ਆਈਸੀਸੀ ਦੀ ਭ੍ਰਿਸ਼ਟਾਚਾਰ ਰੋਕੂ ਇਕਾਈ ਦੇ ਚੇਅਰਮੈਨ ਬਣੇ ਸੁਮਤੀ

ਦੁਬਈ-ਕੌਮਾਂਤਰੀ ਕ੍ਰਿਕਟ ਕੌਂਸਲ (ਆਈਸੀਸੀ) ਨੇ ਅੱਜ ਸ੍ਰੀਲੰਕਾ ਦੇ ਸੁਮਤੀ ਧਰਮਵਰਧਨੇ ਨੂੰ ਆਪਣੀ ਭ੍ਰਿਸ਼ਟਾਚਾਰ ਰੋਕੂ ਇਕਾਈ (ਏਸੀਯੂ) ਦਾ ਨਵਾਂ ਆਜ਼ਾਦ ਚੇਅਰਮੈਨ ਨਿਯੁਕਤ ਕੀਤਾ ਹੈ। ਉਨ੍ਹਾਂ ਨੂੰ ਸਰ ਰੌਨੀ ਫਲਾਨਾਗਨ ਦੀ ਥਾਂ ’ਤੇ ਇਸ ਅਹੁਦੇ ’ਤੇ ਨਿਯੁਕਤ ਕੀਤਾ ਗਿਆ ਹੈ। ਫਲਾਨਾਗਨ 14 ਸਾਲਾਂ ਤੱਕ ਇਸ ਅਹਿਮ ਅਹੁਦੇ ’ਤੇ ਰਹੇ। ਆਈਸੀਸੀ ਨੇ ਬਿਆਨ ਵਿੱਚ ਕਿਹਾ, ‘ਆਈਸੀਸੀ ਨੇ ਅੱਜ ਸੁਮਤੀ ਧਰਮਵਰਧਨੇ ਨੂੰ ਆਈਸੀਸੀ ਦੀ ਭ੍ਰਿਸ਼ਟਾਚਾਰ ਰੋਕੂ ਇਕਾਈ ਦਾ ਨਵਾਂ ਚੇਅਰਮੈਨ ਨਿਯੁਕਤ ਕਰਨ ਦਾ ਐਲਾਨ ਕੀਤਾ ਹੈ।’ ਸੁਮਤੀ ਕਈ ਕਾਨੂੰਨੀ ਮੁੱਦਿਆਂ ’ਤੇ ਸਰਕਾਰ ਅਤੇ ਖੇਡ ਮੰਤਰਾਲੇ ਦੀ ਨੁਮਾਇੰਦਗੀ ਕੀਤੀ ਹੈ। ਉਨ੍ਹਾਂ ਇੰਟਰਪੋਲ ਅਤੇ ਸੰਯੁਕਤ ਰਾਸ਼ਟਰ ਦਫਤਰ ਨਾਲ ਵੀ ਕੰਮ ਕੀਤਾ ਹੈ। ਉਹ ਖੇਡਾਂ ਵਿੱਚ ਭ੍ਰਿਸ਼ਟਾਚਾਰ ਦੇ ਮਾਮਲਿਆਂ ਦੀ ਜਾਂਚ ਵੀ ਕਰ ਚੁੱਕੇ ਹਨ। ਉਹ ਪਹਿਲੀ ਨਵੰਬਰ 2024 ਤੋਂ ਆਪਣਾ ਨਵਾਂ ਅਹੁਦਾ ਸੰਭਾਲਣਗੇ।