ਕਿਸਾਨ ਦੀਵਾਲੀ ਮੌਕੇ ਵੀ ਮੰਡੀਆਂ ਵਿੱਚ ਬੈਠਣ ਲਈ ਮਜਬੂਰ

ਚੰਡੀਗੜ੍ਹ-ਪੰਜਾਬ ਦੀਆਂ ਮੰਡੀਆਂ ’ਚ ਝੋਨੇ ਦੀ ਸੁਸਤ ਖਰੀਦ ਤੇ ਲਿਫਟਿੰਗ ਕਰਕੇ ਅੰਨਦਾਤੇ ਦੀਵਾਲੀ ਮੌਕੇ ਵੀ ਮੰਡੀਆਂ ’ਚ ਬੈਠਣ ਲਈ ਮਜਬੂਰ ਹਨ। ਸੂਬਾ ਸਰਕਾਰ ਵੱਲੋਂ ਮੌਜੂਦਾ ਸੀਜ਼ਨ ਦੌਰਾਨ 180 ਤੋਂ 185 ਲੱਖ ਮੀਟਰਿਕ ਟਨ (ਐੱਮਟੀ) ਝੋਨੇ ਦੀ ਖਰੀਦ ਦਾ ਟੀਚਾ ਮਿੱਥਿਆ ਗਿਆ ਹੈ ਪਰ ਹਾਲੇ ਤੱਕ ਮੰਡੀਆਂ ਵਿੱਚ ਸਿਰਫ਼ 78 ਲੱਖ ਐੱਮਟੀ ਝੋਨੇ ਦੀ ਆਮਦ ਹੋਈ ਹੈ। ਇਸ ਵਿੱਚੋਂ 73.27 ਲੱਖ ਐੱਮਟੀ ਝੋਨੇ ਦੀ ਹੀ ਖਰੀਦ ਹੋ ਸਕੀ ਹੈ। ਪੰਜਾਬ ਦੀਆਂ ਮੰਡੀਆਂ ਵਿੱਚ ਅੱਜ 6.22 ਲੱਖ ਐੱਮਟੀ ਝੋਨਾ ਪਹੁੰਚਿਆ, ਜਦਕਿ ਖਰੀਦ 6.27 ਲੱਖ ਐੱਮਟੀ ਝੋਨੇ ਦੀ ਕੀਤੀ ਗਈ ਹੈ। ਇਸੇ ਤਰ੍ਹਾਂ ਹੁਣ ਤੱਕ ਪੰਜਾਬ ਦੀਆਂ ਮੰਡੀਆਂ ਵਿੱਚੋਂ ਹੁਣ ਤੱਕ 37.55 ਲੱਖ ਐੱਮਟੀ ਝੋਨੇ ਦੀ ਲਿਫਟਿੰਗ ਹੋ ਚੁੱਕੀ ਹੈ। ਅੱਜ 4.93 ਲੱਖ ਐੱਮਟੀ ਝੋਨੇ ਦੀ ਲਿਫਟਿੰਗ ਕੀਤੀ ਗਈ ਹੈ। ਕਿਸਾਨ ਆਗੂ ਰਮਿੰਦਰ ਸਿੰਘ ਪਟਿਆਲਾ ਨੇ ਕਿਹਾ ਕਿ ਪੰਜਾਬ ਤੇ ਕੇਂਦਰ ਸਰਕਾਰ ਦੀ ਅਣਗਹਿਲੀ ਦਾ ਸ਼ਿਕਾਰ ਪੰਜਾਬ ਦੇ ਕਿਸਾਨ ਨੂੰ ਹੋਣਾ ਪੈ ਰਿਹਾ ਹੈ। ਇਨ੍ਹਾਂ ਦੋਵਾਂ ਸਰਕਾਰਾਂ ਦੀ ਅਣਦੇਖੀ ਕਰਕੇ ਕਿਸਾਨਾਂ ਨੂੰ ਦੀਵਾਲੀ ਵੀ ਪੰਜਾਬ ਦੀਆਂ ਮੰਡੀਆਂ ਵਿੱਚ ਗੁਜ਼ਾਰਨੀ ਪਵੇਗੀ। ਉਨ੍ਹਾਂ ਮੰਗ ਕੀਤੀ ਕਿ ਸੂਬਾ ਤੇ ਕੇਂਦਰ ਸਰਕਾਰ ਜਲਦ ਹੀ ਕਿਸਾਨਾਂ ਦੀ ਫਸਲ ਖਰੀਦੇ।