ਕੱਛ-ਸਰਹੱਦਾਂ ‘ਤੇ ਹਥਿਆਰਬੰਦ ਬਲਾਂ ਅਤੇ ਹੋਰ ਸੁਰੱਖਿਆ ਬਲਾਂ ਦੇ ਨਾਲ ਦੀਵਾਲੀ ਮਨਾਉਣ ਦੀ ਆਪਣੀ ਰਵਾਇਤ ਨੂੰ ਜਾਰੀ ਰੱਖਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਵੀ ਦੀਵਾਲੀ ਦਾ ਤਿਉਹਾਰ ਗੁਜਰਾਤ ਵਿਚ ਕੱਛ ਦੇ ਸਰ ਕਰੀਕ ਖੇਤਰ ਵਿੱਚ ਸੀਮਾ ਸੁਰੱਖਿਆ ਬਲ (BSF), ਭਾਰਤੀ ਸੈਨਾ, ਜਲ ਸੈਨਾ ਅਤੇ ਹਵਾਈ ਸੈਨਾ ਦੇ ਜਵਾਨਾਂ ਨਾਲ ਮਨਾਇਆ।
ਪ੍ਰਧਾਨ ਮੰਤਰੀ ਮੋਦੀ ਇਸ ਦੂਰ-ਦੂਰਾਡੇ ਅਤੇ ਚੁਣੌਤੀਪੂਰਨ ਸਰਹੱਦੀ ਸਥਾਨ ‘ਤੇ ਤਾਇਨਾਤ ਸੈਨਿਕਾਂ ਨਾਲ ਤੱਕ ਤਿਉਹਾਰ ਦੀਆਂ ਖੁਸ਼ੀਆਂ ਦਾ ਸੁਨੇਹਾ ਲੈ ਕੇ ਪੁੱਜੇ। ਸਰ ਕਰੀਕ ਦੇ ਨੇੜੇ ਲੱਕੀ ਨਾਲਾ ਵਿਖੇ ਜਸ਼ਨਾਂ ਵਿੱਚ ਹਿੱਸਾ ਲੈਂਦਿਆਂ ਉਹ ਜਵਾਨਾਂ ਨੂੰ ਮਠਿਆਈਆਂ ਭੇਟ ਕਰਦੇ ਦੇਖੇ ਗਏ। ਇਸ ਮੌਕੇ ਉਨ੍ਹਾਂ ਕਿਹਾ, “ਇਹ ਮੇਰੀ ਖ਼ੁਸ਼ਕਿਸਮਤੀ ਹੈ ਕਿ ਮੈਂ ਦੀਵਾਲੀ ਦਾ ਤਿਉਹਾਰ ਕੱਛ ਦੀ ਧਰਤੀ ਉਤੇ ਦੇਸ਼ ਦੀਆਂ ਫ਼ੌਜਾਂ ਦਰਮਿਆਨ, ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨਾਲ ਮਨਾ ਰਿਹਾ ਹਾਂ।… ਜਦੋਂ ਮੈਂ ਦੀਵਾਲੀ ਦਾ ਤਿਉਹਾਰ ਤੁਹਾਡੇ ਨਾਲ ਮਨਾਉਂਦਾ ਹਾਂ ਤਾਂ ਮੇਰੀ ਦੀਵਾਲੀ ਦੀ ਮਿਠਾਸ ਕਈ ਗੁਣਾ ਵਧ ਜਾਂਦੀ ਹੈ।” ਉਨ੍ਹਾਂ ਨਾਲ ਹੀ ਕਿਹਾ, “ਇਸ ਵਾਰ ਤਾਂ ਇਹ ਦੀਵਾਲੀ ਵੀ ਬਹੁਤ ਖ਼ਾਸ ਹੈ ਕਿਉਂਕਿ ਅਯੁੱਧਿਆ ਵਿਚ ਭਗਵਾਨ ਰਾਮ 500 ਸਾਲ ਬਾਅਦ ਮੁੜ ਆਪਣੇ ਸ਼ਾਨਦਾਰ ਮੰਦਰ ਵਿਚ ਬਿਰਾਜਮਾਨ ਹੋਏ ਹਨ।”
ਇਹ ਖੇਤਰ ਸਰ ਕਰੀਕ ਦੇ ਕਰੀਕ ਚੈਨਲ ਦਾ ਹਿੱਸਾ ਹੈ ਅਤੇ ਇਥੋਂ ਹੀ ਪਾਕਿਸਤਾਨ ਨਾਲ ਲੱਗਦੀ ਕਰੀਕ ਦੀ ਸਰਹੱਦ ਦੀ ਸ਼ੁਰੂਆਤ ਹੁੰਦੀ ਹੈ। ਇਹ ਖੇਤਰ ਆਪਣੇ ਦਲਦਲੀ ਜ਼ਮੀਨੀ ਹਾਲਾਤ ਲਈ ਜਾਣਿਆ ਜਾਂਦਾ ਹੈ, ਇਹ ਸਥਾਨ ਗਸ਼ਤ ਕਾਰਜਾਂ ਲਈ ਭਾਰੀ ਚੁਣੌਤੀਆਂ ਪੈਦਾ ਕਰਦਾ ਹੈ ਅਤੇ ਇਹ ਬੀਐਸਐਫ ਦੀ ਚੌਕਸੀ ਦੇ ਅਧੀਨ ਹੈ। ਸਰ ਕਰੀਕ, ਭਾਰਤ ਅਤੇ ਪਾਕਿਸਤਾਨ ਵਿਚਕਾਰ 96 ਕਿਲੋਮੀਟਰ ਲੰਬਾ ਵਿਵਾਦਤ ਸਰਹੱਦੀ ਇਲਾਕਾ ਹੈ ਜਿਹੜਾ ਅਕਸਰ ਪਾਕਿਸਤਾਨ ਤੋਂ ਡਰੱਗ ਸਮੱਗਲਰਾਂ ਅਤੇ ਅਤਿਵਾਦੀਆਂ ਦੁਆਰਾ ਘੁਸਪੈਠ ਦੀਆਂ ਕੋਸ਼ਿਸ਼ਾਂ ਦਾ ਕੇਂਦਰ ਬਿੰਦੂ ਬਣ ਜਾਂਦਾ ਹੈ।
ਆਪਣੇ ਦੌਰੇ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਚੁਣੌਤੀਪੂਰਨ ਹਾਲਾਤ ਵਿੱਚ ਦੇਸ਼ ਦੀ ਸਰਹੱਦ ਨੂੰ ਸੁਰੱਖਿਅਤ ਰੱਖਣ ਲਈ BSF ਦੇ ਜਵਾਨਾਂ ਦੇ ਅਟੁੱਟ ਸਮਰਪਣ ਲਈ ਸ਼ਲਾਘਾ ਕੀਤੀ। ਸੂਤਰਾਂ ਅਨੁਸਾਰ ਪ੍ਰਧਾਨ ਮੰਤਰੀ ਨੇ ਸੈਨਿਕਾਂ ਨਾਲ ਵੀ ਗੱਲਬਾਤ ਕੀਤੀ। ਪ੍ਰਧਾਨ ਮੰਤਰੀ ਮੋਦੀ ਨੇ ਭੁਜ ਲਈ ਰਵਾਨਾ ਹੋਣ ਤੋਂ ਪਹਿਲਾਂ ਲਗਭਗ ਇੱਕ ਘੰਟਾ ਕਰਮਚਾਰੀਆਂ ਨਾਲ ਬਿਤਾਉਂਦੇ ਹੋਏ ਕਰੀਕ ਖੇਤਰ ਨੂੰ ਨੇੜਿਓਂ ਦੇਖਿਆ।
ਇਹ ਦੌਰਾ 2014 ਤੋਂ ਮੋਦੀ ਦੀ ਉਸੇ ਸਾਲਾਨਾ ਪਰੰਪਰਾ ਦੀ ਨਿਰੰਤਰਤਾ ਹੈ – ਜਦੋਂ ਉਨ੍ਹਾਂ ਸਿਆਚਿਨ ਗਲੇਸ਼ੀਅਰ ਦਾ ਅਚਾਨਕ ਦੌਰਾ ਕੀਤਾ ਅਤੇ ਸਰਹੱਦੀ ਚੌਕੀਆਂ ‘ਤੇ ਤਾਇਨਾਤ ਸੈਨਿਕਾਂ ਨਾਲ ਦੀਵਾਲੀ ਮਨਾਈ। ਪਿਛਲੇ ਸਾਲ ਪ੍ਰਧਾਨ ਮੰਤਰੀ ਨੇ ਚੀਨੀ ਸਰਹੱਦ ਨਾਲ ਲੱਗਦੇ ਹਿਮਾਚਲ ਪ੍ਰਦੇਸ਼ ਦੇ ਲੇਪਚਾ ਵਿੱਚ ਸੈਨਿਕਾਂ ਨਾਲ ਦੀਵਾਲੀ ਮਨਾਈ ਸੀ। ਉਨ੍ਹਾਂ ਲੇਪਚਾ ਵਿੱਚ “ਬਹਾਦਰ ਸੁਰੱਖਿਆ ਬਲਾਂ” ਦੇ ਨਾਲ ਦੀਵਾਲੀ ਮਨਾਉਣ ਦੇ ਮੌਕੇ ਨੂੰ “ਡੂੰਘੀ ਭਾਵਨਾ ਅਤੇ ਮਾਣ ਨਾਲ ਭਰਿਆ ਅਨੁਭਵ” ਕਰਾਰ ਦਿੱਤਾ ਸੀ।