100 ਸੁਰੱਖਿਆ ਮੁਲਾਜ਼ਮਾਂ ਦੇ ਘੇਰੇ ’ਚ ਰਹੇਗਾ ਪਾਕਿਸਤਾਨ ਜਾਣ ਵਾਲਾ ਭਾਰਤੀ ਜਥਾ, ਵਾਘਾ ਸਰਹੱਦ ਤੋਂ 20 ਬੱਸਾਂ ਦੇ ਕਾਫ਼ਲੇ ’ਚ ਹੋਵੇਗਾ ਰਵਾਨਾ

 ਅੰਮ੍ਰਿਤਸਰ – ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਪਾਕਿਸਤਾਨ ਸਥਿਤ ਗੁਰੂਧਾਮਾਂ ਦੇ ਦਰਸ਼ਨਾਂ ਲਈ 14 ਨਵੰਬਰ ਨੂੰ ਅਟਾਰੀ ਸੜਕ ਮਾਰਗ ਰਾਹੀਂ 3,000 ਤੋਂ ਵੱਧ ਸ਼ਰਧਾਲੂਆਂ ਦਾ ਭਾਰਤੀ ਜਥਾ ਰਵਾਨਾ ਹੋਵੇਗਾ। ਜਥੇ ਦੇ ਵਾਘਾ ਬਾਰਡਰ ਪੁੱਜਦੇ ਹੀ 100 ਤੋਂ ਵੱਧ ਸੁਰੱਖਿਆ ਮੁਲਾਜ਼ਮ ਉਨ੍ਹਾਂ ਨੂੰ ਸੁਰੱਖਿਆ ਘੇਰੇ ’ਚ ਲੈ ਲੈਣਗੇ। ਪਿਛਲੀ ਵਾਰ 70 ਸੁਰੱਖਿਆ ਮੁਲਾਜ਼ਮ ਨਾਲ ਗਏ ਸਨ। ਪਾਕਿਸਤਾਨ ਸਥਿਤ ਵਾਘਾ ਸਰਹੱਦ ਤੋਂ ਭਾਰੀ ਸੁਰੱਖਿਆ ਪ੍ਰਬੰਧਾਂ ’ਚ ਸੰਗਤ ਨੂੰ 20 ਬੱਸਾਂ ’ਚ ਸੜਕ ਮਾਰਗ ਰਾਹੀਂ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਲਿਜਾਇਆ ਜਾਵੇਗਾ। ਸ੍ਰੀ ਨਨਕਾਣਾ ਸਾਹਿਬ ਸਿੱਖ ਯਾਤਰੀ ਜਥੇ ਦੇ ਉਪ ਪ੍ਰਦਾਨ ਰੋਬਿਨ ਗਿੱਲ ਨੇ ਪਾਕਿਸਤਾਨ ਸਿੱਖ ਗੁਰੁਦਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਪੰਜਾਬ ਸੂਬੇ ਦੇ ਘੱਟ ਗਿਣਤੀ ਵਰਗ ਦੇ ਮੰਤਰੀ ਰਮੇਸ਼ ਸਿੰਘ ਅਰੋੜਾ ਦੇ ਹਵਾਲੇ ਨਾਲ ਦੱਸਿਆ ਹੈ ਕਿ ਜਥੇ ਦੀ ਸੁਰੱਖਿਆ ਵਧਾਉਣ ਦਾ ਫ਼ੈਸਲਾ ਹੁਣੇ ਜਿਹੇ ਰਮੇਸ਼ ਸਿੰਘ ਅਰੋੜਾ ਦੀ ਅਗਵਾਈ ’ਚ ਹੋਈ ਉੱਚ ਪੱਧਰੀ ਬੈਠਕ ’ਚ ਲਿਆ ਗਿਆ ਹੈ। ਇਸ ਤੋਂ ਇਲਾਵਾ ਬੈਠਕ ’ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸੰਗਤ ਦੀਆਂ ਸਹੂਲਤਾਂ ਦੇ ਵਿਸ਼ੇਸ਼ ਪ੍ਰਬੰਧਾਂ ਨੂੰ ਧਿਆਨ ’ਚ ਰੱਖਦੇ ਹੋਏ ਸੇਵਾਦਾਰਾਂ ਤੇ ਗ੍ਰੰਥੀਆਂ ਦੀ ਗਿਣਤੀ ’ਚ ਵਾਧੇ ਦਾ ਵੀ ਫ਼ੈਸਲਾ ਲਿਆ ਗਿਆ ਹੈ। ਇਸ ਤਹਿਤ ਧਾਰਮਿਕ ਪ੍ਰੋਗਰਾਮਾਂ ਨੂੰ ਕਾਮਯਾਬੀ ਨਾਲ ਕਰਵਾਉਣ ’ਚ ਯੋਗਦਾਨ ਦੇਣ ਲਈ ਕਰੀਬ 15 ਹੋਰ ਗ੍ਰੰਥੀਆਂ ਦੀ ਨਿਯੁਕਤੀ ਵੀ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਏਨੇ ਹੀ ਸੇਵਾਦਾਰਾਂ ਦੀ ਨਿਯੁਕਤੀ ਵੀ ਵੱਖ-ਵੱਖ ਗੁਰਦੁਆਰਿਆਂ ’ਚ ਕੀਤੀ ਜਾਵੇਗੀ।

14 ਨਵੰਬਰ ਨੂੰ ਜਥਾ ਪਾਕਿਸਤਾਨ ਸਥਿਤ ਵਾਘਾ ਸਰਹੱਦ ’ਤੇ ਪੁੱਜਣ ਤੋਂ ਬਾਅਦ 20 ਵਿਸ਼ੇਸ਼ ਬੱਸਾਂ ਰਾਹੀਂ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਲਈ ਰਵਾਨਾ ਹੋਵੇਗਾ। 15 ਨਵੰਬਰ ਨੂੰ ਨਨਕਾਣਾ ਸਾਹਿਬ ’ਚ ਸ੍ਰੀ ਆਖੰਡ ਪਾਠ ਤੋਂ ਬਾਅਦ ਮੁੱਖ ਮੁੱਖ ਧਾਰਮਿਕ ਸਮਾਗਮ ਕੀਤਾ ਜਾਵੇਗਾ। 16 ਨਵੰਬਰ ਨੂੰ ਗੁਰਦੁਆਰਾ ਸੱਚਾ ਸੌਦਾ ’ਚ ਰਾਤ ਦੇ ਠਹਿਰਾਅ ਤੋਂ ਬਾਅਦ ਜਥਾ 17 ਨਵੰਬਰ ਨੂੰ ਗੁਰਦੁਆਰਾ ਪੰਜਾ ਸਾਹਿਬ ਰਵਾਨਾ ਹੋਵੇਗਾ। ਜਥਾ 18 ਨਵੰਬਰ ਨੂੰ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਤੋਂ ਬਾਅਦ 19 ਨਵੰਬਰ ਨੂੰ ਇੱਥੇ ਰੁਕੇਗਾ। 20 ਨਵੰਬਰ ਸਵੇਰੇ ਜਥਾ ਲਾਹੌਰ ਸਥਿਤ ਗੁਰਦੁਆਰਾ ਰੋੜੀ ਸਾਹਿਬ, 21 ਨਵੰਬਰ ਨੂੰ ਗੁਰਦੁਆਰਾ ਡੇਰਾ ਸਾਹਿਬ ਲਾਹੌਰ ਦੇ ਦਰਸ਼ਨ ਕਰੇਗਾ। 22 ਨਵੰਬਰ ਨੂੰ ਡੇਰਾ ਸਾਹਿਬ ’ਚ ਰਾਤ ਰੁਕਣ ਤੋਂ ਬਾਅਦ 23 ਨਵੰਬਰ ਨੂੰ ਜਥਾ ਵਤਨ ਪਰਤੇਗਾ।