ਡੋਨਾਲਡ ਟਰੰਪ ਬੋਲੇ, ਹੈਰਿਸ ਰਾਸ਼ਟਰਪਤੀ ਬਣੀ ਤਾਂ ਚੀਨ ਦੇ ਆਗੂ ਉਨ੍ਹਾਂ ਨੂੰ ਇਕ ਬੱਚੇ ਵਾਂਗ ਧਮਕਾਉਣਗੇ

ਵਾਸ਼ਿੰਗਟਨ-ਡੋਨਾਲਡ ਟਰੰਪ ਨੇ ਵੀਰਵਾਰ ਨੂੰ ਕਿਹਾ ਕਿ ਜੇਕਰ ਉਪ ਰਾਸ਼ਟਰਪਤੀ ਕਮਲਾ ਹੈਰਿਸ ਵ੍ਹਾਈਟ ਹਾਊਸ ਲਈ ਚੁਣੀ ਜਾਂਦੀ ਹੈ ਤਾਂ ਚੀਨ ਦੇ ਆਗੂ ਉਨ੍ਹਾਂ ਨੂੰ ਇਕ ਬੱਚੇ ਵਾਂਗ ਧਮਕਾਉਣਗੇ। ਉਨ੍ਹਾਂ ਇਹ ਗੱਲ ਤਦੋਂ ਕਹੀ ਜੋਂ ਰੇਡੀਓ ਹੋਸਟ ਹਿਊ ਹੈਵਿਟ ਨੇ ਟਰੰਪ ਨੂੰ ਚੀਨੀ ਰਾਸ਼ਟਰਪਤੀ ਬਾਰੇ ਕਿਹਾ ਕਿ ਜੇਕਰ ਕਿਸੇ ਤਰ੍ਹਾਂ ਕਮਲਾ ਹੈਰਿਸ ਜਿੱਤ ਜਾਂਦੀ ਹੈ ਤਾਂ ਉਨ੍ਹਾਂ ਨੂੰ ਸ਼ੀ ਜ਼ਿਨਪਿੰਗ ਨਾਲ ਨਿਪਟਣਾ ਪਵੇਗਾ, ਉਹ ਉਨ੍ਹਾਂ ਨੂੰ ਕਿਵੇਂ ਸੰਭਾਲਣਗੇ। ਟਰੰਪ ਨੇ ਕਿਹਾ ਕਿ ਚੀਨੀ ਰਾਸ਼ਟਰਪਤੀ ਉਨ੍ਹਾਂ ਨੂੰ ਇਕ ਬੱਚੇ ਵਾਂਗ ਧਮਕਾਉਣਗੇ। ਉਹ ਬਹੁਤ ਛੇਤੀ ਸਾਰੀ ਕੈਂਡੀ ਖੋਹ ਲੈਣਗੇ। ਉਨ੍ਹਾਂ ਕੁਝ ਅੰਦਾਜ਼ਾ ਨਹੀਂ ਹੋਵੇਗਾ ਕਿ ਕੀ ਹੋਇਆ। ਇਸ ਦੇ ਨਾਲ ਹੀ ਉਨ੍ਹਾਂ ਨੇ ਕਮਲਾ ਹੈਰਿਸ ਨੂੰ ਲੋਅ ਆਈਕਿਊ ਵਾਲਾ ਦੱਸਿਆ। ਇਸ ਟਿੱਪਣੀ ਨੂੰ ਲੈ ਕੇ ਉਨ੍ਹਾਂ ਦੇ ਕੈਂਪੇਨ ਵੱਲੋਂ ਕੋਈ ਪ੍ਰਤੀਕ੍ਰਿਆ ਨਹੀਂ ਦਿੱਤੀ ਗਈ।

ਉੱਥੇ, ਚੋਣਾਂ ਤੋਂ ਪਹਿਲਾਂ ਆਏ ਸਰਵੇ ’ਚ ਟਰੰਪ ਨੂੰ ਹੈਰਿਸ ਦੇ ਮੁਕਾਬਲੇ ਮਾਮੂਲੀ ਬੜ੍ਹਤ ਦਿੱਤੀ ਗਈ ਹੈ। ਵਾਲ ਸਟਰੀਟ ਜਰਨਲ ਵੱਲੋਂ ਕੀਤੇ ਗਏ ਰਾਸ਼ਟਰੀ ਸਰਵੇ ’ਚ ਕਿਹਾ ਗਿਆ ਹੈ ਕਿ ਟਰੰਪ ਹੈਰਿਸ ਤੋਂ ਦੋ ਫ਼ੀਸਦੀ ਅੰਕ ਅੱਗੇ ਚੱਲ ਰਹੇ ਹਨ। ਸੀਐੱਨਬੀਸੀ ਆਲ-ਅਮਰੀਕਾ ਇਕੋਨਾਮਿਕ ਸਰਵੇ ਦੇ ਮੁਤਾਬਕ, ਟਰੰਪ ਨੇ ਹੈਰਿਸ ’ਤੇ ਦੋ ਫ਼ੀਸਦੀ ਦੀ ਬੜ੍ਹਤ ਬਣਾਈ ਹੋਈ ਹੈ, ਜਿਹੜੀ ਅਗਸਤ ਤੋਂ ਕਾਇਮ ਹੈ। ਸਮਾਚਾਰ ਚੈਨਲ ਨੇ ਕਿਹਾ ਕਿ ਪ੍ਰਮੁੱਖ ਸੱਤ ਸੂਬਿਆਂ ’ਚ ਟਰੰਪ ਇਕ ਫ਼ੀਸਦੀ ਅੱਗੇ ਹਨ।