ਕੇਂਦਰੀ ਮੰਤਰਾਲੇ ਵੱਲੋਂ ਬੰਦੀ ਛੋੜ ਦਿਵਸ ਸਬੰਧੀ ਪੋਸਟ ਹਟਾਉਣਾ ਦੁਖਦਾਈ

ਅੰਮ੍ਰਿਤਸਰ- ਭਾਰਤ ਦੇ ਸੱਭਿਆਚਾਰ ਮੰਤਰਾਲੇ ਵੱਲੋਂ ਆਪਣੇ ਸੋਸ਼ਲ ਮੀਡੀਆ ਮੰਚਾਂ ’ਤੇ ਬੰਦੀ ਛੋੜ ਦਿਵਸ ਸਬੰਧੀ ਪੋਸਟ ਪਾਉਣ ਮਗਰੋਂ ਹਟਾਏ ਜਾਣ ਦਾ ਨੋਟਿਸ ਲੈਂਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਸ ਨੂੰ ਪੱਖਪਾਤੀ ਕਰਾਰ ਦਿੱਤਾ ਹੈ। ਸ਼੍ਰੋਮਣੀ ਕਮੇਟੀ ਦਫ਼ਤਰ ਤੋਂ ਜਾਰੀ ਬਿਆਨ ਵਿਚ ਐਡਵੋਕੇਟ ਧਾਮੀ ਨੇ ਕਿਹਾ ਕਿ ਇਹ ਬੇਹੱਦ ਦੁਖਦਾਈ ਅਤੇ ਮੰਦਭਾਗਾ ਹੈ ਕਿ ਦੇਸ਼ ਦੇ ਮੰਤਰਾਲੇ ਵੱਲੋਂ ਸਿੱਖਾਂ ਦੇ ਇਤਿਹਾਸ ਨੂੰ ਦਰਸਾਉਂਦੀ ਪੋਸਟ ਪਾਉਣ ਮਗਰੋਂ ਉਸ ਨੂੰ ਹਟਾ ਦਿੱਤਾ ਗਿਆ।

ਜ਼ਿਕਰਯੋਗ ਹੈ ਕਿ ਕੇਂਦਰੀ ਸੱਭਿਆਚਾਰ ਮੰਤਰਾਲੇ ਦੇ ਸੋਸ਼ਲ ਮੀਡੀਆ ’ਤੇ ਬੰਦੀਛੋੜ ਦਿਹਾੜੇ ਸਬੰਧੀ ਇਕ ਪੋਸਟ ਪਾਈ ਗਈ ਸੀ, ਜਿਸ ਵਿਚ ਇਸ ਦੇ ਇਤਿਹਾਸ ਅਤੇ ਪ੍ਰੰਪਰਾ ਦਾ ਜ਼ਿਕਰ ਸੀ। ਇਸ ਪੋਸਟ ਰਾਹੀਂ ਬੰਦੀ ਛੋੜ ਦਿਵਸ ਸਬੰਧੀ ਇਕ ਵੀਡੀਓ ਵੀ ਪਾਈ ਗਈ ਸੀ, ਪਰ ਇਸ ਨੂੰ ਕੁਝ ਚਿਰ ਬਾਅਦ ਹੀ ਹਟਾ ਦਿੱਤਾ ਗਿਆ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਇਸ ’ਤੇ ਸਖ਼ਤ ਇਤਰਾਜ਼ ਪ੍ਰਗਟ ਕਰਦਿਆਂ ਕਿਹਾ ਕਿ ਭਾਰਤ ਇਕ ਬਹੁ-ਕੌਮੀ ਤੇ ਬਹੁ-ਧਰਮੀ ਦੇਸ਼ ਹੈ, ਜਿਥੇ ਹਰ ਧਰਮ ਦੇ ਲੋਕਾਂ ਦੇ ਇਤਿਹਾਸ ਅਤੇ ਮਾਨਤਾਵਾਂ ਦਾ ਸਤਿਕਾਰ ਸੁਰੱਖਿਅਤ ਰਹਿਣਾ ਚਾਹੀਦਾ ਹੈ।