ਪਾਕਿ ਸਰਕਾਰ ਨੇ ਭਗਤ ਸਿੰਘ ਨੂੰ ਦੱਸਿਆ ‘ਅੱਤਵਾਦੀ’, ਲਾਹੌਰ ਦੇ ਸ਼ਾਦਮਾਨ ਚੌਕ ਨੂੰ ਭਗਤ ਸਿੰਘ ਦਾ ਨਾਂ ਦੇਣ ਦੀ ਯੋਜਨਾ ਕੀਤੀ ਰੱਦ

ਲਾਹੌਰ- ਭਾਰਤ ਦੀ ਅਜ਼ਾਦੀ ਲਈ ਆਪਣੀ ਜਾਨ ਕੁਰਬਾਨ ਕਰਨ ਵਾਲੇ ਕ੍ਰਾਂਤੀਕਾਰੀ ਭਗਤ ਸਿੰਘ ਦੇ ਨਾਂ ’ਤੇ ਲਾਹੌਰ ਸ਼ਹਿਰ ਦੇ ਸ਼ਾਦਮਾਨ ਚੌਕ ਦਾ ਨਾਂ ਬਦਲਣ ਦੀ ਯੋਜਨਾ ਰੱਦ ਕਰ ਦਿੱਤੀ ਗਈ ਹੈ। ਇੱਥੇ ਭਗਤ ਸਿੰਘ ਦਾ ਬੁੱਤ ਲਾਇਆ ਜਾਣਾ ਸੀ ਪਰ ਹੁਣ ਨਹੀਂ ਲਾਇਆ ਜਾਵੇਗਾ। ਪਾਕਿਸਤਾਨ ਦੇ ਪੰਜਾਬ ਸੂਬੇ ਦੀ ਸਰਕਾਰ ਨੇ ਇਹ ਜਾਣਕਾਰੀ ਹਾਈ ਕੋਰਟ ਨੂੰ ਦਿੱਤੀ ਹੈ। ਲਾਹੌਰ ਹਾਈ ਕੋਰਟ ਨੂੰ ਸ਼ੁੱਕਰਵਾਰ ਨੂੰ ਇਹ ਸਪੱਸ਼ਟੀਕਰਨ ਦਿੰਦੇ ਹੋਏ ਅਸਿਸਟੈਂਟ ਐਡਵੋਕੇਟ ਜਨਰਲ ਅਸਗ਼ਰ ਲੇਘਾਰੀ ਨੇ ਕ੍ਰਾਂਤੀਕਾਰੀ ਭਗਤ ਸਿੰਘ ਖ਼ਿਲਾਫ਼ ਗੰਭੀਰ ਦੋਸ਼ ਲਾਏ ਹਨ। ਹਾਈ ਕੋਰਟ ’ਚ ਪਟੀਸ਼ਨ ਦਾਖ਼ਲ ਕਰਨ ਵਾਲੇ ਭਗਤ ਸਿੰਘ ਮੈਮੋਰੀਅਲ ਫਾਊਂਡੇਸ਼ਨ ਪਾਕਿਸਤਾਨ ਦੇ ਚੇਅਰਮੈਨ ਇਮਤਿਆਜ਼ ਰਸ਼ੀਦ ਕੁਰੈਸ਼ੀ ਦੇ ਜਵਾਬ ’ਚ ਲਾਹੌਰ ਮੈਟ੍ਰੋਪਾਲਿਟਨ ਕਾਰੋਪੋਰੇਸ਼ਨ ’ਚ ਰਿਟਾਇਰਡ ਪਾਕਿਸਤਾਨੀ ਫ਼ੌਜੀ ਕੋਮੋਡੋਰ ਤਾਰਿਕ ਮਜੀਦ ਨੇ ਕਿਹਾ ਹੈ ਕਿ ਸ਼ਾਦਮਾਨ ਚੌਕ ’ਤੇ ਭਗਤ ਸਿੰਘ ਦਾ ਬੁੱਤ ਨਹੀਂ ਲਾਇਆ ਜਾ ਸਕਦਾ ਤੇ ਚੌਕ ਦਾ ਨਾਂ ਉਨ੍ਹਾਂ ਦੇ ਨਾਂ ’ਤੇ ਨਹੀਂ ਰੱਖਿਆ ਜਾ ਸਕਦਾ ਕਿਉੰਕਿ ਭਗਤ ਸਿੰਘ ਇਨਕਲਾਬੀ ਨਹੀਂ ਸਗੋਂ ਅਪਰਾਧੀ ਸਨ। ਮਜੀਦ ਨੇ ਦਾਅਵਾ ਕੀਤਾ ਕਿ ਭਗਤ ਸਿੰਘ ਇੰਤਹਾਪਸੰਦ ਸਨ ਤੇ ਉਨ੍ਹਾਂ ਨੇ ਬ੍ਰਿਟਿਸ਼ ਅਧਿਕਾਰੀ ਦਾ ਕਤਲ ਕਰ ਦਿੱਤਾ ਸੀ, ਇਸੇ ਲਈ ਉਨ੍ਹਾਂ ਨੂੰ ਤੇ ਦੋ ਸਾਥੀਆਂ ਨੂੰ ਅੰਗਰੇਜ਼ ਸਰਕਾਰ ਨੇ ਫਾਂਸੀ ਦਿੱਤੀ ਸੀ। ਦੱਸਣਯੋਗ ਹੈ ਕਿ ਲਾਹੌਰ ਹਾਈ ਕੋਰਟ ਨੇ 2018 ਵਿਚ ਸਰਕਾਰ ਨੂੰ ਸ਼ਾਦਮਾਨ ਚੌਕ ਦਾ ਨਾਂ ਬਦਲਣ ਹੁਕਮ ਕੀਤਾ ਸੀ ਜਿੱਥੇ 23 ਮਾਰਚ 1931 ਨੂੰ ਆਜ਼ਾਦੀ ਦੇ ਪਰਵਾਨੇ ਭਗਤ ਸਿੰਘ ਨੂੰ ਫਾਂਸੀ ਦਿੱਤੀ ਗਈ ਸੀ।