ਯੂਕਰੇਨ ਅਤੇ ਪੱਛਮੀ ਏਸ਼ੀਆ ’ਚ ਟਕਰਾਅ ਚਿੰਤਾ ਦੇ ਵਿਸ਼ੇ

ਨਵੀਂ ਦਿੱਲੀ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਯੂਕਰੇਨ ਅਤੇ ਪੱਛਮੀ ਏਸ਼ੀਆ ’ਚ ਚੱਲ ਰਹੇ ਟਕਰਾਅ ਚਿੰਤਾ ਦੇ ਵਿਸ਼ੇ ਹਨ ਅਤੇ ਭਾਰਤ ਸ਼ਾਂਤੀ ਬਹਾਲੀ ਲਈ ਹਰਸੰਭਵ ਯੋਗਦਾਨ ਪਾਉਣ ਲਈ ਤਿਆਰ ਹੈ। ਪ੍ਰਧਾਨ ਮੰਤਰੀ ਦਾ ਇਹ ਬਿਆਨ ਜਰਮਨ ਚਾਂਸਲਰ ਓਲਾਫ਼ ਸ਼ੁਲਜ਼ ਨਾਲ ਮੀਟਿੰਗ ਮਗਰੋਂ ਆਇਆ ਹੈ, ਜਿਨ੍ਹਾਂ ਯੂਕਰੇਨ ’ਚ ਜੰਗ ਦਾ ਸਿਆਸੀ ਹੱਲ ਲੱਭਣ ’ਚ ਭਾਰਤ ਨੂੰ ਆਪਣਾ ਯੋਗਦਾਨ ਪਾਉਣ ਦਾ ਸੱਦਾ ਦਿੱਤਾ ਹੈ। ਮੋਦੀ ਨੇ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ’ਚ ਸੁਧਾਰ ਦੀ ਲੋੜ ਜਤਾਈ। ਇਸ ਦੌਰਾਨ ਮੋਦੀ ਨੇ ਆਪਣੀ ਸਰਕਾਰੀ ਰਿਹਾਇਸ਼ ’ਤੇ ਸ਼ੁਲਜ਼ ਦਾ ਸਵਾਗਤ ਕੀਤਾ ਅਤੇ ਰੱਖਿਆ, ਵਪਾਰ ਅਤੇ ਸਾਫ਼ ਊਰਜਾ ਬਾਰੇ ਵਿਚਾਰ ਸਾਂਝੇ ਕੀਤੇ। ਇਸੇ ਦੌਰਾਨ ਦੋਵਾਂ ਦੇਸ਼ਾਂ ਵਿਚਕਾਰ ਅੰਤਰ-ਸਰਕਾਰੀ ਵਿਚਾਰ ਵਟਾਂਦਰੇ ’ਚ 18 ਸਮਝੌਤੇ ਹੋਏ। ਜਰਮਨ ਚਾਂਸਲਰ ਨਾਲ 7ਵੇਂ ਅੰਤਰ ਸਰਕਾਰੀ ਵਿਚਾਰ ਵਟਾਂਦਰੇ ਮਗਰੋਂ ਮੋਦੀ ਨੇ ਕਿਹਾ, ‘‘ਯੂਕਰੇਨ ਅਤੇ ਪੱਛਮੀ ਏਸ਼ੀਆ ਦੇ ਟਕਰਾਅ ਦੋਵੇਂ ਮੁਲਕਾਂ ਲਈ ਚਿੰਤਾ ਦੇ ਵਿਸ਼ੇ ਹਨ। ਭਾਰਤ ਦਾ ਹਮੇਸ਼ਾ ਇਹੋ ਰੁਖ਼ ਰਿਹਾ ਹੈ ਕਿ ਜੰਗ ਕਿਸੇ ਵੀ ਸਮੱਸਿਆ ਦਾ ਹੱਲ ਨਹੀਂ ਹੋ ਸਕਦੀ ਹੈ। ਭਾਰਤ ਸ਼ਾਂਤੀ ਬਹਾਲੀ ਲਈ ਹਰਸੰਭਵ ਯੋਗਦਾਨ ਪਾਉਣ ਲਈ ਤਿਆਰ ਹੈ।’’ ਮੋਦੀ ਨੇ ਕਿਹਾ ਕਿ ਉਹ ਅਤੇ ਓਲਾਫ਼ ਇਸ ਗੱਲ ’ਤੇ ਸਹਿਮਤ ਹਨ ਕਿ 20ਵੀਂ ਸਦੀ ’ਚ ਸਥਾਪਤ ਆਲਮੀ ਮੰਚ 21ਵੀਂ ਸਦੀ ਦੀਆਂ ਚੁਣੌਤੀਆਂ ਦੇ ਹੱਲ ਲਈ ਨਾਕਾਫ਼ੀ ਹਨ। ਉਨ੍ਹਾਂ ਕਿਹਾ ਕਿ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਸਮੇਤ ਹੋਰ ਸੰਸਥਾਵਾਂ ’ਚ ਸੁਧਾਰ ਦੀ ਲੋੜ ਹੈ