ਕਿਲੋ ‘ਆਈਸ’ ਤੇ ਕਿਲੋ ਹੈਰੋਇਨ ਸਣੇ ਤਿੰਨ ਨਸ਼ਾ ਤਸਕਰ ਕਾਬੂ

ਚੰਡੀਗੜ੍ਹ-ਪੰਜਾਬ ਪੁਲੀਸ ਨੇ 1 ਕਿਲੋ ਮੈਥਾਮਫੇਟਾਮਾਈਨ ਅਤੇ 1 ਕਿਲੋ ਹੈਰੋਇਨ ਸਣੇ ਤਿੰਨ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ। ਮੈਥਾਮਫੇਟਾਮਾਈਨ, ਜਿਸਨੂੰ ‘ਆਈਸ’ ਜਾਂ ‘ਕ੍ਰਿਸਟਲ ਮੇਥ’ ਵੀ ਕਿਹਾ ਜਾਂਦਾ ਹੈ, ਇੱਕ ਬਹੁਤ ਹੀ ਜ਼ੋਰਦਾਰ ਨਸ਼ੇ ਵਾਲੀ ਵਸਤੂ ਹੈ।

ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਕਰਨਦੀਪ ਸਿੰਘ (22) ਵਾਸੀ ਪਿੰਡ ਭਕਨਾ ਕਲਾਂ ਜ਼ਿਲ੍ਹਾ ਅੰਮ੍ਰਿਤਸਰ ਅਤੇ ਜੀਵਨ ਸਿੰਘ (19) ਤੇ ਮਨਜਿੰਦਰ ਸਿੰਘ (21) ਦੋਵੇਂ ਵਾਸੀ ਪਿੰਡ ਚੋਹਲਾ ਸਾਹਿਬ ਜ਼ਿਲ੍ਹਾ ਤਰਨ ਤਾਰਨ ਵਜੋਂ ਹੋਈ ਹੈ। ਇਹ ਜਾਣਕਾਰੀ ਪੰਜਾਬ ਪੁਲੀਸ ਮੁਖੀ ਗੌਰਵ ਯਾਦਵ ਨੇ ਇਕ ਟਵੀਟ ਰਾਹੀਂ ਦਿੱਤੀ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਅੰਮ੍ਰਿਤਸਰ ਦੇ ਪੁਲੀਸ ਕਮਿਸ਼ਨਰ (CP) ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਪੁਲੀਸ ਨੇ ਗੁਪਤ ਸੂਚਨਾ ਦੇ ਆਧਾਰ ‘ਤੇ ਕਾਰਵਾਈ ਕਰਦਿਆਂ ਅੰਮ੍ਰਿਤਸਰ ਦੇ ਅਜਨਾਲਾ ਰੋਡ ‘ਤੇ ਪੁਲੀ ਸੂਆ ਨੇੜੇ ਨਾਕਾ ਲਗਾਇਆ ਹੋਇਆ ਸੀ ਜਿਥੇ ਤਿੰਨਾਂ ਨੂੰ ਉਨ੍ਹਾਂ ਦੀ ਕਾਰ ‘ਚੋਂ ਨਸ਼ੀਲੀਆਂ ਗੋਲੀਆਂ ਬਰਾਮਦ ਹੋਣ ਪਿੱਛੋਂ ਗ੍ਰਿਫਤਾਰ ਕੀਤਾ ਗਿਆ।

ਮੁੱਢਲੀ ਜਾਂਚ ਵਿਚ ਪਤਾ ਲੱਗਾ ਹੈ ਕਿ ਛੇ ਸਾਲ ਦੁਬਈ ਅਤੇ ਮਾਸਕੋ ਵਿੱਚ ਰਹਿ ਕੇ ਪੰਜਾਬ ਪਰਤਿਆ ਹੈ। ਡੀਜੀਪੀ ਨੇ ਕਿਹਾ ਕਿ ਆਪਣੀ ਵਾਪਸੀ ਤੋਂ ਬਾਅਦ ਕਰਨਦੀਪ ਨੇ ਵੱਖ-ਵੱਖ ਸੋਸ਼ਲ ਮੀਡੀਆ ਐਪਸ ਦੀ ਵਰਤੋਂ ਕਰ ਕੇ ਪਾਕਿਸਤਾਨ ਸਥਿਤ ਨਸ਼ਾ ਤਸਕਰਾਂ ਨਾਲ ਸੰਪਰਕ ਕੀਤਾ ਅਤੇ ਅੰਮ੍ਰਿਤਸਰ ਤੇ ਇਸ ਦੇ ਗੁਆਂਢੀ ਜ਼ਿਲ੍ਹਿਆਂ ਵਿੱਚ ਸਪਲਾਈ ਕਰਨ ਲਈ ਸਰਹੱਦ ਪਾਰ ਤੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਸ਼ੁਰੂ ਕਰ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਪਾਕਿਸਤਾਨ ਸਥਿਤ ਤਸਕਰ ਨਸ਼ੀਲੇ ਪਦਾਰਥਾਂ ਦੀ ਸਪਲਾਈ ਕਰਨ ਲਈ ਡਰੋਨਾਂ ਦੀ ਵਰਤੋਂ ਕਰਦੇ ਸਨ।

ਉਨ੍ਹਾਂ ਕਿਹਾ ਕਿ ਕਰਨਦੀਪ ਵਿਦੇਸ਼ ਵਿੱਚ ਸਥਿਤ ਗੈਂਗਸਟਰ ਗੁਰਦੇਵ ਉਰਫ਼ ਜੈਸਲ ਦੇ ਵੀ ਸੰਪਰਕ ਵਿੱਚ ਸੀ। ਜੈਸਲ ਕੈਨੇਡਾ ਸਥਿਤ ਅੱਤਵਾਦੀ ਲਖਬੀਰ ਉਰਫ ਲੰਡਾ ਅਤੇ ਸਤਬੀਰ ਸਿੰਘ ਉਰਫ ਸੱਤਾ ਲਈ ਕੰਮ ਕਰਦਾ ਹੈ। ਸੱਤਾ ਤਰਨ ਤਾਰਨ ਦੇ ਸਰਹਾਲੀ ਥਾਣੇ ‘ਤੇ ਰਾਕੇਟ ਪ੍ਰੋਪੇਲਡ ਗ੍ਰੇਨੇਡ (ਆਰਪੀਜੀ) ਹਮਲੇ ਦਾ ਕਥਿਤ ਮੁੱਖ ਸਾਜ਼ਿਸ਼ਘਾੜਾ ਹੈ ਅਤੇ ਪੰਜਾਬ ਵਿੱਚ ਮਿੱਥ ਕੇ ਕਤਲ ਕਰਨ ਦੇ ਕਈ ਮਾਮਲਿਆ ਵਿਚ ਵੀ ਲੋੜੀਂਦਾ ਹੈ।

ਪੁਲੀਸ ਨੇ ਦੱਸਿਆ ਕਿ ਤਿੰਨਾਂ ਦੇ ਖਿਲਾਫ ਅੰਮ੍ਰਿਤਸਰ ਹਵਾਈ ਅੱਡਾ ਪੁਲੀਸ ਸਟੇਸ਼ਨ ਵਿੱਚ ਐਫਆਈਆਰ ਦਰਜ ਕੀਤੀ ਗਈ ਹੈ ਅਤੇ ਮਾਮਲੇ ਦੀ ਹੋਰ ਜਾਂਚ ਕੀਤੀ ਜਾ ਰਹੀ ਹੈ।