ਬਾਇਡਨ ਵੱਲੋਂ ਵ੍ਹਾਈਟ ਹਾਊਸ ’ਚ ਦੀਵਾਲੀ ਸਮਾਗਮ

ਵਾਸ਼ਿੰਗਟਨ-ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਅੱਜ ਵ੍ਹਾਈਟ ਹਾਊਸ ਵਿਚ ਭਾਰਤੀ ਮੂਲ ਦੇ ਅਮਰੀਕੀਆਂ ਨਾਲ ਦੀਵਾਲੀ ਮਨਾਈ। ਸਮਾਗਮ ਵਿਚ 600 ਤੋਂ ਵੱਧ ਉੱਘੇ ਭਾਰਤੀ ਅਮਰੀਕੀਆਂ ਨੇ ਹਾਜ਼ਰੀ ਭਰੀ, ਜਿਨ੍ਹਾਂ ਵਿਚ ਸੰਸਦ ਮੈਂਬਰ, ਅਧਿਕਾਰੀ ਤੇ ਦੇਸ਼ ਭਰ ਦੇ ਕਾਰਪੋਰੇਟ ਐਗਜ਼ੀਕਿਊਟਿਵਜ਼ ਵੀ ਸ਼ਾਮਲ ਸਨ। ਬਾਇਡਨ ਨੇ ਵ੍ਹਾਈਟ ਹਾਊਸ ਦੇ ਖਚਾਖਚ ਭਰੇ ਈਸਟ ਰੂਮ ਵਿਚ ਜੁੜੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ, ‘‘ਮੈਨੂੰ ਰਾਸ਼ਟਰਪਤੀ ਵਜੋਂ ਵ੍ਹਾਈਟ ਹਾਊਸ ਵਿਚ ਦੀਵਾਲੀ ਦੇ ਸਭ ਤੋਂ ਵੱਡੇ ਜਸ਼ਨ ਦੀ ਮੇਜ਼ਬਾਨੀ ਕਰਨ ਦਾ ਮਾਣ ਮਿਲਿਆ ਹੈ। ਮੇਰੇ ਲਈ ਇਹ ਬਹੁਤ ਵੱਡੀ ਗੱਲ ਹੈ। ਸੈਨੇਟਰ, ਉਪ ਰਾਸ਼ਟਰਪਤੀ ਤੇ ਰਾਸ਼ਟਰਪਤੀ ਵਜੋਂ; ਦੱਖਣ ਏਸ਼ਿਆਈ ਅਮਰੀਕੀ ਮੇਰੇ ਸਟਾਫ਼ ਦੇ ਅਹਿਮ ਮੈਂਬਰ ਰਹੇ ਹਨ। ਮੈਨੂੰ ਇਸ ਗੱਲ ਦਾ ਮਾਣ ਹੈ ਮੈਂ ਇਕ ਅਜਿਹਾ ਪ੍ਰਸ਼ਾਸਨ, ਜੋ ਅਮਰੀਕਾ ਵਰਗਾ ਲੱਗਦਾ ਹੈ, ਦੇਣ ਦੀ ਆਪਣੀ ਵਚਨਬੱਧਤਾ ਨੂੰ ਪੂਰਾ ਕਰ ਸਕਿਆ।’’

ਉਪ ਰਾਸ਼ਟਰਪਤੀ ਕਮਲਾ ਹੈਰਿਸ ਤੇ ਪ੍ਰਥਮ ਮਹਿਲਾ ਜਿਲ ਬਾਇਡਨ ਚੋਣ ਪ੍ਰਚਾਰ ਵਿਚ ਰੁੱਝੇ ਹੋਣ ਕਰਕੇ ਦੀਵਾਲੀ ਦੀ ਜਸ਼ਨਾਂ ਵਿਚ ਸ਼ਾਮਲ ਨਹੀਂ ਹੋ ਸਕੇ। ਵਾਈਸ ਐਡਮਿਰਲ ਤੇ ਅਮਰੀਕੀ ਸਰਜਨ ਜਨਰਲ ਵਿਵੇਕ ਐੱਚ. ਮੂਰਤੀ, ਸੇਵਾਮੁਕਤ ਜਲਸੈਨਾ ਅਧਿਕਾਰੀ ਤੇ ਨਾਸਾ ਦੀ ਪੁਲਾੜ ਵਿਗਿਆਨੀ ਸੁਨੀਤਾ ਵਿਲੀਅਮਜ਼ (ਜਿਨ੍ਹਾਂ ਕੌਮਾਂਤਰੀ ਪੁਲਾੜ ਸਟੇਸ਼ਨ ਤੋਂ ਰਿਕਾਰਡਿਡ ਵੀਡੀਓ ਸੁਨੇਹਾ ਭੇਜਿਆ ਸੀ) ਤੇ ਭਾਰਤੀ ਅਮਰੀਕੀ ਯੂਥ ਕਾਰਕੁਨ ਸ਼ਰੁਸ਼ਟੀ ਅਮੁਲਾ ਨੇ ਵੀ ਬਾਇਡਨ ਦੀਆਂ ਉਪਰੋਕਤ ਟਿੱਪਣੀਆਂ ਨੂੰ ਹੀ ਦੁਹਰਾਇਆ। ਅਮਰੀਕੀ ਰਾਸ਼ਟਰਪਤੀ ਨੇ ਸਮਾਗਮ ਦੌਰਾਨ ਵ੍ਹਾਈਟ ਹਾਊਸ ਦੇ ਬਲੂ ਰੂਮ ਵਿਚ ਰਸਮੀ ਦੀਵਾ ਵੀ ਜਗਾਇਆ।