ਕੋਲਕਾਤਾ- ਸੋਸ਼ਲ ਮੀਡੀਆ ’ਤੇ ਇਕ ਮਹਿੰਗੇ ਹੈਂਡਬੈਗ ਨਾਲ ਫੋਟੋ ਵਾਇਰਲ ਹੋਣ ਤੋਂ ਅਧਿਆਤਮਕ ਪ੍ਰਚਾਰਕ ਅਤੇ ਗਾਇਕਾ ਜਯਾ ਕਿਸ਼ੋਰੀ ਨੇ ਮੰਗਲਵਾਰ ਨੂੰ ਸਪੱਸ਼ਟ ਕੀਤਾ ਹੈ ਕਿ ਇਹ ਪੂਰੀ ਤਰ੍ਹਾਂ ਕਸਟਮਾਈਜ਼ਡ ਫੈਬਰਿਕ (ਕੱਪੜੇ ਨਾਲ ਤਿਆਰ ਕੀਤਾ) ਬੈਗ ਹੈ ਅਤੇ ਉਹ ਚਮੜੇ ਦੀ ਵਰਤੋਂ ਨਹੀਂ ਕਰਦੀ ਹੈ।
ਜ਼ਿਕਰਯੋਗ ਹੈ ਕਿ ਅਧਿਆਤਮਿਕ ਪ੍ਰਚਾਰਕ ਹੋਣ ਦੇ ਬਾਵਜੂਦ ਇੱਕ ਚਮੜੇ ਦੇ ਬੈਗ ਦੀ ਵਰਤੋਂ ਕਰਨ ਬਾਰੇ ਕਹਿੰਦਿਆ ਸੋਸ਼ਲ ਮੀਡੀਆ ’ਤੇ ਕਈ ਲੋਕਾਂ ਨੇ ਜਯਾ ਕਿਸ਼ੋਰੀ ਦੀ ਆਲੋਚਨਾ ਕੀਤੀ। ਲੋਕਾਂ ਨੇ ਜਯਾ ’ਤੇ ਦੁਨੀਆ ਭਰ ਦੇ ਲੋਕਾਂ ਨੂੰ ਭੌਤਿਕਵਾਦ ਅਤੇ ਨਿਰਲੇਪਤਾ ਤੋਂ ਦੂਰ ਰਹਿਣ ਦਾ ਉਪਦੇਸ਼ ਦਿੰਦੇ ਹੋਏ ਖੁਦ ਉਸਦੇ ਉਲਟ ਵਿਵਹਾਰ ਕਰਨ ਦਾ ਦੋਸ਼ ਲਗਾਇਆ।
ਆਪਣਾ ਸਪਸ਼ਟੀਕਰਨ ਦਿੰਦੇ ਹੋਏ ਕਿਸ਼ੋਰੀ ਨੇ ਕਿਹਾ ਕਿ ਉਹ ਬਰੈਂਡਜ਼ ਨੂੰ ਸਿਰਫ਼ ਦੇਖ ਕੇ ਹੀ ਉਨ੍ਹਾਂ ਦੀ ਵਰਤੋ ਨਹੀਂ ਕਰਦੇ। ਤੁਸੀਂ ਕਿਤੇ ਜਾਂਦੇ ਹੋ, ਜੇ ਤੁਹਾਨੂੰ ਕੋਈ ਚੀਜ਼ ਪਸੰਦ ਆਉਂਦੀ ਹੈ, ਤੁਸੀਂ ਖਰੀਦਦੇ ਹੋ। ਉਨ੍ਹਾਂ ਕਿਹਾ, ‘‘ਮੇਰੇ ਕੁਝ ਸਿਧਾਂਤ ਹਨ, ਜਿਨ੍ਹਾਂ ਵਿੱਚੋਂ ਇੱਕ ਇਹ ਹੈ ਕਿ ਮੈਂ ਚਮੜੇ ਦੀ ਵਰਤੋਂ ਨਹੀਂ ਕਰਦੀ, ਮੈਂ ਕਦੇ ਵੀ ਇਸ ਦੀ ਵਰਤੋਂ ਨਹੀਂ ਕੀਤੀ। ਪਰ ਜੇ ਮੈਨੂੰ ਕੋਈ ਚੀਜ਼ ਪਸੰਦ ਹੈ ਤਾਂ ਮੈਂ ਉਹ ਖਰੀਦਣੀ ਹੈ।’’ ਉਨ੍ਹਾਂ ਹੋਰ ਕਿਹਾ, ‘‘ਮੈਂ ਕਹਿਣਾ ਚਾਹੁੰਦੀ ਹਾਂ ਕਿ ਤੁਸੀਂ ਮਿਹਨਤ ਕਰੋ ਅਤੇ ਕਮਾਈ ਕਰੋ, ਚੰਗਾ ਜੀਵਨ ਜੀਓ ਅਤੇ ਆਪਣੇ ਪਰਿਵਾਰ ਨੂੰ ਚੰਗਾ ਜੀਵਨ ਦਿਓ। ਕੀ ਕੋਈ ਰਾਜਾ ਸੋਨਾ ਨਹੀਂ ਪਾਉਂਦਾ?’’
29 ਸਾਲਾ ਕਿਸ਼ੋਰੀ ਨੇ ਕਿਹਾ ਕਿ ਉਸ ਦਾ ਇਹ ਜਵਾਬ ਸਿਰਫ਼ ਉਨ੍ਹਾਂ ਲੋਕਾਂ ਲਈ ਹੈ ਜੋ ਉਸ ਨੂੰ ਸੁਣਦੇ ਹਨ ਅਤੇ ਉਸ ’ਤੇ ਵਿਸ਼ਵਾਸ ਕਰਦੇ ਹਨ, ਨਾ ਕਿ ਉਨ੍ਹਾਂ ਲਈ ਜੋ ਸਿਰਫ਼ ਸੋਸ਼ਲ ਮੀਡੀਆ ’ਤੇ ਉਸ ਨੂੰ ਟ੍ਰੋਲ ਕਰਨਾ ਚਾਹੁੰਦੇ ਹਨ।
ਉਨ੍ਹਾਂ ਕਿਹਾ, ‘‘ਇਹ ਪੂਰੀ ਤਰ੍ਹਾਂ ਇੱਕ ਕਸਟਮਾਈਜ਼ਡ ਫੈਬਰਿਕ ਬੈਗ ਹੈ। ਮੇਰੇ ਕੋਲ ਇਹ ਬੈਗ ਲੰਬੇ ਸਮੇਂ ਤੋਂ ਹੈ ਅਤੇ ਮੈਂ 22 ਸਾਲ ਪਹਿਲਾਂ ਕੰਮ ਕਰਨਾ ਸ਼ੁਰੂ ਕੀਤਾ ਸੀ ਅਤੇ ਮੈਂ ਇੰਨੀ ਮੂਰਖ ਨਹੀਂ ਹਾਂ ਕਿ ਮੈਂ 22 ਸਾਲਾਂ ਦੀ ਮਿਹਨਤ ਨੂੰ ਇਸ ਤਰ੍ਹਾਂ ਅਜਾਈਂ ਜਾਣ ਦੇਵਾਂ।’’
ਉਨ੍ਹਾਂ ਕਿਹਾ, ‘‘ਮੇਰੀ ਕਥਾ ਵਿਚ ਆਏ ਲੋਕ ਚੰਗੀ ਤਰ੍ਹਾਂ ਜਾਣਦੇ ਹਨ ਕਿ ਮੈਂ ਕਦੇ ਇਹ ਨਹੀਂ ਕਿਹਾ ਕਿ ਸਭ ‘ਮੋਹ ਮਾਇਆ’ ਹੈ, ਪੈਸਾ ਕਮਾਉਣਾ ਜਾਂ ਸਭ ਕੁਝ ਤਿਆਗਣਾ ਨਹੀਂ ਹੈ। ਮੈਂ ਕੁਝ ਵੀ ਤਿਆਗਿਆ ਨਹੀਂ ਹੈ, ਤਾਂ ਮੈਂ ਤੁਹਾਨੂੰ ਅਜਿਹਾ ਕਰਨ ਲਈ ਕਿਵੇਂ ਕਹਿ ਸਕਦੀ ਹਾਂ? ਮੈਂ ਪਹਿਲੇ ਦਿਨ ਤੋਂ ਹੀ ਸਪਸ਼ਟ ਹਾਂ ਕਿ ਮੈਂ ਕੋਈ ਸਾਧੂ-ਸੰਤਣੀ ਜਾਂ ਸਾਧਵੀ ਨਹੀਂ ਹਾਂ।’’
ਗੌਰਤਲਬ ਹੈ ਕਿ ਜਯਾ ਕਿਸ਼ੋਰੀ ਦੀ ਸੋਸ਼ਲ ਮੀਡੀਆ ’ਤੇ ਉਸ ਸਮੇਂ ਆਲੋਚਨਾ ਹੋਈ ਜਦੋਂ ਉਸ ਨੂੰ ਇਕ ਏਅਰਪੋਰਟ ’ਤੇ ਆਪਣੇ ਨਾਲ ਇਕ ਮਹਿੰਗਾ ਡਾਇਰ ‘ਬੁੱਕ ਟੋਟ‘ ਲੈ ਕੇ ਜਾਂਦਿਆਂ ਦੇਖਿਆ ਗਿਆ।