ਮੁੰਬਈ-ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਅੱਜ ਕਿਹਾ ਕਿ ਲੱਦਾਖ ਦੇ ਦੇਪਸਾਂਗ ਤੇ ਡੈਮਚੌਕ ਤੋਂ ਸੈਨਾ ਦਾ ਪਿੱਛੇ ਹਟਣਾ ਪਹਿਲਾ ਕਦਮ ਹੈ ਅਤੇ ਉਮੀਦ ਹੈ ਕਿ ਭਾਰਤ 2020 ਵਾਲੀ ਗਸ਼ਤ ਦੀ ਸਥਿਤੀ ’ਚ ਵਾਪਸ ਆ ਜਾਵੇਗਾ।
ਵਿਦੇਸ਼ ਮੰਤਰੀ ਨੇ ਸਪੱਸ਼ਟ ਤੌਰ ’ਤੇ ਚੀਨ ਦਾ ਜ਼ਿਕਰ ਕਰਦਿਆਂ ਕਿਹਾ ਕਿ ਅਗਲਾ ਕਦਮ ਤਣਾਅ ਘਟਾਉਣ ਦਾ ਹੈ ਜੋ ਉਦੋਂ ਤੱਕ ਨਹੀਂ ਹੋਵੇਗਾ ਜਦੋਂ ਤੱਕ ਭਾਰਤ ਨੂੰ ਯਕੀਨ ਨਹੀਂ ਹੁੰਦਾ ਕਿ ਦੂਜੇ ਪਾਸੇ ਵੀ ਇਹੀ ਹੋ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ 26/11 ਦੇ ਮੁੰਬਈ ਅਤਿਵਾਦੀ ਹਮਲੇ ਮਗਰੋਂ ਭਾਰਤ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਗਈ ਸੀ ਪਰ ਜੇ ਅਜਿਹੀ ਘਟਨਾ ਮੁੜ ਵਾਪਰੀ ਤਾਂ ਅਜਿਹਾ ਨਹੀਂ ਹੋਵੇਗਾ। ਮੁੰਬਈ ’ਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਜੈਸ਼ੰਕਰ ਨੇ ਕਿਹਾ ਕਿ ਦੇਪਸਾਂਗ ਤੇ ਡੈਮਚੌਕ ’ਚ ਗਸ਼ਤ ਕਰਨ ਤੇ ਪਿੱਛੇ ਹਟਣ ’ਤੇ ਆਮ ਸਹਿਮਤੀ ਬਣ ਗਈ ਹੈ। ਉਨ੍ਹਾਂ ਕਿਹਾ, ‘ਇਹ ਸਪੱਸ਼ਟ ਹੈ ਕਿ ਇਸ ਨੂੰ ਲਾਗੂ ਕਰਨ ’ਚ ਸਮਾਂ ਲੱਗੇਗਾ। ਇਹ ਪਿੱਛੇ ਹਟਣ ਤੇ ਗਸ਼ਤ ਦਾ ਮੁੱਦਾ ਹੈ ਜਿਸ ਦਾ ਮਤਲਬ ਹੈ ਕਿ ਸਾਡੀਆਂ ਸੈਨਾਵਾਂ ਇੱਕ-ਦੂਜੇ ਦੇ ਬਹੁਤ ਨੇੜੇ ਆ ਗਈਆਂ ਸਨ ਅਤੇ ਹੁਣ ਉਹ ਆਪਣੇ ਟਿਕਾਣਿਆਂ ’ਤੇ ਵਾਪਸ ਚਲੀਆਂ ਗਈਆਂ ਹਨ। ਸਾਨੂੰ ਉਮੀਦ ਹੈ ਕਿ 2020 ਵਾਲੀ ਸਥਿਤੀ ਬਹਾਲ ਹੋ ਜਾਵੇਗੀ।’ ਜੈਸ਼ੰਕਰ ਨੇ 26/11 ਦੇ ਅਤਿਵਾਦੀ ਹਮਲੇ ਦਾ ਜ਼ਿਕਰ ਕਰਦਿਆਂ ਕਿਹਾ, ‘ਮੁੰਬਈ ’ਚ ਜੋ ਹੋਇਆ ਉਹ ਦੁਬਾਰਾ ਨਹੀਂ ਹੋਣਾ ਚਾਹੀਦਾ। ਇੱਥੇ ਅਤਿਵਾਦੀ ਹਮਲਾ ਹੋਇਆ ਸੀ ਤੇ ਕੋਈ ਜਵਾਬ ਨਹੀਂ ਸੀ ਦਿੱਤਾ ਗਿਆ।’ ਉਨ੍ਹਾਂ ਕਿਹਾ, ‘ਮੁੰਬਈ ਭਾਰਤ ਤੇ ਦੁਨੀਆ ਲਈ ਅਤਿਵਾਦ ਦੇ ਵਿਰੋਧ ਦਾ ਪ੍ਰਤੀਕ ਹੈ।’ ਉਨ੍ਹਾਂ ਕਿਹਾ ਕਿ ਲੋਕ ਜਾਣਦੇ ਹਨ ਕਿ ਭਾਰਤ ਅਤਿਵਾਦ ਖ਼ਿਲਾਫ਼ ਮਜ਼ਬੂਤੀ ਨਾਲ ਖੜ੍ਹਾ ਹੈ ਤੇ ਅੱਜ ਭਾਰਤ ਅਤਿਵਾਦ ਨਾਲ ਲੜਨ ’ਚ ਮੋਹਰੀ ਹੈ। ਮਨੀਪੁਰ ਸੰਘਰਸ਼ ਬਾਰੇ ਉਨ੍ਹਾਂ ਕਿਹਾ ਕਿ ਉੱਤਰ-ਪੂਰਬੀ ਰਾਜ ’ਚ ਜੋ ਹੋ ਰਿਹਾ ਹੈ ਉਸ ਦੇ ਗੁੰਝਲਦਾਰ ਕਾਰਨ ਹਨ। ਕੁਝ ਕਾਰਨ ਇਤਿਹਾਸਕ ਹਨ ਤੇ ਬਾਕੀ ਸਰਹੱਦ ਦੀ ਸਥਿਤੀ ਨਾਲ ਸਬੰਧਤ ਹਨ।