ਪਹਿਲਾਂ ਵਿਆਹਾਂ ਵਿਚ ਮਾਮੇ ਦੀ ਹੁੰਦੀ ਸੀ ਖ਼ੂਬ ਪੁੱਛਗਿੱਛ, ਹੁਣ ਰਿਵਾਜ ਬਦਲੇ

ਸਾਰ ਦੇ ਵੱਖ-ਵੱਖ ਦੇਸ਼ਾਂ ਵਿਚ ਜਾਂ ਖੇਤਰਾਂ ਵਿਚ ਵਿਆਹ ਵੀ ਵੱਖ-ਵੱਖ ਰਸਮਾਂ ਨਾਲ ਹੀ ਹੁੰਦੇ ਹਨ| ਜੇ ਪੰਜਾਬ ਦੇ ਪਿੰਡਾਂ ’ਚ ਹੁੰਦੇ ਵਿਆਹਾਂ ਦੀ ਗੱਲ ਕਰੀਏ, ਤਾਂ ਉਹ ਬਹੁਤ ਹੀ ਵਿਲੱਖਣ, ਮਸਤੀ ਭਰੇ, ਗੀਤ-ਸੰਗੀਤਾਂ ਨਾਲ ਸ਼ਿੰਗਾਰੇ, ਗਿੱਧਿਆਂ, ਭੰਗੜਿਆਂ ਦੀ ਧਮਾਲ ਅਤੇ ਸਮਾਜਿਕ ਭਾਈਵਾਲਤਾ ਦੀ ਤਸਵੀਰ ਪੇਸ਼ ਕਰਦੇ ਸਨ| ਕਿਸੇ ਪਿੰਡ ਵਿਚ ਹੋਣ ਵਾਲਾ ਵਿਆਹ ਸਾਰੇ ਪਿੰਡ ਦਾ ਸਾਂਝਾ ਕਾਰਜ ਬਣ ਜਾਂਦਾ ਸੀ ਤੇ ਪਿੰਡ ਦੇ ਹਰ ਘਰ ’ਚ ਵਿਆਹ ਦਾ ਮਾਹੌਲ ਬਣ ਜਾਂਦਾ ਸੀ| ਵਿਆਹ ਵਾਲੇ ਘਰ ਆਏ ਮਹਿਮਾਨ ਸਾਰੇ ਘਰਾਂ ’ਚ ਵੰਡੇ ਜਾਂਦੇ ਸਨ|

ਵਿਆਹ ਭਾਵੇਂ ਕਿਸੇ ਮੁੰਡੇ ਦਾ ਹੋਵੇ ਜਾਂ ਕਿਸੇ ਕੁੜੀ, ਪਿੰਡ ਵਿਚ ਤਾਂ ਮਾਹੌਲ ਖ਼ੁਸ਼ੀਆਂ ਭਰਿਆ ਤੇ ਰੰਗੀਨ ਹੋ ਜਾਂਦਾ ਸੀ| ਪੰਜਾਬ ਦੇ ਪਿੰਡਾਂ ’ਚ ਸਦੀਆਂ ਤੋਂ ਹੀ ਵਿਆਹ ਦੀ ਹਰ ਰਸਮ ਨੂੰ ਸ਼ਗਨਾਂ ਦਾ ਰੂਪ ਦਿੱਤਾ ਜਾਂਦਾ ਸੀ| ਵਿਆਹ ਵਿਚ ਕੁਝ ਵੀ ਕਰਨ ਤੋਂ ਪਹਿਲਾਂ ਚੰਗੇ ਸ਼ਗਨ ਮਨਾਏ ਜਾਂਦੇ ਸਨ ਤੇ ਪੈਰ-ਪੈਰ ’ਤੇ ਇਸ ਗੱਲ ਦਾ ਧਿਆਨ ਰੱਖਿਆ ਜਾਂਦਾ ਸੀ ਕਿ ਵਿਆਹ ਵਿਚ ਕੋਈ ਬਦ-ਸ਼ਗਨ ਨਾ ਹੋ ਜਾਵੇ| ਵਿਆਹ ਦੀ ਚਿੱਠੀ ਦੇ ਦਿਨ ਤੋਂ ਲੈ ਕੇ ਵਿਆਹ ਦੀ ਸੰਪੂਰਨਤਾ ਤਕ ਤਰ੍ਹਾਂ-ਤਰ੍ਹਾਂ ਦੇ ਸ਼ਗਨ ਮਨਾਏ ਜਾਂਦੇ ਸਨ, ਜਿਵੇਂ ਵਿਆਹ ਦੀ ਚਿੱਠੀ ਨੂੰ ਵੀ ਤੋਰਨਾ ਪੰਚਾਇਤ ਵਿਚ ਅਤੇ ਉਹ ਵੀ ਥਾਲ ਵਿਚ ਮਿੱਠਾ, ਖੰਮਣੀ, ਹਲਦੀ, ਸਿੱਕਾ ਆਦਿ ਰੱਖ ਕੇ ਸ਼ਗਨ ਮਨਾਇਆ ਜਾਂਦਾ| ਵਿਆਹ ਤੋਂ ਕਿੰਨੇ ਦਿਨ ਪਹਿਲਾਂ ਵਿਆਹ ਵਾਲੇ ਘਰ ਸ਼ਾਮ ਨੂੰ ਔਰਤਾਂ ਇਕੱਠੀਆ ਹੋ ਕੇ ਸ਼ਗਨਾਂ ਦੇ ਗੀਤ ਗਾਉਂਦੀਆਂ|

ਜਿਵੇਂ ਅਸੀਂ ਦੇਖਦੇ ਆਏ ਹਾਂ ਕਿ ਸਦੀਆਂ ਤੋਂ ਚੱਲਦੀ ਰੀਤ ਅਨੁਸਾਰ ਵਿਆਹ ਵਿਚ ਮਹਿੰਦੀ ਲਗਾਉਣਾ, ਬੰਨ ਲਗਾਉਣਾ ਜਾਂ ਨਾਈਂ-ਧੋਬੀ ਦੀ ਰਸਮ ਖ਼ਾਸ ਹੁੰਦੀਆਂ ਹਨ ਭਾਵੇਂ ਹੋਰ ਵੀ ਬਹੁਤ ਸਾਰੀਆਂ ਰਸਮਾਂ ਹੁੰਦੀਆਂ ਹਨ। ਇਨ੍ਹਾਂ ਤਿੰਨਾਂ ਨੂੰ ਤਾਂ ਔਰਤਾਂ ਖ਼ੂਬ ਗੀਤ ਗਾ ਕੇ ਆਨੰਦਮਈ ਬਣਾ ਦਿੰਦੀਆਂ ਸਨ| ਹਾਂ, ਹਰ ਵਿਆਹ ਵਿਚ ਨਾਨਕਿਆਂ ਦਾ ਰੋਲ ਅਹਿਮ ਹੁੰਦਾ ਸੀ, ਇਹੀ ਕਾਰਨ ਹੁੰਦਾ ਸੀ ਕਿ ਵਿਆਹ ਵਿਚ ਮਾਮਾ ਪੂਰਾ ਪ੍ਰਧਾਨ ਹੁੰਦਾ ਸੀ| ਉਂਜ ਹੀ ਨਹੀਂ ਉਸ ਨੇ ਨਾਨਕਿਆਂ ਵੱਲੋਂ ਮੜ੍ਹੇ ਦੇ ਰੂਪ ਵਿਚ ਸ਼ਗਨ ਕਰ ਕੇ ਕੱਪੜਿਆਂ ਅਤੇ ਗਹਿਣਿਆਂ ਗੱਟਿਆਂ ’ਤੇ ਵੀ ਚੰਗਾ ਖ਼ਰਚ ਕੀਤਾ ਹੁੰਦਾ ਸੀ, ਜਿਸ ਨਾਲ ਗ਼ਰੀਬ ਵਿਆਹ ਵਾਲਿਆਂ ਨੂੰ ਕੋਈ ਸਹਾਰਾ ਮਿਲ ਜਾਂਦਾ ਸੀ| ਇਸੇ ਲਈ ਤਾਂ ਵਿਆਹ ਵਿਚ ਆਈਆਂ ਨਾਨਕਿਆਂ ਵੱਲੋਂ ਔਰਤਾਂ ਮੜ੍ਹੇ ’ਤੇ ਗੀਤ ਗਾਉਂਦੀਆਂ ਕਹਿੰਦੀਆਂ –

ਦੇਖੋ! ਭਾਈ ਦੇਖੋ, ਨਾਨਕ ਛੱਕ,

ਮਾਮੇ ਨੇ ਵਾਰ ਦਿੱਤੀ ਨੋਟਾਂ ਦੀ ਲੱਪ|

ਵਿਆਂਦੜ ਦੀ ਮਾਂ ਨੂੰ ਆਪਣੇ ਭਰਾਵਾਂ ਉੱਤੇ ਮਾਣ ਹੁੰਦਾ ਅਤੇ ਮੁੰਡੇ ਜਾਂ ਕੁੜੀ ਦੇ ਮਾਂ-ਬਾਪ ਵਿਆਹ ਵਿਚ ਹਰ ਸਲਾਹ ਮਾਮੇ ਨਾਲ ਜ਼ਰੂਰ ਕਰਦੇ| ਵੈਸੇ ਵੀ ਬੱਚਿਆਂ ਦਾ ਮਾਮੇ ਨਾਲ ਪਿਆਰ ਹੁੰਦਾ ਹੈ ਕਿਉਂਕਿ ਮਾਮਾ ਕਹਿਣ ਲਈ ਦੋ ਵਾਰ ਮਾਂ ਸ਼ਬਦ ਨੂੰ ਦੁਹਰਾਉਣਾ ਪੈਂਦਾ ਹੈ| ਉਧਰ ਵਿਆਹ ਵਿਚ ਮਾਮੇ ਅਤੇ ਉਸ ਦੀ ਘਰ ਵਾਲੀ ਮਾਮੀ ਨੂੰ ਆਪਣੇ ਭਾਣਜੇ ਜਾਂ ਭਾਣਜੀ ਦੇ ਵਿਆਹ ਦਾ ਪੂਰਾ-ਪੂਰਾ ਚਾਅ ਹੁੰਦਾ ਹੈ| ਪੁਰਾਣੇ ਸਮਿਆਂ ਵਿਚ ਨਾਨਕਾ ਮੇਲ ਕਈ-ਕਈ ਦਿਨ ਵਿਆਹਾਂ ਵਿਚ ਲਗਾ ਜਾਂਦਾ ਸੀ ਤੇ ਨਾਨਕੀਆਂ ਤਾਂ ਵਾਰ-ਵਾਰ ਗਿੱਧਿਆਂ ਦੇ ਪਿੜ ਬੰਨ੍ਹਦੀਆਂ| ਉਧਰ ਮਾਮਾ ਵੀ ਆਪਣੀ ਮਸਤੀ ਵਿਚ ਝੂਮਦਾ ਰਹਿੰਦਾ ਅਤੇ ਵਾਰ-ਵਾਰ ਆਪਣੀ ਘਰਵਾਲੀ ਨੂੰ ਨੱਚ-ਨੱਚ ਧੂੜਾ ਪੁੱਟਣ ਨੂੰ ਕਹਿੰਦਾ-ਨੀ ਨੱਚ ਲੈ ਮੋਰਨੀਏ,

ਨਿੱਤ ਨਿੱਤ ਨੀ ਭਾਣਜੇ ਵਿਆਉਣੇ|

ਉਧਰ ਮਾਮੀ ਵੀ ਇਸ ਮੌਕੇ ਦਾ ਪੂਰਾ-ਪੂਰਾ ਲਾਹਾ ਲੈਂਦੀ ਤੇ ਖ਼ੂਬ ਬਣ ਠਣ ਕੇ ਪੂਰੀ ਟੋਹਰ ਖਿੱਚ ਕੇ ਗਿੱਧੇ ਵਿਚ ਗੇੜਾ ਦੇਂਦੀ ਅਤੇ ਇੰਨੇ ਜ਼ੋਰ ਨਾਲ ਗਿੱਧੇ ਵਿਚ ਨੱਚਦੀ ਕਿ ਪਿੰਡ ਦੀਆਂ ਔਰਤਾਂ ਇਹ ਕਹਿਣ ਤੋਂ ਨਾ ਰੁਕਦੀਆਂ –

ਸੁਣ ਨੀਂ ਮਾਮੀਏ ਨੱਚਣ ਵਾਲੀਏ

ਆਈ ਐਂ ਗਿੱਧੇ ’ਚ ਬਣ ਠਣ ਕੇ

ਕੰਨੀਂ ਤੇਰੇ ਹਰੀਆਂ ਬੋਤਲਾਂ, ਬਾਹੀਂ ਚੂੜਾ ਛਣਕੇ

ਤੀਲੀ ਤੇਰੀ ਨੇ ਮੁਲਕ ਮੋਹ ਲਿਆ,

ਗਲ ਵਿਚ ਮੂੰਗੇ ਮਣਕੇ

ਨੀਂ ਫੇਰ ਕਦ ਨੱਚੇਗੀ, ਨੱਚ ਲੈ ਪਟੋਲਾ ਬਣ ਕੇ|

ਵਿਆਹ ਦੇ ਬਹੁਤ ਸਾਰੇ ਸ਼ਗਨਾਂ ਵਿਚ ਭਾਵੇਂ ਮਾਮੇ ਦੀ ਲੋੜ ਪੈਂਦੀ ਸੀ ਪਰ ਵਿਆਹ ਵਾਲੇ ਦਿਨ, ਜਦੋਂ ਮੁੰਡੇ ਕੁੜੀ ਦੇ ਅਾਨੰਦ ਕਾਰਜ ਜਾਂ ਫੇਰੇ ਹੋਣੇ ਹੁੰਦੇ ਸਨ ਤਾਂ ਇਕ ਬਹੁਤ ਹੀ ਮਹੱਤਵਪੂਰਨ ਰਸਮ ਹੁੰਦੀ ਸੀ ਨਾਈਂ-ਧੋਬੀ ਦੀ| ਵਿਆਂਦੜ ਨੂੰ ਚੌਕੀ ਉਤੇ ਬਿਠਾ ਕੇ ਬਟਨਾ ਮਲਿਆ ਜਾਂਦਾ ਅਤੇ ਫਿਰ ਨਹਾਇਆ ਜਾਂਦਾ| ਇਸ ਮੌਕੇ ਔਰਤਾਂ ਵੱਲੋਂ ਵੀ ਸ਼ਗਨਾਂ ਦੇ ਗੀਤ ਜਾਰੀ ਰਹਿੰਦੇ| ਨਾਈਂ-ਧੋਬੀ ਦੀ ਰਸਮ ਸਮੇਂ ਮਾਮੇ ਨੂੰ ਜ਼ਰੂਰ ਹਾਜ਼ਰ ਹੋਣਾ ਪੈਂਦਾ ਸੀ ਕਿਉਂਕਿ ਵਿਆਂਦੜ ਦੇ ਨਹਾਉਣ ਤੋਂ ਬਾਅਦ ਉਸ ਨੂੰ ਚੌਂਕੀ ਤੋਂ ਮਾਮਾ ਹੀ ਉਤਾਰਦਾ ਸੀ ਅਤੇ ਇਸ ਨੂੰ ਵੱਡਾ ਸ਼ਗਨ ਮੰਨਿਆ ਜਾਂਦਾ ਸੀ|ਵਿਆਹ ਭਾਵੇਂ ਮੁੰਡੇ ਦਾ ਹੋਵੇ ਜਾਂ ਕੁੜੀ ਦਾ ਪਰ ਨਾਈਂ-ਧੋਬੀ ਸਮੇਂ ਉਨ੍ਹਾਂ ਨੂੰ ਚੌਂਕੀ ਤੋਂ ਮਾਮਾ ਹੀ ਉਤਾਰਦਾ ਸੀ| ਕਈ ਵਾਰ ਤਾਂ ਔਰਤਾਂ ਵੱਲੋਂ ਗਾਇਆ ਜਾਂਦਾ –

ਸੱਦੋ ਨੀ ਸੱਦੋ ਕੁੜੀਓ,

ਕੁੜੀ ਨੂੰ ਚੌਂਕੀਓ ਉਤਾਰੇ|

ਚੌਕੀ ਤੋਂ ਵਿਆਂਦੜ ਨੂੰ ਉਤਾਰਨ ਦੀ ਰਸਮ ਵੀ ਬੜੀ ਹੀ ਮਹੱਤਵਪੂਰਨ ਹੁੰਦੀ ਸੀ ਅਤੇ ਇਸ ਕਰਕੇ ਇਸ ਸਮੇਂ ਮਾਮੇ ਦੀ ਖ਼ੂਬ ਪੁੱਛਗਿੱਛ ਹੁੰਦੀ ਸੀ| ਔਰਤਾਂ ਵੀ ਮਿਲ ਕੇ ਗਾਣਾ ਸ਼ੁਰੂ ਕਰ ਦੇਂਦੀਆਂ -ਇਸ ਵੇਲੇ ਜ਼ਰੂਰ

ਮਾਮਾ ਲੋੜੀਂਦਾ|

ਲੋੜੀਂਦਾ ਜ਼ਰੂਰ, ਮਾਮਾ ਲੋੜੀਂਦਾ|

ਵਿਹੜੇ ਵਿਚ ਚੌਂਕੀ ਉੱਤੇ ਮੁੰਡੇ-ਕੁੜੀ ਨੂੰ ਨਹਾਉਂਦੇ ਸਮੇਂ ਵਿਹੜੇ ਵਿਚ ਚਿੱਕੜ ਹੋ ਜਾਂਦਾ ਪਰ ਇਹ ਵੀ ਸ਼ਗਨਾਂ ਦਾ ਰੂਪ ਹੀ ਲੈ ਲੈਂਦਾ ਅਤੇ ਔਰਤਾਂ ਇਸ ਦਾ ਬੁਰਾ ਨਾ ਮਨਾਉਂਦੀਆਂ ਹੋਈਆਂ ਇਸ ਨੂੰ ਸ਼ਗਨਾਂ ਭਰੇ ਗੀਤ ਨਾਲ ਅਾਨੰਦਿਤ ਕਰ ਦੇਂਦੀਆਂ ਅਤੇ ਮਿਲ ਕੇ ਗਾਉਣਾ ਸ਼ੁਰੂ ਕਰ ਦੇਂਦੀਆਂ –

ਆਂਗਨ ਚਿੱਕੜ ਕੀਨੇ ਕੀਤਾ,

ਕੀਨੇ ਡੋਲਿਆ ਪਾਣੀ,

ਜਿਹਨੇ ਡੋਲਿਆ ਪਾਣੀ|

ਪਰ ਚੌਂਕੀ ਤੋਂ ਵਿਆਂਦੜ ਨੂੰ ਉਤਾਰਨਾ ਬਹੁਤ ਹੀ ਭਾਵੁਕ ਦ੍ਰਿਸ਼ ਪੇਸ਼ ਕਰਦਾ ਸੀ ਕਿਉਂਕਿ ਜਿੱਥੇ ਇਹ ਮਾਮੇ ਭਾਣਜੇ ਦੇ ਪਿਆਰ ਦਾ ਪ੍ਰਤੀਕ ਸੀ, ਉੱਥੇ ਹੀ ਰਿਸ਼ਤੇਦਾਰੀ ਦੀ ਇਸ ਪਿਆਰ ਲੜੀ ਨੂੰ ਬਹੁਤ ਹੀ ਸਲੀਕੇ ਦਾ ਦਰਜਾ ਮਿਲਦਾ ਸੀ, ਤਾਂ ਹੀ ਉਸ ਸਮੇਂ ਔਰਤਾਂ ਮਿਲ ਕੇ ਫੇਰ ਗਾਉਂਦੀਆਂ ਸਨ-

ਸੱਦੋ ਨੀ ਸੱਦੋ ਇਹਦੇ ਮਾਮੇ ਨੂੰ

ਲੱਖ ਧਰਮੀ ਨੂੰ

ਲਾਡਲੇ ਨੂੰ ਚੌਂਕੀਓ ਉਤਾਰੇ|

ਰੀਤੀ-ਰਿਵਾਜਾਂ ’ਚ ਆ ਚੁੱਕੀ ਤਬਦੀਲੀ

ਇਸ ਤਰ੍ਹਾਂ ਮਾਮੇ ਵੱਲੋਂ ਵਿਆਂਦੜ ਨੂੰ ਚੌਂਕੀ ਤੋਂ ਉਤਾਰ ਕੇ ਨਾਈਂ-ਧੋਬੀ ਦੀ ਰਸਮ ਨੂੰ ਸੰਪੂਰਨ ਕੀਤਾ ਜਾਂਦਾ ਅਤੇ ਵਿਆਹ ਦੀ ਖ਼ੁਸ਼ੀ ਭਰੀ ਲੜੀ ਨੂੰ ਅੱਗੇ ਤੋਰਿਆ ਜਾਂਦਾ| ਅੱਜ-ਕੱਲ੍ਹ ਜੋ ਦੇਖਣ ਵਿਚ ਆਉਂਦਾ ਹੈ, ਸਾਡੇ ਵਿਆਹਾਂ ਦੇ ਰੀਤੀ-ਰਿਵਾਜਾਂ ਵਿਚ ਬਹੁਤ ਤਬਦੀਲੀ ਆ ਗਈ ਹੈ| ਬਰਾਤ ਜਿਹੜੀ ਕਈ-ਕਈ ਦਿਨ ਠਹਿਰਾਅ ਕਰਦੀ ਸੀ, ਹੁਣ ਇਕ ਦਿਨ ਵਿਚ ਹੀ ਵਾਪਸ ਚਲੀ ਜਾਂਦੀ ਹੈ| ਵਿਆਹ ਵੀ ਘਰਾਂ ਜਾਂ ਗਲੀ-ਮੁਹੱਲਿਆ ਵਿਚ ਹੋਣ ਦੀ ਥਾਂ ਮੈਰਿਜ ਪੈਲੇਸਾਂ ਵਿਚ ਹੋਣ ਲੱਗ ਪਏ ਹਨ| ਇਸ ਤਰ੍ਹਾਂ ਹਰ ਤਰ੍ਹਾਂ ਦੇ ਰਸਮ ਤੇ ਸ਼ਗਨ ਸੀਮਤ ਹੋ ਕੇ ਸਮਾਪਤੀ ’ਤੇ ਆ ਗਏ ਹਨ| ਵਿਆਹ ਵਾਲੇ ਮੁੰਡੇ-ਕੁੜੀ ਅੱਜ-ਕੱਲ੍ਹ ਪੜ੍ਹੇ-ਲਿਖੇ ਹੋਣ ਕਾਰਨ ਜਾਂ ਕਹਿ ਲਵੋ ਕਿ ਜ਼ਿਆਦਾ ਪੜ੍ਹ ਗਏ ਹਨ, ਰਸਮਾਂ ਜਾਂ ਸਮੇਂ ਅਨੁਸਰ ਸ਼ਗਨਾਂ ਦੀ ਪਰਵਾਹ ਨਹੀਂ ਕਰਦੇ ਤੇ ਹਰ ਰੀਤੀ ’ਚ ਆਪਣੀ ਮਰਜ਼ੀ ਕਰਦੇ ਹਨ|ਸਭ ਕੁਝ ਮਿਲਣ ਲੱਗਿਆ ਰੈਡੀਮੇਡ

ਨਾਈ-ਧੋਬੀ ਦੀ ਗੱਲ ਕਰ ਲਵੋ ਤਾਂ ਉਹ ਆਪ ਬਾਥਰੂਮਾਂ ’ਚ ਨਹਾ ਕੇ ਆਪੇ ਕੱਪੜੇ ਪਾ ਕੇ ਤਿਆਰ ਹੋ ਜਾਂਦੇ ਹਨ| ਚੌਂਕੀ ਉੱਤੇ ਬੈਠ ਬਟਨਾ ਲਗਵਾਉਣਾ ਜਾਂ ਚੌਂਕੀ ’ਤੇ ਬੈਠ ਸ਼ਗਨਾਂ ਨਾਲ ਨਾਈ-ਧੋਬੀ ਕਰਨਾ ਉਨ੍ਹਾਂ ਨੂੰ ਪਸੰਦ ਨਹੀਂ, ਤਾਂ ਕੋਈ ਲੋੜ ਨ੍ਹੀਂ ਪੈਂਦੀ ਮਾਮੇ ਦੀ, ਹੁਣ ਔਰਤਾਂ ਕਿਵੇਂ ਗਾਉਣਗੀਆਂ ਕਿ ਬੁਲਾਓ ਧਰਮੀ ਮਾਮੇ ਨੂੰ, ਤਾਂ ਜੋ ਕੁੜੀ ਜਾਂ ਮੁੰਡੇ ਨੂੰ ਚੌਕੀ ਤੋਂ ਉਤਾਰਿਆ ਜਾਵੇ| ਸਾਰਾ ਵਿਰਸਾ ਹੀ ਬਦਲ ਚੁੱਕਿਆ ਏ, ਮਾਮਾ ਵੀ ਵਿਆਹ ਵਿਚ ਆਪਣੀ ਬੁੱਕਤ ਘਟਦੀ ਦੇਖ ਸਮੇਂ ਦੇ ਸਮੇੇਂ ਹੀ ਵਿਆਹ ਵਿਚ ਆਉਂਦਾ ਹੈ| ਕਈ ਵਾਰ ਤਾਂ ਮਾਮਾ ਕਹਿ ਦੇਂਦਾ ਹੈ ਕਿ ਤੁਸੀਂ ਬਰਾਤ ਲੈ ਜਾਣਾ, ਮੈ ਸਿੱਧਾ ਮੈਰਿਜ ਪੈਲੇਸ ਵਿਚ ਪਹੁੰਚ ਜਾਵਾਂਗਾ| ਸਭ ਕੁਝ ਰੈਡੀਮੇਡ ਮਿਲਦਾ ਹੈ, ਖਾਣਾ ਬਣਿਆ ਬਣਾਇਆ ਪਰ ਪਲੇਟ ਦੇ ਹਿਸਾਬ ਨਾਲ ਵਰਤਾਇਆ ਜਾਂਦਾ ਹੈ, ਫਿਰ ਮਾਮੇ ਨਾਲ ਸਲਾਹ ਵੀ ਕਿਸ ਗੱਲ ਦੀ ਕਰਨੀ ਹੈ। ਜਲਦੀ-ਜਲਦੀ ’ਚ ਹੁੰਦੇ ਵਿਆਹਾਂ ਵਿਚ ਮਾਮੀ ਨੂੰ ਨੱਚਣ ਦਾ ਮੌਕਾ ਨਹੀਂ ਮਿਲਦਾ| ਉਹ ਵੀ ਕਹਿ ਦੇਂਦੀ ਹੈ ਕਿ ਜਦੋਂ ਵਿਆਹ ਵਿਚ ਗਿੱਧੇ ਦਾ ਪਿੜ ਹੀ ਨਹੀਂ ਲੱਗਦਾ, ਉਹ ਕਿਹੜੇ ਵਿਹੜੇ ਨੱਚੇ।