ ਰਹੇ। ਉਨ੍ਹਾਂ ਦੇਸ਼ ਦੇ ਅੰਨਦਾਤਾ ਲਈ ਹਰ ਸੰਭਵ ਯਤਨ ਕੀਤੇ ਤੇ ਦੇਸ਼ ’ਚੋਂ ਸਭ ਤੋਂ ਵੱਧ ਅਨਾਜ ਪੈਦਾ ਕਰਨ ਵਾਲਾ ਸੂਬਾ ਗੁਜਰਾਤ ਬਣਿਆ। ਉਨ੍ਹਾਂ ਨੇ ਦੇਸ਼ ਦੇ ਹਰ ਅਨਾਜ ਪੈਦਾ ਕਰਨ ਵਾਲੇ ਕਿਸਾਨ ਦੇ ਖੇਤ ਪਾਣੀ ਪਹੁੰਚਾਉਣ ਲਈ ਹਜ਼ਾਰਾਂ ਕਰੋੜ ਰੁਪਏ ਸਿੰਚਾਈ ਯੋਜਨਾ ਤਹਿਤ ਦਿੱਤੇ ਤਾਂ ਜੋ ਕਿਸਾਨਾਂ ਦੀ ਆਮਦਨ ਵਧੇ।

ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਕਦੇ ਵੀ ਅਜਿਹੀ ਸੋਚ ਨਹੀਂ ਰੱਖ ਸਕਦੀ ਕਿ ਉਹ ਕਿਸਾਨ ਆਗੂਆਂ ਦੀ ਸੰਪਤੀ ਦੀ ਜਾਂਚ ਕਰੇ। ਭਾਰਤੀ ਜਨਤਾ ਪਾਰਟੀ ਹਮੇਸ਼ਾ ਕਿਸਾਨਾਂ ਨਾਲ ਖੜ੍ਹੀ ਹੈ ਤੇ ਖੜ੍ਹਦੀ ਰਹੇਗੀ। ਭਾਜਪਾ ਉਨ੍ਹਾਂ ਦੇ ਹਮੇਸ਼ਾ ਦੁੱਖ ਸੁੱਖ ਦੀ ਸਾਥੀ ਹੈ। ਅਨੁਰਾਗ ਠਾਕੁਰ ਨੇ ਪੰਜਾਬ ਸਰਕਾਰ ਨੂੰ ਆੜ੍ਹੇ ਹੱਥੀ ਲੈਂਦਿਆਂ ਕਿਹਾ ਕਿ ਪੰਜਾਬ ਸਰਕਾਰ ਖ਼ੁਦ ਕਿਸਾਨਾਂ ਦੀ ਸਾਰ ਨਹੀਂ ਲੈ ਰਹੀ।

ਅੱਜ ਪੰਜਾਬ ਦਾ ਅੰਨਦਾਤਾ ਮੰਡੀਆਂ ’ਚ ਰੁਲ ਰਿਹਾ ਹੈ, ਉਲਟਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਿਸਾਨਾਂ ਦੀ ਬਾਂਹ ਫੜ੍ਹਨ ਦੀ ਬਜਾਏ ਕੇਂਦਰ ਸਰਕਾਰ ਖ਼ਿਲਾਫ਼ ਝੂਠਾ ਪ੍ਰਚਾਰ ਕਰ ਰਹੇ ਹਨ। ਭਾਜਪਾ ਉਮੀਦਵਾਰ ਕੇਵਲ ਢਿੱਲੋਂ ਦੇ ਹੱਕ ’ਚ ਪ੍ਰਚਾਰ ਕਰਨ ਪੁੱਜੇ ਅਨੁਰਾਗ ਠਾਕੁਰ ਨੇ ਬਰਨਾਲਾ ਨੂੰ ਜ਼ਿਲ੍ਹਾ ਬਣਾਉਣ ਦਾ ਸਿਹਰਾ ਜਿੱਥੇ ਕੇਵਲ ਢਿੱਲੋਂ ਸਿਰ ਬੰਨ੍ਹਿਆ, ਉੱਥੇ ਹੀ ਬਰਨਾਲਾ ’ਚ ਹੋਏ ਬਹੁਪੱਖੀ ਵਿਕਾਸ ਦਾ ਹਵਾਲਾ ਦਿੰਦਿਆਂ ਕੇਵਲ ਸਿੰਘ ਢਿੱਲੋਂ ਦੀ ਪਿੱਠ ਥਾਪੜੀ। ਉਨ੍ਹਾਂ ਕਿਸਾਨੀ ਮੁੱਦੇ ’ਤੇ ਕਿਹਾ ਕਿ ਕਾਂਗਰਸ ਸਰਕਾਰ ਸਮੇਂ ਜੋ ਕਿਸਾਨਾਂ ਨੂੰ ਬੈਂਕਾਂ ਦਾ ਕਰਜ਼ਾ 7 ਲੱਖ ਕਰੋੜ ਮਿਲਦਾ ਸੀ, ਅਸੀਂ ਉਸ ਨੂੰ ਤਿੰਨ ਗੁਣਾ ਵਧਾ ਕੇ 21 ਲੱਖ ਕਰੋੜ ਰੁਪਏ ਬੈਂਕਾਂ ਰਾਹੀਂ ਕਰਜ਼ਾ ਕਿਸਾਨਾਂ ਨੂੰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਹ ਹਮੇਸ਼ਾ ਕਿਸਾਨ ਪੱਖੀ ਰਹੇ ਹਨ, ਜਦਕਿ ਪੰਜਾਬ ਦੇ ਮੁੱਖ ਮੰਤਰੀ ਕਿਸਾਨਾਂ ਦੀ ਮੰਡੀਆਂ ’ਚ ਬੈਠਿਆਂ ਦੀ ਤੇ ਸਾਉਣੀ ਦੀ ਫ਼ਸਲ ਜ਼ੀਰੀ ਰੁੱਲਣ ਦੀ ਕੋਈ ਸਾਰ ਨਹੀਂ ਲੈ ਰਹੇ। ਸਗੋਂ ਅਜੋਕੇ ਦਿਨਾਂ ’ਚ ਕਿਸਾਨਾਂ ਦੀ ਲੋੜ ਡੀਏਪੀ ਖ਼ਾਦ ਪੰਜਾਬ ’ਚ ਵੱਡੇ ਪੱਧਰ ’ਤੇ ਬਲੈਕ ਹੋ ਰਹੀ ਹੈ।

ਉਨ੍ਹਾਂ ਕਿਹਾ ਕਿ ਕੇਵਲ ਢਿੱਲੋਂ ਵਲੋਂ ਜਿੱਥੇ ਲੋੜਵੰਦਾਂ ਨੂੰ ਆਪਣੇ ਪੱਲਿਓਂ ਅਨਾਜ਼ ਵੰਡਿਆ, ਉੱਥੇ ਹੀ ਜ਼ਿਲ੍ਹੇ ਦੇ ਲੋਕਾਂ ਦੇ ਇਲਾਜ਼ ਲਈ ਲਿਆਂਦਾ ਸੁਪਰਸਪੈਸ਼ਲਿਟੀ ਹਸਪਤਾਲ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਬਣਨ ਤੋਂ ਮੁੱਢੋਂ ਹੀ ਰੋਕ ਦਿੱਤਾ।