ਨਵੀਂ ਦਿੱਲੀ – ਇਸ ਵਾਰ ਦੀ ਦੀਵਾਲੀ ਤਿੰਨ ਸਾਲਾਂ ਵਿਚ ਸਭ ਤੋਂ ਵੱਧ ਪ੍ਰਦੂਸ਼ਿਤ ਰਹੀ ਹੈ। ਪਰਾਲੀ ਜਲਾਉਣ ਦੇ ਮਾਮਲਿਆਂ ’ਚ ਈ ਤੇਜ਼ੀ, ਪਟਾਕੇ ਚਲਾਉਣ ਤੇ ਮੌਸਮ ਦੇ ਕਾਰਨਾਂ ਕਰਕੇ ਦਿੱਲੀ ਦੀ ਹਵਾ ਦੀ ਗੁਣਵੱਤਾ ਦਾ ਪੱਧਰ ਪਿਛਲੇ ਦੋ ਸਾਲਾਂ ਦੇ ਮੁਕਾਬਲੇ ਘਟਿਆ ਹੈ। ਹਾਲਾਂਕਿ ਤੇਜ਼ ਰਫ਼ਤਾਰ ਹਵਾ ਨੇ ਏਕਿਊਆਈ ਨੂੰ ਗੰਭੀਰ ਸ਼੍ਰੇਣੀ ਤਕ ਨਹੀਂ ਪਹੁੰਚਣ ਦਿੱਤਾ।
ਇਸ ਵਾਰ ਦਿੱਲੀ ਵਿਚ ਮੌਨਸੂਨ ਦਾ ਸੀਜ਼ਨ ਆਮ ਨਾਲੋਂ ਬਿਹਤਰ ਰਿਹਾ। ਇਸ ਕਾਰਨ ਹਵਾ ਦੀ ਗੁਣਵੱਤਾ ਵੀ ਪਹਿਲਾਂ ਨਾਲੋਂ ਸਾਫ਼ ਰਹੀ ਪਰ 10 ਅਕਤੂਬਰ ਤੋਂ ਹਵਾ ਦੀ ਗੁਣਵੱਤਾ ਵਿਗੜਨੀ ਸ਼ੁਰੂ ਹੋ ਗਈ ਅਤੇ 13 ਤਰੀਕ ਤੋਂ ਹਵਾ ਖਰਾਬ ਸ਼੍ਰੇਣੀ ਵਿਚ ਚਲੇ ਗਈ।
ਇਸ ਤੋਂ ਬਾਅਦ ਹੁਣ ਤਕ ਸਿਰਫ ਇਕ ਦਿਨ ਅਜਿਹਾ ਹੋਇਆ ਹੈ ਜਦੋਂ ਹਵਾ ਦੀ ਗੁਣਵੱਤਾ ਦਾ ਪੱਧਰ 200 ਤੋਂ ਹੇਠਾਂ ਡਿੱਗ ਗਿਆ ਹੈ। ਹਵਾ ਦੀ ਘਟਦੀ ਰਫ਼ਤਾਰ ਅਤੇ ਪਰਾਲੀ ਦੇ ਧੂੰਏਂ ਦਾ ਅਸਰ ਹੁਣ ਦਿੱਲੀ ਦੀ ਹਵਾ ‘ਤੇ ਸਾਫ਼ ਦਿਖਾਈ ਦੇ ਰਿਹਾ ਹੈ। ਹੁਣ ਤਕ ਦੇ ਮੌਸਮ ਦੇ ਰੁਝਾਨ ਮੁਤਾਬਿਕ ਇਹ ਭਵਿੱਖਬਾਣੀ ਕੀਤੀ ਜਾ ਰਹੀ ਸੀ ਕਿ ਦੀਵਾਲੀ ਤੋਂ ਪਹਿਲਾਂ ਹਵਾ ਬਹੁਤ ਖ਼ਰਾਬ ਸ਼੍ਰੇਣੀ ਵਿਚ ਰਹੇਗੀ ਪਰ ਦੀਵਾਲੀ ਵਾਲੇ ਦਿਨ ਯਾਨੀ 31 ਤਰੀਕ ਨੂੰ ਹਵਾ ਗੰਭੀਰ ਸ਼੍ਰੇਣੀ ਵਿਚ ਪਹੁੰਚ ਸਕਦੀ ਹੈ।
ਪਰ ਹਵਾ ਦੀ ਤੇਜ਼ ਰਫ਼ਤਾਰ ਨੇ ਅਜਿਹਾ ਨਹੀਂ ਹੋਣ ਦਿੱਤਾ। CPCB ਦੇ ਅੰਕੜੇ ਦੱਸਦੇ ਹਨ ਕਿ ਪਿਛਲੇ ਸਾਲ ਯਾਨੀ 2023 ਵਿਚ ਦੀਵਾਲੀ ਤੋਂ ਪਹਿਲਾਂ ਅਤੇ ਦੀਵਾਲੀ ਵਾਲੇ ਦਿਨ ਹਵਾ ਸਭ ਤੋਂ ਸਾਫ਼-ਸੁਥਰੀ ਰਹੀ ਸੀ।