ਦੀਰ ਅਲ-ਬਲਾਹ-ਉੱਤਰੀ ਗਾਜ਼ਾ ਪੱਟੀ ਦੇ ਬੇਇਤ ਲਾਹੀਆ ’ਚ ਪੰਜ ਮੰਜ਼ਿਲਾ ਇਮਾਰਤ ’ਤੇ ਮੰਗਲਵਾਰ ਤੜਕੇ ਇਜ਼ਰਾਇਲੀ ਫੌਜ ਵੱਲੋਂ ਕੀਤੇ ਗਏ ਹਮਲੇ ’ਚ 60 ਵਿਅਕਤੀ ਮਾਰੇ ਗਏ। ਇਨ੍ਹਾਂ ’ਚੋਂ ਜ਼ਿਆਦਾਤਰ ਔਰਤਾਂ ਅਤੇ ਬੱਚੇ ਸ਼ਾਮਲ ਹਨ। ਇਸ ਇਮਾਰਤ ’ਚ ਫਲਸਤੀਨੀਆਂ ਨੇ ਪਨਾਹ ਲਈ ਹੋਈ ਸੀ। ਉਧਰ ਲਿਬਨਾਨ ਦੇ ਦਹਿਸ਼ਤੀ ਗੁੱਟ ਹਿਜ਼ਬੁੱਲਾ ਨੇ ਸ਼ੇਖ਼ ਨਈਮ ਕਾਸਿਮ ਨੂੰ ਆਪਣਾ ਨਵਾਂ ਆਗੂ ਚੁਣ ਲਿਆ ਹੈ। ਹਿਜ਼ਬੁੱਲਾ ਨੇ ਇਕ ਬਿਆਨ ’ਚ ਕਿਹਾ ਕਿ ਸ਼ੂਰਾ ਕਾਊਂਸਿਲ ਨੇ ਤਿੰਨ ਦਹਾਕਿਆਂ ਤੋਂ ਹਸਨ ਨਸਰੱਲ੍ਹਾ ਦੇ ਡਿਪਟੀ ਰਹੇ ਕਾਸਿਮ ਨੂੰ ਨਵਾਂ ਸਕੱਤਰ ਜਨਰਲ ਬਣਾਉਣ ਦਾ ਫ਼ੈਸਲਾ ਲਿਆ ਹੈ। ਹਿਜ਼ਬੁੱਲਾ ਨੇ ਜਿੱਤ ਹਾਸਲ ਕਰਨ ਤੱਕ ਨਸਰੱਲ੍ਹਾ ਦੀਆਂ ਨੀਤੀਆਂ ’ਤੇ ਚੱਲਣ ਦਾ ਅਹਿਦ ਲਿਆ ਹੈ ਜਿਸ ਨੂੰ ਇਜ਼ਰਾਈਲ ਨੇ ਪਿਛਲੇ ਹਫ਼ਤੇ ਮਾਰ ਦਿੱਤਾ ਸੀ। ਗਾਜ਼ਾ ਸਿਹਤ ਮੰਤਰਾਲੇ ’ਚ ਫੀਲਡ ਹਸਪਤਾਲਾਂ ਬਾਰੇ ਵਿਭਾਗ ਦੇ ਡਾਇਰੈਕਟਰ ਡਾਕਟਰ ਮਰਵਾਨ ਅਲ-ਹਮਸ ਨੇ ਬੇਇਤ ਲਾਹੀਆ ’ਚ ਹੋਏ ਇਜ਼ਰਾਇਲੀ ਹਮਲੇ ’ਚ ਮੌਤਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਹਮਲੇ ’ਚ 17 ਵਿਅਕਤੀ ਹਾਲੇ ਵੀ ਲਾਪਤਾ ਹਨ।ਇਜ਼ਰਾਇਲੀ ਸੰਸਦ ਨੇ ਦੋ ਬਿੱਲ ਪਾਸ ਕੀਤੇ ਹਨ ਜੋ ਸੰਯੁਕਤ ਰਾਸ਼ਟਰ ਦੀ ਫਲਸਤੀਨੀ ਸ਼ਰਨਾਰਥੀਆਂ ਨਾਲ ਸਬੰਧਤ ਏਜੰਸੀ ਨੂੰ ਗਾਜ਼ਾ ’ਚ ਸਹਾਇਤਾ ਪ੍ਰਦਾਨ ਕਰਨ ਤੋਂ ਰੋਕ ਸਕਦੇ ਹਨ। ਇਨ੍ਹਾਂ ਕਾਨੂੰਨਾਂ ’ਚ ਫਲਸਤੀਨੀ ਸ਼ਰਨਾਰਥੀਆਂ ਲਈ ਸੰਯੁਕਤ ਰਾਸ਼ਟਰ ਦੀ ਰਾਹਤ ਅਤੇ ਕਾਰਜ ਏਜੰਸੀ ਨੂੰ ਸਹਾਇਤਾ ਸਪਲਾਈ ਤੋਂ ਰੋਕਣ ਦਾ ਪ੍ਰਬੰਧ ਹੈ ਅਤੇ ਇਹ ਏਜੰਸੀ ਤੇ ਇਜ਼ਰਾਇਲੀ ਸਰਕਾਰ ਵਿਚਾਲੇ ਸਾਰੇ ਸਬੰਧਾਂ ਨੂੰ ਤੋੜ ਸਕਦੇ ਹਨ। ਇਜ਼ਰਾਈਲ ਦਾ ਦਾਅਵਾ ਹੈ ਕਿ ਏਜੰਸੀ ’ਚ ਹਮਾਸ ਨੇ ਘੁਸਪੈਠ ਕੀਤੀ ਹੈ। ਏਜੰਸੀ ਦੇ ਮੁਖੀ ਫਿਲਿਪ ਲਾਜ਼ਾਰਿਨੀ ਨੇ ਕਿਹਾ ਕਿ ਇਸ ਕਦਮ ਨਾਲ ਫਲਸਤੀਨੀਆਂ ਖਾਸ ਕਰਕੇ ਗਾਜ਼ਾ ’ਚ ਰਹਿੰਦੇ ਲੋਕਾਂ ਦੀਆਂ ਮੁਸ਼ਕਲਾਂ ਹੋਰ ਵਧਣਗੀਆਂ
ਉੱਤਰੀ ਗਾਜ਼ਾ ’ਚ ਪੰਜ ਮੰਜ਼ਿਲਾ ਇਮਾਰਤ ’ਤੇ ਹਮਲਾ, 60 ਹਲਾਕ
