ਲੋਕ ਦੋਵਾਂ ਪਾਰਟੀਆਂ ਤੋਂ ਅੱਕੇ ਪਏ ਸਨ। ਅਸੀਂ ਰਾਜਨੀਤੀ ’ਚ ਪੈਸਾ ਖਾਣ ਜਾਂ ਧੰਦਾ ਬਣਾਉਣ ਨਹੀਂ ਆਏ ਆਪਣੇ ਧੰਦੇ ਛੱਡ ਕੇ ਰਾਜਨੀਤੀ ’ਚ ਆਏ ਹਾਂ ਕਿ ਲੋਕਾਂ ਨਾਲ ਖੜ੍ਹੀਏ। ਇਨ੍ਹਾਂ ਨੇ ਲੋਕ ਮਾਰਤੇ, ਲੋਕ ਖਾ ਲਏ, ਜੇ ਇਹੀ ਚੱਜ ਦੇ ਹੁੰਦੇ ਤਾਂ ਸਾਨੂੰ ਕੀ ਲੋੜ ਸੀ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਮੰਗਲਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਪ ਉਮੀਦਵਾਰ ਹਰਦੀਪ ਸਿੰਘ ਡਿੰਪੀ ਢਿੱਲੋਂ ਦੇ ਹੱਕ ’ਚ ਹਲਕਾ ਗਿੱਦੜਬਾਹਾ ਦੇ ਪਿੰਡ ਖਿੜਕੀਆਂਵਾਲਾ ਵਿਖੇ ਚੋਣ ਪ੍ਰਚਾਰ ਕਰਦਿਆਂ ਕੀਤਾ। ਉਨ੍ਹਾਂ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ 45 ਹਜ਼ਾਰ ਨੌਕਰੀਆਂ ਦੇ ਕੇ ਤੁਹਾਡਾ ਪੁੱਤ ਸਾਹਮਣੇ ਖੜ੍ਹਾ ਹੈ। ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਰੁਜ਼ਗਾਰ ਦੇਵਾਂਗਾ ਦਿੱਤਾ, 90 ਪ੍ਰਤੀਸ਼ਤ ਪੰਜਾਬ ਦੇ ਘਰਾਂ ਨੂੰ ਬਿਜਲੀ ਦਾ ਬਿੱਲ ਜ਼ੀਰੋ ਆ ਰਿਹਾ ਹੈ। ਗੋਵਿੰਦਵਾਲ ਸਾਹਿਬ ਵਾਲਾ ਥਰਮਲ ਪਲਾਟ ਖਰੀਦਿਆ, ਬਿਜਲੀ ਆਮ ਦਿੱਤੀ ਜਾ ਰਹੀ ਹੈ। ਕੈਪਟਨ ਅਮਰਿੰਦਰ ’ਤੇ ਵਿਅੰਗ ਕਸਦਿਆਂ ਕਿਹਾ ਉਹ ਹਰੇਕ ਡਿਪਾਰਟਮੈਂਟ ’ਚ ਰਿਟਾਇਰਮੈਂਟ ਹੈ। ਵਿਰੋਧੀ ਪਾਰਟੀ ਵੱਲੋਂ ਝਾੜੁੂ ਤੀਲਾ ਤੀਲਾ ਹੋ ਗਿਆ ਕਹਿਣ ’ਤੇ ਕਿਹਾ ਕਿ ਝਾੜੂ ’ਚੋਂ ਜੇਕਰ ਦੋ ਚਾਰ ਤੀਲੇ ਨਿਕਲ ਵੀ ਜਾਣ ਤਾਂ ਵੀ ਸਫਾਈ ਕਰਦਾ ਰਹਿੰਦਾ, ਤੱਕੜੀ ਦੀ ਇਕ ਰੱਸੀ ਟੁੱਟ ਜਾਵੇ ਤਾਂ ਤੋਲਣ ਜੋਗੀ ਨਹੀਂ ਰਹਿੰਦੀ, ਪੰਜੇ ਦੀ ਇਕ ਉੱਗਲ ਟੁੱਟ ਜਾਵੇ ਤਾਂ ਕੁਝ ਹੋਰ ਹੀ ਚਿੰਨ੍ਹ ਬਣ ਜਾਂਦਾ ਹੈ। ਉਨ੍ਹਾਂ ਵਿਰੋਧੀਆਂ ’ਤੇ ਸ਼ਬਦੀ ਹਮਲਾ ਕਰਦਿਆਂ ਕਿਹਾ ਕਿ ਇਕ ਜਿੱਤ ਕੇ ਪਹਿਲਾਂ ਬਠਿੰਡੇ ਚਲਾ ਗਿਆ ਹੁਣ ਫੇਰ ਇੱਥੇ ਆ ਗਿਆ ਕਿ ਹੁਣ ਇੱਥੇ ਰਹੂੰਗਾਂ, ਇਕ ਲੁਧਿਆਣੇ ਚਲਾ ਗਿਆ। ਉਨ੍ਹਾਂ ਕਿਹਾ ਕਿ ਹਰਦੀਪ ਸਿੰਘ ਡਿੰਪੀ ਢਿੱਲੋਂ ਤੁਹਾਡੇ ਹਲਕੇ ਦਾ ਹੈ ਤੇ ਇੱਥੇ ਰਹਿ ਕੇ ਕੰਮ ਕਰੇਗਾ, ਇਸ ਲਈ ਆਪਣਿਆਂ ਨਾਲ ਖੜ੍ਹੋ। ਭਾਜਪਾ ’ਤੇ ਵਰਦਿਆਂ ਮਾਨ ਨੇ ਕਿਹਾ ਕਿ ਮੋਦੀ ਕਹਿੰਦਾ ਕਿ 100 ਰੁਪਏ ਸਿਲੰਡਰ ਸਸਤਾ ਕਰਤਾ ਪਰ ਇਹ ਵੀ ਦੇਖਿਆ ਕਰੀਏ ਕਿ ਹਜ਼ਾਰ ਰੁਪਏ ਮਹਿੰਗਾ ਵੀ ਤਾਂ ਇਸੇ ਨੇ ਹੀ ਕੀਤਾ ਸੀ। ਭਾਜਪਾ ਵਾਲੇ ਵੋਟਾਂ ਵੇਲੇ ਲੋਲੀ ਪੋਪ ਦੇ ਦਿੰਦੇ ਹਨ। ਉਨ੍ਹਾਂ ਕਿਹਾ ਕਿ ਗਿੱਦੜਬਾਹਾ ਵਾਲਿਓ ਸਰਕਾਰ ’ਚ ਹਿੱਸਾ ਪਾਓ ਮੰਗਾਂ ਤੁਹਾਡੀਆਂ, ਕਾਗਜ਼ ਡਿੰਪੀ ਦਾ ਤੇ ਸਾਇਨ ਮੇਰੇ ਹੋਣਗੇ।ਕੈਬਨਿਟ ਮੰਤਰੀ ਅਮਨ ਅਰੋੜਾ ਨੇ ਬੋਲਦਿਆਂ ਕਿਹਾ ਕਿ ਹਲਕੇ ਦੇ ਹਾਲਤ ਦੇਖ ਕੇ ਬੜੀ ਨਮੋਸ਼ੀ ਹੋਈ ਕਿ 13 ਸਾਲਾ ਅਮਰਿੰਦਰ ਸਿੰਘ ਰਾਜਾ ਵੜਿੰਗ ਸਤਾ ’ਚ ਰਹੇ ਜਿਨ੍ਹਾਂ ਗਿੱਦੜਬਾਹਾ ਹਲਕੇ ’ਚ ਢੱਕਾ ਨਹੀਂ ਤੋੜਿਆ। 16 ਸਾਲ ਮਨਪ੍ਰੀਤ ਬਾਦਲ ਸਤਾ ’ਚ ਰਹੇ, ਪੰਜਾਬ ਦੇ ਖ਼ਜਾਨਾ ਮੰਤਰੀ ਰਹੇ ਪਰ ਆਪਣੇ ਹਲਕਾ ਗਿੱਦੜਬਾਹਾ ਦਾ ਕੁਝ ਨਹੀਂ ਸਵਾਰਿਆ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਡਿੰਪੀ ਢਿੱਲੋਂ ਨੂੰ ਇਸ ਲਈ ਟਿਕਟ ਦੇ ਕੇ ਕੇਜਰੀਵਾਲ ਤੇ ਮਾਨ ਸਾਬ੍ਹ ਨੇ ਜ਼ਿੰਮੇਵਾਰੀ ਮੋਢਿਆਂ ’ਤੇ ਪਾਈ ਹੈ ਕਿ ਆਪ ਨੂੰ ਭਗੌੜੇ ਨਹੀਂ ਹੌਥੜੇ ਚਾਹੀਦੇ ਹਨ ਜੋ ਵਰਕਰਾਂ ਲਈ ਅੜ ਸਕਣ, ਲੋਕਾਂ ਨਾਲ ਖੜ੍ਹ ਸਕਣ। ਇਹ ਸੋਚ ਕੇ ਹੀ ਡਿੰਪੀ ਢਿੱਲੋਂ ਨੂੰ ਟਿਕਟ ਦਿੱਤੀ ਹੈ ਕਿਉਂਕਿ ਡਿੰਪੀ ਢਿੱਲੋਂ ’ਚ ਹਲਕੇ ਵਾਸਤੇ ਕੰਮ ਕਰਨ ਦਾ ਜਜਬਾ।
ਡਿੰਪੀ ਢਿੱਲੋਂ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਅਮਰਿੰਦਰ ਸਿੰਘ ਰਾਜਾ ਵੜਿੰਗ 3 ਵਾਰ ਹਲਕੇ ਦੇ ਐਮਐਲਏ ਰਹੇ। ਇਕ ਵਾਰ ਕੈਬਨਿਟ ਮੰਤਰੀ, ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਤੇ ਯੂਥ ਆਲ ਇੰਡੀਆਂ ਦੇ ਪ੍ਰਧਾਨ ਰਹੇ ਤੇ ਇਸ ਵੇਲੇ ਮੌਜੁੂਦਾ ਐਮਪੀ ਹਨ। ਬੀਜੇਪੀ ਦੇ ਮਨਪ੍ਰੀਤ ਬਾਦਲ ਪੰਜ ਵਾਰ ਐਮਐਲਏ ਰਹੇ ਤੇ ਦੋ ਵਾਰ ਫਾਇਨਾਂਸ ਮਨਿਸਟਰ ਰਹੇ ਪਰ ਮੈਂ ਅਜੇ ਤੱਕ ਪੰਚਾਇਤ ਮੈਂਬਰ ਵੀ ਨਹੀਂ ਬਣਿਆ। ਉਨ੍ਹਾਂ ਕਿਹਾ ਕਿ ਮਾਨ ਸਾਬ੍ਹ ਨੇ ਬਰੀਕ ਛਾਣਨੀ ਲਗਾ ਕੇ ਮੈਨੂੰ ਜੋ ਟਿਕਟ ਦਿੱਤੀ ਹੈ। ਉਨ੍ਹਾਂ ਵਿਰੋਧੀਆਂ ਬਾਰੇ ਬੋਲਦਿਆਂ ਕਿਹਾ ਕਿ ਇਸ ਤੋਂ ਪਹਿਲਾਂ ਵਾਲੇ ਐਮਐਲਏ ਚਾਹੁੰਦੇ ਨਹੀਂ ਸਨ ਕਿ ਸਰਕਾਰ ਦੀਆਂ ਸਕੀਮਾਂ ਹਲਕਾ ਗਿੱਦੜਬਾਹਾ ਤੱਕ ਪਹੁੰਚਣ ਤਾਂ ਕਿ ਉਨ੍ਹਾਂ ਦੀ ਬੜ੍ਹਤ ਬਣੀ ਰਹਵੇ ਤੇ ਲੋਕਾਂ ਨੂੰ ਲੱਗੇ ਆਮ ਆਦਮੀ ਪਾਰਟੀ ਕੁਝ ਨਹੀਂ ਕਰ ਰਹੀ। ਉਨ੍ਹਾਂ ਕਿਹਾ ਕਿ ਕਾਂਗਰਸ ਉਹ ਜਮਾਤ ਹੈ ਜਿਸਨੇ 84 ਦੀ ਹਨ੍ਹੇਰੀ ’ਚ ਲੋਕਾਂ ਦੇ ਵਸਦੇ ਘਰ ਉਜੜੇ। ਇਸ ਮੌਕੇ ਹਲਕਾ ਸ੍ਰੀ ਮੁਕਤਸਰ ਸਾਹਿਬ ਤੋਂ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਤੇ ਹੋਰ ਵਿਧਾਇਕ ਤੇ ਵੱਡੀ ਗਿਣਤੀ ’ਚ ਪਾਰਟੀ ਆਗੂ ਤੇ ਵਰਕਰ ਹਾਜ਼ਰ ਸਨ।