ਭਾਰਤ ਨੂੰ ਵਿਕਸਤ ਰਾਸ਼ਟਰ ਬਣਾਉਣ ਲਈ ‘ਭਾਰਤ ਦੀ ਏਕਤਾ’ ਦੀ ਲੋੜ: ਮੋਦੀ

ਅਹਿਮਦਾਬਾਦ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਕਿਹਾ ਕਿ ਕੁਝ ਲੋਕ ਆਪਣੇ ਸਵਾਰਥਾਂ ਲਈ ਸਮਾਜ ਨੂੰ ਵੰਡਣ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਹਰਾਉਣ ਦੀ ਲੋੜ ਹੈ। ਉਨ੍ਹਾਂ 2047 ਤੱਕ ਭਾਰਤ ਨੂੰ ਇੱਕ ਵਿਕਸਤ ਰਾਸ਼ਟਰ ਬਣਾਉਣ ਲਈ ਏਕਤਾ ਅਤੇ ਅਖੰਡਤਾ ਦੀ ਲੋੜ ’ਤੇ ਜ਼ੋਰ ਦਿੱਤਾ। ਪ੍ਰਧਾਨ ਮੰਤਰੀ ਸ਼੍ਰੀ ਸਵਾਮੀਨਾਰਾਇਣ ਮੰਦਰ ਦੀ 200ਵੀਂ ਵਰ੍ਹੇਗੰਢ ਦੇ ਮੌਕੇ ਗੁਜਰਾਤ ਦੇ ਖੇੜਾ ਜ਼ਿਲ੍ਹੇ ਦੇ ਵਡਤਾਲ ਵਿਖੇ ਸ਼ਰਧਾਲੂਆਂ ਦੇ ਇਕੱਠ ਨੂੰ ਸੰਬੋਧਿਤ ਕਰ ਰਹੇ ਸਨ। ਭਾਰਤ ਨੂੰ 2047 ਤੱਕ ਵਿਕਸਤ ਰਾਸ਼ਟਰ ਬਣਾਉਣ ਲਈ ਨਾਗਰਿਕਾਂ ਦੀ ਏਕਤਾ ਅਤੇ ਦੇਸ਼ ਦੀ ਅਖੰਡਤਾ ਬਹੁਤ ਜ਼ਰੂਰੀ ਹੈ ਪਰ ਬਦਕਿਸਮਤੀ ਨਾਲ ਕੁਝ ਲੋਕ ਆਪਣੇ ਸਵਾਰਥਾਂ ਕਾਰਨ ਸਾਡੇ ਸਮਾਜ ਨੂੰ ਜਾਤ-ਪਾਤ, ਧਾਰਮਿਕ, ਭਾਸ਼ਾਈ, ਮਰਦ-ਔਰਤ, ਪਿੰਡ-ਸ਼ਹਿਰ ਦੇ ਆਧਾਰ ’ਤੇ ਵੰਡਣ ਦੀ ਕੋਸ਼ਿਸ਼ ਕਰ ਰਹੇ ਹਨ।

ਉਨ੍ਹਾਂ ਵੀਡੀਓ ਕਾਨਫਰੰਸਿੰਗ ਰਾਹੀਂ ਆਪਣੇ ਸੰਬੋਧਨ ’ਚ ਕਿਹਾ ਕਿ ਸਾਨੂੰ ਉਨ੍ਹਾਂ ਦੇ ਇਰਾਦਿਆਂ ਨੂੰ ਸਮਝਣਾ ਹੋਵੇਗਾ ਅਤੇ ਉਨ੍ਹਾਂ ਨੂੰ ਹਰਾਉਣ ਲਈ ਇਕਜੁੱਟ ਹੋਣਾ ਹੋਵੇਗਾ। ਮੋਦੀ ਨੇ ਸਵਾਮੀਨਾਰਾਇਣ ਸੰਪਰਦਾ ਦੇ ਸਾਰੇ ਸੰਤਾਂ ਨੂੰ ਬੇਨਤੀ ਕੀਤੀ ਕਿ ਉਹ ਭਾਰਤ ਨੂੰ ਇੱਕ ਵਿਕਸਤ ਰਾਸ਼ਟਰ ਬਣਾਉਣ ਦੇ ਸੰਕਲਪ ਵਿੱਚ ਦੇਸ਼ ਦੇ ਹਰੇਕ ਨਾਗਰਿਕ ਨੂੰ ਸ਼ਾਮਲ ਕਰਨ। ਮੋਦੀ ਨੇ ਕਿਹਾ, “ਮੈਨੂੰ ਖੁਸ਼ੀ ਹੈ ਕਿ ਭਾਰਤ ਸਰਕਾਰ ਨੇ ਸਵਾਮੀਨਾਰਾਇਣ ਮੰਦਰ, ਵਡਤਾਲ ਦੇ 200 ਸਾਲਾਂ ਦੀ ਯਾਦ ਵਿੱਚ ਇੱਕ ਸਿੱਕਾ ਜਾਰੀ ਕੀਤਾ ਹੈ। ਭਗਵਾਨ ਸਵਾਮੀਨਾਰਾਇਣ ਸਾਡੇ ਇਤਿਹਾਸ ਦੇ ਔਖੇ ਸਮੇਂ ਵਿੱਚ ਆਏ ਸਨ ਅਤੇ ਸਾਨੂੰ ਨਵੀਂ ਤਾਕਤ ਦਿੱਤੀ ਸੀ”।