ਗੌਤਮ ਗੰਭੀਰ ਦੀ ਕੋਚਿੰਗ ‘ਚ ਭਾਰਤ ਨੂੰ ਮਿਲਿਆ ਸਭ ਤੋਂ ਵੱਡਾ ਜ਼ਖ਼ਮ, ਟੁੱਟ ਗਈਆਂ ਉਮੀਦਾਂ

ਨਵੀਂ ਦਿੱਲੀ- ਟੀਮ ਇੰਡੀਆ ਨੇ ਇਸੇ ਸਾਲ ਟੀ-20 ਵਿਸ਼ਵ ਕੱਪ ਦਾ ਖਿਤਾਬ ਜਿੱਤਿਆ ਸੀ। ਇਸ ਤੋਂ ਬਾਅਦ ਲੱਗ ਰਿਹਾ ਸੀ ਕਿ ਟੀਮ ਇੰਡੀਆ ਹੋਰ ਅੱਗੇ ਵਧੇਗੀ। ਇਸ ਦਾ ਇਕ ਕਾਰਨ ਸੀ ਕਿ ਟੀਮ ਇੰਡੀਆ ਦੇ ਕੋਚਿੰਗ ਸਟਾਫ ‘ਚ ਬਦਲਾਅ ਕੀਤਾ ਗਿਆ। ਰਾਹੁਲ ਦ੍ਰਾਵਿੜ ਨੇ ਟੀ-20 ਵਿਸ਼ਵ ਕੱਪ ਤੋਂ ਬਾਅਦ ਮੁੱਖ ਕੋਚ ਦਾ ਅਹੁਦਾ ਛੱਡ ਦਿੱਤਾ ਸੀ। ਨਵੇਂ ਕੋਚ ਗੌਤਮ ਗੰਭੀਰ (Gautam Gambhir) ਦੀ ਐਂਟਰੀ ਹੋਈ। ਗੰਭੀਰ IPL-2024 ‘ਚ ਕੋਲਕਾਤਾ ਨਾਈਟ ਰਾਈਡਰਜ਼ ਨੂੰ ਜੇਤੂ ਬਣਾ ਕੇ ਆ ਰਿਹਾ ਸੀ। ਅਜਿਹੇ ‘ਚ ਲੱਗ ਰਿਹਾ ਸੀ ਕਿ ਉਹ ਟੀਮ ਇੰਡੀਆ ਨੂੰ ਨਵੇਂ ਆਯਾਮ ਤਕ ਲਿਜਾਵੇਗਾ ਪਰ ਜਦੋਂ ਤੋਂ ਗੰਭੀਰ ਆਇਆ ਹੈ, ਉਦੋਂ ਤੋਂ ਟੀਮ ਇੰਡੀਆ ਬੈਕਫੁੱਟ ‘ਤੇ ਆ ਰਹੀ ਹੈ।

ਗੰਭੀਰ ਨੂੰ ਬੀਸੀਸੀਆਈ (BCCI) ਨੇ ਚਾਰ ਸਾਲਾਂ ਲਈ ਭਾਰਤੀ ਟੀਮ ਦੀ ਜ਼ਿੰਮੇਵਾਰੀ ਸੌਂਪੀ ਹੈ। ਭਾਵ ਉਹ 2027 ‘ਚ ਹੋਣ ਵਾਲੇ ਵਨਡੇ ਵਿਸ਼ਵ ਕੱਪ ਤਕ ਟੀਮ ਨਾਲ ਬਣਿਆ ਰਹੇਗਾ। ਗੰਭੀਰ ਦੀ ਅਗਵਾਈ ‘ਚ ਟੀਮ ਨੇ ਜਿਸ ਤਰ੍ਹਾਂ ਦਾ ਪ੍ਰਦਰਸ਼ਨ ਕੀਤਾ ਹੈ, ਉਸ ਨੇ ਸਾਰੀਆਂ ਉਮੀਦਾਂ ‘ਤੇ ਪਾਣੀ ਫੇਰ ਦਿੱਤਾ ਹੈ।

ਟੀਮ ਇੰਡੀਆ ਦੇ ਕੋਚ ਵਜੋਂ ਗੰਭੀਰ ਦਾ ਕਾਰਜਕਾਲ ਸ਼੍ਰੀਲੰਕਾ ਦੌਰੇ ਤੋਂ ਸ਼ੁਰੂ ਹੋਇਆ ਸੀ। ਭਾਰਤ ਨੇ ਇਸ ਦੌਰੇ ‘ਤੇ ਟੀ-20 ਅਤੇ ਵਨਡੇ ਸੀਰੀਜ਼ ਖੇਡੀ। ਟੀਮ ਇੰਡੀਆ ਨੇ ਟੀ-20 ਸੀਰੀਜ਼ ਜਿੱਤੀ ਸੀ ਪਰ ਵਨਡੇ ਸੀਰੀਜ਼ ‘ਚ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਸ਼੍ਰੀਲੰਕਾ ਨੇ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ‘ਚ ਭਾਰਤ ਨੂੰ 2-0 ਨਾਲ ਹਰਾਇਆ ਸੀ। 27 ਸਾਲਾਂ ‘ਚ ਇਹ ਪਹਿਲਾ ਮੌਕਾ ਸੀ ਜਦੋਂ ਸ਼੍ਰੀਲੰਕਾ ਨੇ ਭਾਰਤ ਨੂੰ ਵਨਡੇ ਸੀਰੀਜ਼ ‘ਚ ਹਰਾਇਆ ਸੀ। ਇਹ ਵਨਡੇ ਸੀਰੀਜ਼ ਸਾਲ 2024 ‘ਚ ਭਾਰਤ ਦੀ ਆਖਰੀ ਵਨਡੇ ਸੀਰੀਜ਼ ਸੀ। ਇਸ ਸਾਲ ਭਾਰਤ ਇਕ ਵੀ ਵਨਡੇ ਸੀਰੀਜ਼ ਨਹੀਂ ਜਿੱਤ ਸਕਿਆ, ਜੋ ਆਪਣੇ 45 ਸਾਲਾਂ ਦੇ ਇਤਿਹਾਸ ਵਿਚ ਪਹਿਲੀ ਵਾਰ ਹੋਇਆ ਹੈ।

ਸ਼੍ਰੀਲੰਕਾ ਦੌਰੇ ਤੋਂ ਬਾਅਦ ਬੰਗਲਾਦੇਸ਼ ਦੀ ਟੀਮ ਭਾਰਤ ਦੌਰੇ ‘ਤੇ ਆਈ ਸੀ। ਭਾਰਤ ਨੇ ਟੀ-20 ਸੀਰੀਜ਼ ‘ਚ ਦਮਦਾਰ ਪ੍ਰਦਰਸ਼ਨ ਕਰਦਿਆਂ ਬੰਗਲਾਦੇਸ਼ ਨੂੰ 3-0 ਨਾਲ ਹਰਾਇਆ। ਭਾਰਤ ਨੇ ਬੰਗਲਾਦੇਸ਼ ਨੂੰ ਟੈਸਟ ਸੀਰੀਜ਼ ‘ਚ ਵੀ 2-0 ਨਾਲ ਹਰਾਇਆ ਸੀ ਪਰ ਟੀਮ ਇੰਡੀਆ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਜੇ ਚੇਨਈ ‘ਚ ਖੇਡੇ ਗਏ ਪਹਿਲੇ ਟੈਸਟ ਮੈਚ ‘ਚ ਰਵੀਚੰਦਰਨ ਅਸ਼ਵਿਨ ਅਤੇ ਰਵਿੰਦਰ ਜਡੇਜਾ ਨੇ ਚੰਗਾ ਪ੍ਰਦਰਸ਼ਨ ਨਾ ਕੀਤਾ ਹੁੰਦਾ ਤਾਂ ਭਾਰਤ ਦੀ ਸਥਿਤੀ ਹੋਰ ਖਰਾਬ ਹੋ ਸਕਦੀ ਸੀ।

ਇਸ ਤੋਂ ਬਾਅਦ ਨਿਊਜ਼ੀਲੈਂਡ ਦੀ ਟੀਮ ਭਾਰਤ ਦੌਰੇ ‘ਤੇ ਆਈ। ਸ਼੍ਰੀਲੰਕਾ ਨੇ ਘਰੇਲੂ ਮੈਦਾਨ ‘ਤੇ ਟੈਸਟ ਸੀਰੀਜ਼ ‘ਚ ਨਿਊਜ਼ੀਲੈਂਡ ਨੂੰ ਬੁਰੀ ਤਰ੍ਹਾਂ ਨਾਲ ਹਰਾਇਆ ਸੀ। ਲੱਗ ਰਿਹਾ ਸੀ ਕਿ ਭਾਰਤ ਵੀ ਕੀਵੀ ਟੀਮ ਨਾਲ ਅਜਿਹਾ ਹੀ ਕਰੇਗਾ ਪਰ ਹੋਇਆ ਇਸ ਦੇ ਉਲਟ। ਨਿਊਜ਼ੀਲੈਂਡ ਨੇ ਇਤਿਹਾਸ ਰਚਦਿਆਂ ਭਾਰਤ ਨੂੰ ਤਿੰਨ ਮੈਚਾਂ ਦੀ ਟੈਸਟ ਸੀਰੀਜ਼ ‘ਚ 3-0 ਨਾਲ ਕਲੀਨ ਸਵੀਪ ਕਰ ਦਿੱਤਾ ਹੈ। ਇਹ ਪਹਿਲੀ ਵਾਰ ਹੈ ਜਦੋਂ ਕਿਸੇ ਟੀਮ ਨੇ ਭਾਰਤ ਵਿੱਚ ਤਿੰਨ ਜਾਂ ਇਸ ਤੋਂ ਵੱਧ ਮੈਚਾਂ ਦੀ ਟੈਸਟ ਲੜੀ ਵਿਚ ਭਾਰਤ ਨੂੰ ਕਲੀਨ ਸਵੀਪ ਕੀਤਾ ਹੈ।

ਨਿਊਜ਼ੀਲੈਂਡ ਨੇ ਭਾਰਤ ‘ਚ ਕਦੇ ਵੀ ਟੈਸਟ ਸੀਰੀਜ਼ ਨਹੀਂ ਜਿੱਤੀ ਸੀ ਪਰ ਟਾਮ ਲੈਥਮ ਦੀ ਕਪਤਾਨੀ ਵਾਲੀ ਟੀਮ ਨੇ ਅਜਿਹਾ ਕਰ ਦਿੱਤਾ। ਇਸ ਦੌਰਾਨ ਟੀਮ ਇੰਡੀਆ ’ਚ ਕਈ ਕਮੀਆਂ ਦੇਖਣ ਨੂੰ ਮਿਲੀਆਂ। ਭਾਰਤ ਪੁਣੇ ਅਤੇ ਮੁੰਬਈ ਟੈਸਟ ਮੈਚ ਉਦੋਂ ਹਾਰ ਗਿਆ, ਜਦੋਂ ਜਿੱਤ ਲਈ ਢਾਈ ਤੋਂ ਤਿੰਨ ਦਿਨ ਬਾਕੀ ਸਨ। ਭਾਰਤ ਨੂੰ ਘਰੇਲੂ ਮੈਦਾਨ ‘ਤੇ ਸ਼ਾਇਦ ਹੀ ਕਿਸੇ ਟੀਮ ਨੇ ਇਸ ਤੋਂ ਵੱਡਾ ਜ਼ਖ਼ਮ ਦਿੱਤਾ ਹੋਵੇ।

ਨਿਊਜ਼ੀਲੈਂਡ ਖ਼ਿਲਾਫ਼ ਹਾਰ ਤੋਂ ਬਾਅਦ ਗੰਭੀਰ ਸਵਾਲਾਂ ਦੇ ਘੇਰੇ ‘ਚ ਹਨ। ਉਸ ਦੀ ਕੋਚਿੰਗ ‘ਤੇ ਸਵਾਲ ਉੱਠ ਰਹੇ ਹਨ। ਜੇ ਟੀਮ ਦੇ ਹੱਥ ਆਸਟ੍ਰੇਲੀਆ ਦੌਰੇ ‘ਤੇ ਨਿਰਾਸ਼ਾ ਲੱਗਦੀ ਹੈ ਅਤੇ ਆਈਸੀਸੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਫਾਈਨਲ ਖੇਡਣ ਦਾ ਸੁਪਨਾ ਟੁੱਟਦਾ ਹੈ ਤਾਂ ਗੰਭੀਰ ‘ਤੇ ਸਵਾਲਾਂ ਅਤੇ ਆਲੋਚਨਾਵਾਂ ਦੀ ਬੁਛਾਰ ਤੇਜ਼ ਹੋ ਜਾਵੇਗੀ।