ਚੰਡੀਗੜ੍ਹ- ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਨੇ ਖਾਲਿਸਤਾਨ ਸਮਰਥਕ ਤੇ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਖ਼ਿਲਾਫ਼ ਸਖ਼ਤ ਰੁਖ ਅਖਤਿਆਰ ਕੀਤਾ ਹੈ। ਏਐੱਨਆਈ ਪੰਨੂ ਖ਼ਿਲਾਫ਼ ਛੇ ਮਾਮਲਿਆਂ ਦੀ ਜਾਂਚ ਕਰ ਰਹੀ ਹੈ।
ਇਸ ਦੌਰਾਨ ਪੰਨੂ ਦੀਆਂ ਚੰਡੀਗੜ੍ਹ ‘ਚ ਤਿੰਨ ਜਾਇਦਾਦਾਂ ਕੁਰਕ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ ਅੰਮ੍ਰਿਤਸਰ ‘ਚ ਵੀ ਕੁਝ ਜ਼ਮੀਨਾਂ ਕੁਰਕ ਕੀਤੀਆਂ ਗਈਆਂ ਹਨ। ਖਾਲਿਸਤਾਨ ਪੱਖੀ ਅੱਤਵਾਦੀ ਪੰਨੂ ਅਕਸਰ ਭਾਰਤ ਨੂੰ ਧਮਕੀਆਂ ਦਿੰਦਾ ਹੈ।
ਹਾਲ ਹੀ ਵਿਚ ਹਰਦੀਪ ਸਿੰਘ ਨਿੱਝਰ ਕਤਲ ਕਾਂਡ ਤੋਂ ਬਾਅਦ ਭਾਰਤ ਅਤੇ ਕੈਨੇਡਾ ਵਿਚਾਲੇ ਤਣਾਅ ਵਧ ਗਿਆ ਸੀ। ਇਸ ਤੋਂ ਬਾਅਦ ਵੀ ਪੰਨੂ ਨੇ ਧਮਕੀ ਦਿੱਤੀ ਸੀ। ਇਨ੍ਹਾਂ ਧਮਕੀਆਂ ਦੇ ਮੱਦੇਨਜ਼ਰ ਜਾਂਚ ਏਜੰਸੀਆਂ ਚੌਕਸ ਹਨ ਤੇ ਉਸ ਵਿਰੁੱਧ ਕਾਰਵਾਈ ਕੀਤੀ ਜਾ ਰਹੀ ਹੈ।
ਖਾਲਿਸਤਾਨ ਸਮਰਥਕ ਗੁਰਪਤਵੰਤ ਸਿੰਘ ਪੰਨੂ ਪੰਜਾਬ ਦੇ ਪਿੰਡ ਨੱਥੂ ਚੱਕ ਦਾ ਰਹਿਣ ਵਾਲਾ ਸੀ। ਬਾਅਦ ਵਿੱਚ ਉਹ ਅੰਮ੍ਰਿਤਸਰ ਦੇ ਨੇੜੇ ਖਾਨਕੋਟ ਵਿੱਚ ਵਸ ਗਿਆ। ਪੰਨੂ ਦਾ ਇੱਕ ਭਰਾ ਅਤੇ ਭੈਣ ਹੈ। ਉਸਨੇ ਨੱਬੇ ਦੇ ਦਹਾਕੇ ਵਿੱਚ ਪੰਜਾਬ ਯੂਨੀਵਰਸਿਟੀ ਤੋਂ ਕਾਨੂੰਨ ਦੀ ਪੜ੍ਹਾਈ ਕੀਤੀ। ਜਿਸ ਤੋਂ ਬਾਅਦ ਉਹ ਵਿਦਿਆਰਥੀ ਰਾਜਨੀਤੀ ਵਿੱਚ ਸਰਗਰਮ ਹੋ ਗਿਆ।
ਇਸ ਸਮੇਂ ਉਹ (ਪੰਨੂ) ਅਮਰੀਕਾ ਅਤੇ ਕੈਨੇਡਾ ਵਿੱਚ ਰਹਿ ਰਿਹਾ ਹੈ। ਪੰਨੂ ਨੂੰ ਗੈਰਕਾਨੂੰਨੀ ਗਤੀਵਿਧੀਆਂ ਰੋਕੂ ਐਕਟ-1967 (ਯੂ.ਏ.ਪੀ.ਏ.) ਤਹਿਤ ਅੱਤਵਾਦੀ ਘੋਸ਼ਿਤ ਕੀਤਾ ਗਿਆ ਹੈ। SFJ ਦੇ ਫੇਸਬੁੱਕ ਪੇਜ ਅਤੇ ਐਕਸ ਅਕਾਊਂਟ ‘ਤੇ ਵੀ ਪਾਬੰਦੀ ਲਗਾਈ ਗਈ ਹੈ। ਇਸ ਨੇ ਸਿੱਖ ਫਾਰ ਜਸਟਿਸ ਦੀ ਸਥਾਪਨਾ ਵੀ ਕੀਤੀ।ਸਿੱਖ ਫਾਰ ਜਸਟਿਸ ਅਮਰੀਕਾ ਵਿੱਚ ਸਥਿਤ ਇੱਕ ਵੱਖਵਾਦੀ ਸਮੂਹ ਹੈ। ਇਹ ਪੰਜਾਬ ਨੂੰ ਇੱਕ ਵੱਖਰਾ ਦੇਸ਼ (ਖਾਲਿਸਤਾਨ) ਬਣਾਉਣਾ ਚਾਹੁੰਦਾ ਹੈ। ਇਸ ਦੀ ਸਥਾਪਨਾ ਗੁਰਪਤਵੰਤ ਸਿੰਘ ਪੰਨੂ ਨੇ ਸਾਲ 2007 ਵਿੱਚ ਕੀਤੀ ਸੀ ਅਤੇ ਅਜੇ ਵੀ ਪੰਨੂ ਦੁਆਰਾ ਹੀ ਚਲਾਇਆ ਜਾ ਰਿਹਾ ਹੈ। ਇਸ ਸੰਗਠਨ ‘ਤੇ ਪਹਿਲੀ ਪਾਬੰਦੀ ਸਾਲ 2019 ‘ਚ ਲਗਾਈ ਗਈ ਸੀ।
ਹਾਲ ਹੀ ‘ਚ ਕੇਂਦਰ ਸਰਕਾਰ ਨੇ ਸਿੱਖਸ ਫਾਰ ਜਸਟਿਸ ‘ਤੇ ਪਾਬੰਦੀ ਨੂੰ ਪੰਜ ਸਾਲ ਲਈ ਵਧਾ ਦਿੱਤਾ ਸੀ। ਸਿੱਖਸ ਫਾਰ ਜਸਟਿਸ ਕੇਸ ਪੰਜਾਬ ਅਤੇ ਹੋਰ ਥਾਵਾਂ ‘ਤੇ ਦੇਸ਼ ਵਿਰੋਧੀ ਅਤੇ ਵਿਨਾਸ਼ਕਾਰੀ ਗਤੀਵਿਧੀਆਂ ਵਿੱਚ ਸ਼ਾਮਲ ਹੈ।