ਸੂਬੇ ‘ਚ ਪਰਾਲੀ ਸਾੜਨ ਦਾ ਸਿਲਸਿਲਾ ਜਾਰੀ

ਪਟਿਆਲਾ – ਪੰਜਾਬ ਵਿੱਚ ਇਕ ਦਿਨ ਵਿਚ ਪਰਾਲੀ ਸਾੜਨ ਦੇ 730 ਮਾਮਲੇ ਰਿਪੋਰਟ ਹੋਏ ਹਨ ਜੋਕਿ ਇਸ ਸਾਲ ਹੁਣ ਤੱਕ ਦੇ ਸਭ ਤੋਂ ਵੱਧ ਹਨ। ਇਸ ਨਾਲ ਪਰਾਲੀ ਸਾੜਨ ਦੇ ਮਾਮਲਿਆਂ ਦੀ ਕੁੱਲ ਗਿਣਤੀ 6029 ਹੋ ਗਈ ਹੈ। ਇਨ੍ਹਾਂ ਵਿੱਚ ਹੁਣ ਤੱਕ ਸੰਗਰੂਰ ਜਿਲ੍ਹਾ 1050 ਮਾਮਲਿਆਂ ਨਾਲ ਪਰਾਲੀ ਸਾੜਨ ਵਿਚ ਸਭ ਤੋਂ ਅੱਗੇ ਹੈ। ਇਸਤੋਂ ਬਾਅਦ ਜਿਲ੍ਹਾ ਫਿਰੋਜ਼ਪੁਰ 754 ਨਾਲ ਦੂਸਰੇ ਅਤੇ ਤਰਨ ਤਾਰਨ ਤੇ ਅੰਮ੍ਰਿਤਸਰ 639-639 ਮਾਮਲਿਆਂ ਨਾਲ ਪਰਾਲੀ ਸਾੜਨ ਵਿਚ ਤੀਸਰੇ ਨੰਬਰ ਤੇ ਹੈ।

ਸ਼ੁੱਕਰਵਾਰ ਨੂੰ ਅੰਮ੍ਰਿਤਸਰ ਵਿਚ 06, ਬਰਨਾਲਾ 16, ਬਠਿੰਡਾ 80, ਫ਼ਤਹਿਗੜ੍ਹ ਸਾਹਿਬ 08, ਫਰੀਦਕੋਟ 39, ਫਾਜ਼ਿਲਕਾ 08, ਫਿਰੋਜ਼ਪੁਰ 121, ਗੁਰਦਾਸਪੁਰ 03, ਹੁਸ਼ਿਆਰਪੁਰ 01, ਜਲੰਧਰ 04, ਕਪੂਰਥਲਾ 24, ਲੁਧਿਆਣਾ 10, ਮਾਨਸਾ 62, ਮੋਗਾ 48, ਮੁਕਤਸਰ 64, ਐੱਸ ਬੀ ਐਸ ਨਗਰ 01, ਪਟਿਆਲਾ 23, ਐੱਸ ਏ ਐੱਸ ਨਗਰ 01, ਸੰਗਰੂਰ 163, ਤਰਨ ਤਾਰਨ 27 ਤੇ ਮਲੇਰਕੋਟਲਾ 21 ਥਾਈਂ ਪਰਾਲੀ ਸੜਨ ਦੇ ਮਾਮਲੇ ਰਿਪੋਰਟ ਹੋਏ ਹਨ।

ਇਸ ਸਾਲ ਸੂਬੇ ਦੇ ਪੰਜ ਜਿਲ੍ਹਿਆਂ ਵਿਚ ਸਭ ਤੋਂ ਵੱਧ ਪਰਾਲੀ ਸਾੜੀ ਜਾ ਰਹੀ ਹੈ। ਪ੍ਰਦੂਸ਼ਣ ਰੋਕਥਾਮ ਬੋਰਡ ਵਲੋਂ ਕੀਤੀ ਜਾ ਰਹੀ ਨਿਗਰਾਨੀ ਵਿਚ ਸਾਹਮਣੇ ਆਇਆ ਕਿ ਸੰਗਰੂਰ, ਅੰਮ੍ਰਿਤਸਰ, ਤਰਨ ਤਾਰਨ, ਫਿਰੋਜ਼ਪੁਰ, ਪਟਿਆਲਾ ਵਿਚ 3532 ਥਾਈਂ ਪਰਾਲੀ ਸੜੀ ਹੈ। ਜੋਕਿ ਇਸ ਸਾਲ ਦੇ ਕੁੱਲ ਮਾਮਲਿਆਂ ਦੇ 50 ਪ੍ਰਤੀਸ਼ਤ ਤੋਂ ਵੀ ਵਧ ਬਣਦਾ ਹੈ।

ਪਿਛਲੇ ਸਾਲ ਇਸੇ ਦਿਨ ਇਸ ਤੋਂ ਵੀ ਵੱਧ ਸੜੀ ਸੀ ਪਰਾਲੀ

ਪਿਛਲੇ ਸਾਲ ਇਸੇ ਦਿਨ ਇਸ ਤੋਂ ਵੀ ਵੱਧ ਪਰਾਲੀ ਸਾੜੀ ਗਈ ਸੀ। 8 ਨਵੰਬਰ 2023 ਨੂੰ ਇਕ ਦਿਨ ਵਿਚ 2003 ਮਾਮਲੇ ਰਿਪੋਰਟ ਹੋਏ ਸਨ। ਅਤੇ ਕੁੱਲ ਗਿਣਤੀ 22981 ਸੀ। ਓਦੋਂ ਸੰਗਰੂਰ ਜਿਲੇ ਵਿਚ ਇਕ ਦਿਨ ਚ 466 ਥਾਈਂ ਪਰਾਲੀ ਸਾੜੀ ਗਈ ਸੀ।

ਪਰਾਲੀ ਸੜਨ ਦੇ ਮਾਮਲਿਆਂ ਨਾਲ ਸੂਬੇ ਚ ਹਵਾ ਦੀ ਗੁਣਵੱਤਾ ਵੀ ਖਰਾਬ ਚੱਲ ਰਹੀ ਹੈ। ਸ਼ੁਕਰਵਾਰ ਨੂੰ ਅੰਮ੍ਰਿਤਸਰ ਚ 232, ਬਠਿੰਡਾ 145, ਜਲੰਧਰ 189, ਖੰਨਾ 205, ਲੁਧਿਆਣਾ 228, ਮੰਡੀ ਗੋਬਿੰਦਗੜ 280, ਪਟਿਆਲਾ 146 ਤੇ ਰੂਪਨਗਰ ਦਾ ਏ ਕਿਉ ਆਈ 218 ਦਰਜ ਕੀਤਾ ਗਿਆ ਹੈ।