ਮੁੰਬਈ- ਬਾਲੀਵੁੱਡ ਅਦਾਕਾਰ ਸਲਮਾਨ ਖਾਨ ਨੂੰ ਕਥਿਤ ਤੌਰ ’ਤੇ ਦੋ ਕਰੋੜ ਰੁਪਏ ਦੀ ਮੰਗ ਦੇ ਨਾਲ ਇੱਕ ਵਾਰ ਫਿਰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ, ਜਿਸ ਤੋਂ ਬਾਅਦ ਮੁੰਬਈ ਪੁਲੀਸ ਨੇ ਬੁੱਧਵਾਰ ਨੂੰ ਇੱਕ ਅਣਪਛਾਤੇ ਵਿਅਕਤੀ ਦੇ ਖ਼ਿਲਾਫ਼ ਐਫਆਈਆਰ ਦਰਜ ਕੀਤੀ ਹੈ। ਅਧਿਕਾਰੀ ਨੇ ਦੱਸਿਆ ਕਿ ਮੁੰਬਈ ਟ੍ਰੈਫਿਕ ਪੁਲੀਸ ਨੂੰ ਮੰਗਲਵਾਰ ਨੂੰ ਇੱਕ ਗੁਮਨਾਮ ਸੁਨੇਹਾ ਮਿਲਿਆ, ਜਿਸ ਵਿੱਚ ਧਮਕੀ ਦਿੱਤੀ ਗਈ ਸੀ ਕਿ ਜੇਕਰ ਉਸਨੇ ਦੋ ਕਰੋੜ ਰੁਪਏ ਨਹੀਂ ਦਿੱਤੇ ਤਾਂ ਸਲਮਾਨ ਨੂੰ ਮਾਰ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਪਹਿਲਾਂ ਇਸ ਮਹੀਨੇ ਦੇ ਸ਼ੁਰੂ ਵਿੱਚ ਮੁੰਬਈ ਟ੍ਰੈਫਿਕ ਪੁਲੀਸ ਦੇ ਵਟਸਐਪ ਹੈਲਪਲਾਈਨ ਡੈੱਸਕ ਨੂੰ ਇੱਕ ਧਮਕੀ ਸੰਦੇਸ਼ ਮਿਲਿਆ ਸੀ ਜਿਸ ਵਿੱਚ ਅਦਾਕਾਰ ਤੋਂ 5 ਕਰੋੜ ਰੁਪਏ ਦੀ ਮੰਗ ਕੀਤੀ ਗਈ ਸੀ। ਪੁਲੀਸ ਨੇ ਇਸ ਸਬੰਧ ਵਿੱਚ ਜਮਸ਼ੇਦਪੁਰ ਤੋਂ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਸੀ। ਮੁੰਬਈ ਪੁਲੀਸ ਨੇ ਸੋਮਵਾਰ ਨੂੰ ਉੱਤਰ ਪ੍ਰਦੇਸ਼ ਦੇ ਨੋਇਡਾ ਤੋਂ ਸਲਮਾਨ ਖਾਨ ਅਤੇ ਐੱਨਸੀਪੀ ਨੇਤਾ ਜੀਸ਼ਾਨ ਸਿੱਦੀਕੀ ਨੂੰ ਕਥਿਤ ਤੌਰ ‘ਤੇ ਜਾਨੋਂ ਮਾਰਨ ਦੀ ਧਮਕੀ ਦੇਣ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤਾ ਹੈ। ਜ਼ਿਕਰਯੋਗ ਹੈ ਕਿ ਖਾਨ ਨੂੰ ਇਸ ਤੋਂ ਪਹਿਲਾਂ ਲਾਰੇਂਸ ਬਿਸ਼ਨੋਈ ਗੈਂਗ ਤੋਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਸਨ। ਗਰੋਹ ਦੇ ਸ਼ੱਕੀ ਮੈਂਬਰਾਂ ਨੇ ਇਸ ਸਾਲ ਅਪ੍ਰੈਲ ’ਚ ਅਭਿਨੇਤਾ ਦੇ ਬਾਂਦਰਾ ਸਥਿਤ ਘਰ ਦੇ ਬਾਹਰ ਗੋਲੀਬਾਰੀ ਕੀਤੀ ਸੀ। ਕੁਝ ਮਹੀਨੇ ਪਹਿਲਾਂ ਨਵੀਂ ਮੁੰਬਈ ਪੁਲੀਸ ਨੇ ਬਿਸ਼ਨੋਈ ਗੈਂਗ ਵੱਲੋਂ ਖਾਨ ਨੂੰ ਮਾਰਨ ਦੀ ਸਾਜ਼ਿਸ਼ ਦਾ ਪਰਦਾਫਾਸ਼ ਕੀਤਾ ਸੀ, ਜਿਸ ਤੋਂ ਅਦਾਕਾਰ ਦੀ ਸੁਰੱਖਿਆ ਵਿੱਚ ਵਾਧਾ ਹੋਇਆ ਸੀ