ਨਿਊਜ਼ੀਲੈਂਡ ਖ਼ਿਲਾਫ਼ ਪਹਿਲੀ ਪਾਰੀ ’ਚ ਭਾਰਤ 263 ’ਤੇ ਆਲ ਆਊਟ

ਮੁੰਬਈ-ਖੱਬੂ ਫਿਰਕੀ ਗੇਂਦਬਾਜ਼ ਐਜਾਜ਼ ਪਟੇਲ ਵੱਲੋਂ 103 ਦੌੜਾਂ ਦੇ ਕੇ ਭਾਰਤ ਦੀਆਂ ਪੰਜ ਵਿਕਟਾਂ ਝਟਕਾਏ ਜਾਣ ਸਦਕਾ ਨਿਊਜ਼ੀਲੈਂਡ ਨੇ ਤੀਜੇ ਟੈਸਟ ਦੀ ਪਹਿਲੀ ਪਾਰੀ ਵਿਚ ਮੇਜ਼ਬਾਨ ਭਾਰਤ ਨੂੰ ਸ਼ਨਿੱਚਰਵਾਰ ਨੂੰ 263 ਦੌੜਾਂ ‘ਤੇ ਆਊਟ ਕਰ ਦਿੱਤਾ। ਇਸ ਕਾਰਨ ਮੇਜ਼ਬਾਨ ਟੀਮ ਨੂੰ ਪਹਿਲੀ ਪਾਰੀ ਦੇ ਆਧਾਰ ਉਤੇ ਮਹਿਜ਼ 28 ਦੌੜਾਂ ਦੀ ਲੀਡ ਹਾਸਲ ਹੋਈ ਹੈ। ਤਿੰਨ ਟੈਸਟ ਮੈਚਾਂ ਦੀ ਲੜੀ ਦਾ ਇਹ ਤੀਜਾ ਤੇ ਆਖ਼ਰੀ ਟੈਸਟ ਮੈਚ ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿਚ ਖੇਡਿਆ ਜਾ ਰਿਹਾ ਹੈ।

ਭਾਰਤ ਨੇ ਅੱਜ ਬੀਤੇ ਦਿਨ ਦੇ ਆਪਣੇ 4 ਵਿਕਟਾਂ ਉਤੇ 86 ਦੌੜਾਂ ਦੇ ਸਕੋਰ ਤੋਂ ਦੂਜੇ ਦਿਨ ਦੀ ਖੇਡ ਦੀ ਸ਼ੁਰੂਆਤ ਕੀਤੀ। ਭਾਰਤ ਲਈ ਰਿਸ਼ਭ ਪੰਤ (60) ਨੇ ਜ਼ੋਰਦਾਰ ਹਮਲਾਵਰ ਪਾਰੀ ਖੇਡੀ ਅਤੇ ਆਪਣਾ ਨੀਮ ਸੈਂਕੜਾ ਪੂਰਾ ਕੀਤਾ। ਦੂਜੇ ਪਾਸੇ ਸ਼ੁਭਮਨ ਗਿੱਲ (90) ਮਹਿਜ਼ 10 ਦੌੜਾਂ ਨਾਲ ਸੈਂਕੜੇ ਤੋਂ ਖੁੰਝ ਗਿਆ।ਇਸ ਦੌਰਾਨ ਨਿਊਜ਼ੀਲੈਂਡ ਨੇ ਕੁਝ ਕੈਚ ਵੀ ਛੱਡੇ, ਨਹੀਂ ਤਾਂ ਭਾਰਤੀ ਪਾਰੀ ਹੋਰ ਛੇਤੀ ਢਹਿ ਢੇਰੀ ਹੋ ਸਕਦੀ ਸੀ। ਨਿਊਜ਼ੀਲੈਂਡ ਨੂੰ ਈਸ਼ ਸੋਢੀ ਨੇ 38ਵੇਂ ਓਵਰ ‘ਚ ਪੰਤ ਨੂੰ ਐੱਲਬੀਡਬਲਿਊ ਆਊਟ ਕਰ ਕੇ ਸਫਲਤਾ ਦਿਵਾਈ। ਪੰਤ ਦੇ ਝਟਕੇ ਨੇ ਭਾਰਤ ਦੀ ਦੌੜਾਂ ਬਣਾਉਣ ਦੀ ਰਫ਼ਤਾਰ ਮੱਠੀ ਕਰ ਦਿੱਤੀ, ਹਾਲਾਂਕਿ ਗਿੱਲ ਨੇ ਘਾਟੇ ਨੂੰ ਪੂਰਾ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਰੱਖੀਆਂ। ਪਹਿਲੇ ਦਿਨ ਦੋ ਵਿਕਟਾਂ ਲੈਣ ਵਾਲੇ ਪਟੇਲ ਨੇ ਅੱਜ ਗਿੱਲ, ਸਰਫਰਾਜ਼ ਖਾਨ ਅਤੇ ਆਰ ਅਸ਼ਵਿਨ ਨੂੰ ਪੈਵੇਲਿਅਨ ਭੇਜ ਕੇ ਆਪਣੀਆਂ ਪੰਜ ਵਿਕਟਾਂ ਪੂਰੀਆਂ ਕੀਤੀਆਂ।

ਨਿਊਜ਼ੀਲੈਂਡ ਪਹਿਲੀ ਪਾਰੀ: 65.4.1 ਓਵਰਾਂ ਵਿੱਚ 235 ’ਤੇ ਆਲ ਆਊਟ (ਡੈਰਲ ਮਿਸ਼ੇਲ 82, ਵਿਲ ਯੰਗ 71; ਗੇਂਦਬਾਜ਼ੀ ਭਾਰਤ: ਰਵਿੰਦਰ ਜਡੇਜਾ 5/65, ਵਾਸ਼ਿੰਗਟਨ ਸੁੰਦਰ 4/81)

ਭਾਰਤ ਪਹਿਲੀ ਪਾਰੀ: 59.4 ਓਵਰਾਂ ਵਿੱਚ 263 ’ਤੇ ਆਲ ਆਊਟ (ਸ਼ੁਭਮਨ ਗਿੱਲ 90, ਰਿਸ਼ਭ ਪੰਤ 60; ਗੇਂਦਬਾਜ਼ੀ ਨਿਊਜ਼ੀਲੈਂਡ: ਐਜਾਜ਼ ਪਟੇਲ 5/103)।