ਪੂੁਰਬੀ ਲੱਦਾਖ ਵਿਚ ਫੌਜਾਂ ਪਿੱਛੇ ਹਟਾਉਣ ਦਾ ਅਮਲ ਪੂਰਾ

ਸ੍ਰੀਨਗਰ-ਭਾਰਤ ਤੇ ਚੀਨ ਵੱਲੋਂ ਪੂਰਬੀ ਲੱਦਾਖ ਵਿਚ ਅਸਲ ਕੰਟਰੋਲ ਰੇਖਾ ਦੇ ਨਾਲ ਟਕਰਾਅ ਵਾਲੇ ਖੇਤਰਾਂ ਵਿਚੋਂ ਫੌਜਾਂ ਪਿੱਛੇ ਹਟਾਉਣ ਦਾ ਅਮਲ ਅੱਜ ਪੂਰਾ ਹੋ ਗਿਆ। ਉਪਰੰਤ ਦੋਵਾਂ ਦੇਸ਼ਾਂ ਦੀਆਂ ਫੌਜਾਂ ਨੇ ਆਪੋ ਆਪਣੀਆਂ ਪੁਜ਼ੀਸ਼ਨਾਂ ਦੀ ਤਸਦੀਕ ਅਤੇ ਇਕ ਦੂਜੇ ਵੱਲੋਂ ਉਸਾਰਿਆ ਬੁਨਿਆਦੀ ਢਾਂਚਾ ਢਾਹੁਣ ਦਾ ਅਮਲ ਸ਼ੁਰੂ ਕਰ ਦਿੱਤਾ ਹੈ। ਇਸ ਦੌਰਾਨ ਖ਼ਬਰ ਏਜੰਸੀ ਪੀਟੀਆਈ ਨੇ ਫ਼ੌਜਾਂ ਦੀ ਵਾਪਸੀ ਦਾ ਅਮਲ ‘ਆਖ਼ਰੀ ਪੜਾਅ’ ਵਿੱਚ ਹੋਣ ਦਾ ਦਾਅਵਾ ਕੀਤਾ ਹੈ। ਸੂਤਰਾਂ ਨੇ ਕਿਹਾ ਕਿ ਦੇਪਸਾਂਗ ਤੇ ਡੈਮਚੌਕ ਵਿਚ ਆਰਜ਼ੀ ਢਾਂਚਾ ਢਾਹੁਣ ਦਾ ਕੰਮ ਲਗਪਗ ਪੂਰਾ ਹੈ ਤੇ ਦੋਵਾਂ ਪਾਸੇ ਚੌਕੀਆਂ ਦੀ ਤਸਦੀਕ ਦਾ ਥੋੜ੍ਹਾ ਕੰਮ ਪਹਿਲਾਂ ਹੀ ਸ਼ੁਰੂ ਹੋ ਚੁੱਕਾ ਹੈ। ਪੁਜ਼ੀਸ਼ਨਾਂ ਦੀ ਤਸਦੀਕ ਲਈ ਸੁਰੱਖਿਆ ਬਲ ਖ਼ੁਦ ਮੌਕੇ ’ਤੇ ਜਾ ਰਹੇ ਹਨ ਜਦੋਂਕਿ ਇਸ ਕੰਮ ਲਈ ਯੂਏਵੀ’ਜ਼ (ਅਨਮੈਨਡ ਏਰੀਅਲ ਵਹੀਕਲਜ਼) ਦੀ ਵੀ ਮਦਦ ਲਈ ਜਾ ਰਹੀ ਹੈ। ਫੌਜਾਂ ਪਿੱਛੇ ਹਟਾਉਣ ਦੇ ਅਮਲ ਤਹਿਤ ਦੋਵਾਂ ਪਾਸੇ ਸੁਰੱਖਿਆ ਬਲਾਂ ਨੂੰ ਪਿਛਲੀਆਂ ਲੋਕੇਸ਼ਨਾਂ ਉੱਤੇ ਜਾਣ ਲਈ ਆਖ ਦਿੱਤਾ ਗਿਆ ਹੈ। ਦੋਵਾਂ ਧਿਰਾਂ ਵਿਚ ਬਣੀ ਸਹਿਮਤੀ ਤਹਿਤ ਸਲਾਮਤੀ ਦਸਤੇ ਹੁਣ 10 ਤੋਂ 15 ਦੀ ਗਿਣਤੀ ਵਿਚ ਹੀ ਉਨ੍ਹਾਂ ਪੁਆਇੰਟਾਂ ਤੱਕ ਗਸ਼ਤ ਕਰ ਸਕਣਗੇ, ਜਿੱਥੇ ਅਪਰੈਲ 2020 ਤੋਂ ਗਸ਼ਤ ਦੀ ਮਨਾਹੀ ਸੀ। ਭਾਰਤ ਤੇ ਚੀਨ ਦਰਮਿਆਨ ਪਿਛਲੇ ਸਾਢੇ ਚਾਰ ਸਾਲਾਂ ਤੋਂ ਐੱਲਏਸੀ ਦੇ ਨਾਲ ਜਮੂਦ ਬਰਕਰਾਰ ਸੀ, ਪਰ ਪਿਛਲੇ ਹਫ਼ਤੇ ਦੋਵਾਂ ਦੇਸ਼ਾਂ ਨੇ ਦੇਪਸਾਂਗ ਤੇ ਡੈਮਚੌਕ ਵਿਚ ਗਸ਼ਤ ਬਾਰੇ ਸਹਿਮਤੀ ਬਣਨ ਦਾ ਐਲਾਨ ਕੀਤਾ ਸੀ। ਭਾਰਤੀ ਫੌਜ ਵਿਚਲੇ ਸੂਤਰਾਂ ਨੇ ਕਿਹਾ ਕਿ ਤਸਦੀਕ ਦਾ ਅਮਲ ਮੁਕੰਮਲ ਹੋਣ ਮਗਰੋਂ ਅਗਲੇ ਦੋ ਤਿੰਨ ਦਿਨਾਂ ਵਿਚ ਗਸ਼ਤ ਸ਼ੁਰੂ ਹੋ ਜਾਵੇਗੀ। ਉਂਝ ਦੋਵਾਂ ਧਿਰਾਂ ਵੱਲੋਂ ਇਸ ਬਾਰੇ ਅਗਾਊਂ ਜਾਣਕਾਰੀ ਇਕ ਦੂਜੇ ਨਾਲ ਜਾਣਕਾਰੀ ਸਾਂਝੀ ਕੀਤੀ ਜਾਵੇਗੀ ਤਾਂ ਕਿ ਟਕਰਾਅ ਵਾਲੀ ਸਥਿਤੀ ਨਾ ਬਣੇ। ਦੇਪਸਾਂਗ ਖੇਤਰ ਵਿਚ ਭਾਰਤੀ ਫੌਜਾਂ ਹੁਣ ‘ਬੌਟਲਨੈੱਕ’ ਇਲਾਕੇ ਤੋਂ ਪਾਰ ਵੀ ਗਸ਼ਤ ਕਰ ਸਕਣਗੀਆਂ ਜਦੋਂਕਿ ਡੈਮਚੌਕ ਵਿਚ ਭਾਰਤੀ ਸੁਰੱਖਿਆ ਬਲਾਂ ਨੂੰ ਟਰੈਕ ਜੰਕਸ਼ਨ ਤੇ ਚਾਰਡਿੰਗ ਨੁੱਲਾ ਤਕ ਜਾਣ ਦੀ ਖੁੱਲ੍ਹ ਹੋਵੇਗੀ।