ਵਾਇਨਾਡ –ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਬੁੱਧਵਾਰ ਨੂੰ ਰਸਮੀ ਤੌਰ ’ਤੇ ਆਪਣਾ ਚੋਣ ਸਫ਼ਰ ਸ਼ੁਰੂ ਕਰ ਦਿੱਤਾ। ਕੇਰਲ ਦੇ ਕਲਪੇੱਟਾ ’ਚ ਇਕ ਵੱਡੇ ਰੋਡ ਸ਼ੋਅ ਤੋਂ ਬਾਅਦ ਵਾਇਨਾਡ ਲੋਕ ਸਭਾ ਜ਼ਿਮਨੀ ਚੋਣ ਲਈ ਉਨ੍ਹਾਂ ਨੇ ਆਪਣੀ ਨਾਮਜ਼ਦਗੀ ਭਰੀ।
ਨਹਿਰੂ-ਗਾਂਧੀ ਪਰਿਵਾਰ ਦੀ ਚੌਥੀ ਪੀੜ੍ਹੀ ਦੀ ਉਹ ਆਖ਼ਰੀ ਮੈਂਬਰ ਹੈ ਜੋ ਚੋਣ ਲੜਨ ਜਾ ਰਹੀ ਹੈ। ਹਾਲਾਂਕਿ ਪ੍ਰਿਅੰਕਾ ਨੇ ਕਿਹਾ ਕਿ ਉਨ੍ਹਾਂ ਨੂੰ ਸਿਆਸਤ ’ਚ 35 ਸਾਲ ਦਾ ਤਜਰਬਾ ਹੈ। ਉਹ 17 ਸਾਲ ਦੀ ਉਮਰ ਤੋਂ ਹੀ ਇਸ ਖੇਤਰ ’ਚ ਆ ਗਈ ਸੀ ਜਦ ਉਨ੍ਹਾਂ ਨੇ ਪਹਿਲੀ ਵਾਰ ਆਪਣੇ ਮਰਹੂਮ ਪਿਤਾ ਰਾਜੀਵ ਗਾਂਧੀ ਲਈ 1989 ’ਚ ਚੋਣ ਪ੍ਰਚਾਰ ਕੀਤਾ ਸੀ।
ਪ੍ਰਿਅੰਕਾ ਗਾਂਧੀ ਮੰਗਲਵਾਰ ਦੀ ਰਾਤ ਹੀ ਆਪਣੀ ਮਾਂ ਤੇ ਕਾਂਗਰਸ ਸੰਸਦੀ ਦਲ ਦੀ ਪ੍ਰਧਾਨ ਸੋਨੀਆ ਗਾਂਧੀ ਦੇ ਨਾਲ ਵਾਇਨਾਡ ਪੁੱਜ ਗਈ ਸੀ। ਬੁੱਧਵਾਰ ਦੀ ਸਵੇਰ ਉਨ੍ਹਾਂ ਨੇ ਆਪਣੇ ਭਰਾ ਤੇ ਲੋਕ ਸਭਾ ’ਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਦੇ ਨਾਲ ਕਲਪੇੱਟਾ ’ਚ ਇਕ ਵਿਸ਼ਾਲ ਰੋਡ ਸ਼ੋਅ ਕੀਤਾ।
ਇਸ ’ਚ ਬੈਂਡ-ਵਾਜੇ ਨਾਲ ਹਜ਼ਾਰਾਂ ਲੋਕ ਸ਼ਾਮਲ ਹੋਏ। 13 ਨਵੰਬਰ ਨੂੰ ਹੋਣ ਵਾਲੀ ਜ਼ਿਮਨੀ ਚੋਣ ਦੀ ਨਾਮਜ਼ਦਗੀ ਤੋਂ ਪਹਿਲਾਂ ਉਨ੍ਹਾਂ ਨੇ ਰੈਲੀ ਨੂੰ ਸੰਬੋਧਨ ਕਰ ਕੇ ਕਿਹਾ ਕਿ ਆਪਣੇ ਪਿਤਾ ਤੋਂ ਇਲਾਵਾ ਉਨ੍ਹਾਂ ਨੇ ਮਾਂ, ਭਰਾ ਤੇ ਪਾਰਟੀ ਦੇ ਕਈ ਸਹਿਯੋਗੀਆਂ ਲਈ ਵੀ ਚੋਣ ਪ੍ਰਚਾਰ ਕੀਤਾ ਹੈ। ਉਹ ਪਹਿਲੀ ਵਾਰ ਆਪਣੇ ਲਈ ਚੋਣ ਪ੍ਰਚਾਰ ਕਰ ਰਹੀ ਹੈ। ਪ੍ਰਿਅੰਕਾ ਦਾ ਇਹ ਬਿਆਨ ਤਦ ਆਇਆ, ਜਦ ਵਾਇਨਾਡ ਤੋਂ ਭਾਜਪਾ ਉਮੀਦਵਾਰ ਨਵਿਆ ਹਰਿਦਾਸ ਨੇ ਕਿਹਾ ਸੀ ਕਿ ਸਿਆਸਤ ਦੇ ਖੇਤਰ ’ਚ ਉਹ ਪ੍ਰਿਅੰਕਾ ਤੋਂ ਵੱਧ ਤਜਰਬੇਕਾਰ ਹੈ।
ਪ੍ਰਿਅੰਕਾ ਨੇ ਵਾਇਨਾਡ ਦੀ ਜ਼ਮੀਨ ਖਿਸਕਣ ਵਾਲੀ ਘਟਨਾ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਇੱਥੇ ਤਿੰਨ ਪਿੰਡਾਂ ਦਾ ਦੌਰਾ ਕੀਤਾ ਸੀ। ਉਹ ਵਾਇਨਾਡ ਦੇ ਲੋਕਾਂ ਦੇ ਹੌਸਲੇ ਤੋਂ ਪ੍ਰਭਾਵਿਤ ਹੈ। ਇਹ ਉਨ੍ਹਾਂ ਲਈ ਵੱਡੇ ਸਨਮਾਨ ਦੀ ਗੱਲ ਹੋਵੇਗੀ ਕਿ ਉਨ੍ਹਾਂ ਨੂੰ ਇੱਥੇ ਦੇ ਭਾਈਚਾਰੇ ਤੇ ਪਰਿਵਾਰ ਦਾ ਹਿੱਸਾ ਬਣਨ ਦਾ ਮੌਕਾ ਮਿਲੇ। ਜਦ ਪੂਰੀ ਦੁਨੀਆ ਖ਼ਿਲਾਫ਼ ਸੀ, ਤਦ ਵਾਇਨਾਡ ਦੇ ਲੋਕਾਂ ਨੇ ਉਨ੍ਹਾਂ ਦੇ ਭਰਾ ਰਾਹੁਲ ਦਾ ਸਾਥ ਦਿੱਤਾ।
ਇਸ ਲਈ ਉਹ ਉਨ੍ਹਾਂ ਦੀ ਧੰਨਵਾਦੀ ਹੈ। ਰਾਹੁਲ ਤੁਹਾਡੇ ਤੋਂ ਦੂਰ ਜਾਨ ਨਾਲ ਦੁਖੀ ਹਨ ਪਰ ਉਹ ਰਾਹੁਲ ਤੇ ਵਾਇਨਾਡ ਦੇ ਲੋਕਾਂ ਵਿਚਾਲੇ ਪੁਲ ਬਣੀ ਰਹੇਗੀ। ਭਾਜਪਾ ਸਰਕਾਰ ’ਤੇ ਵਾਰ ਕਰਦੇ ਹੋਏ ਪ੍ਰਿਅੰਕਾ ਨੇ ਕਿਹਾ ਕਿ ਸੱਤਾਧਾਰੀ ਪਾਰਟੀ ਉਨ੍ਹਾਂ ਨੂੰ ਵੰਡਣ ’ਚ ਲੱਗੀ ਹੈ, ਜਿਨ੍ਹਾਂ ਦੀਆਂ ਵੋਟਾਂ ਨਾਲ ਉਹ ਸੱਤਾ ’ਚ ਆਈ। ਰੈਲੀ ਤੋਂ ਬਾਅਦ ਪ੍ਰਿਅੰਕਾ ਕਲਕਟ੍ਰੇਟ ਦਫ਼ਤਰ ਗਈ ਤੇ ਸੋਨੀਆ, ਰਾਹੁਲ, ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਤੇ ਜਨਰਲ ਸਕਤੱਰ ਕੇਸੀ ਵੇਣੂਗੋਪਾਲ ਦੀ ਮੌਜੂਦਗੀ ’ਚ ਨਾਮਜ਼ਦਗੀ ਦਾਖ਼ਲ ਕੀਤੀ। ਤਦ ਪਤੀ ਰਾਬਰਟ ਵਾਡਰਾ ਵੀ ਮੌਜੂਦ ਸਨ।
ਵਾਇਨਾਡ ਦੇ ਸਾਬਕਾ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਖੇਤਰੀ ਜਨਤਾ ਨੂੰ ਬੇਨਤੀ ਕੀਤੀ ਕਿ ਉਹ ਉਨ੍ਹਾਂ ਦੀ ਭੈਣ ਦਾ ਧਿਆਨ ਰੱਖਣ। ਰਾਹੁਲ ਨੇ ਕਿਹਾ ਕਿ ਉਹ ਹੁਣ ਵੀ ਵਾਇਨਾਡ ਤੋਂ ਅਣ ਅਧਿਕਾਰਕ ਸੰਸਦ ਮੈਂਬਰ ਰਹਿਣਗੇ। ਜਦਕਿ ਉਨ੍ਹਾਂ ਦੀ ਭੈਣ ਪ੍ਰਿਅੰਕਾ ਅਧਿਕਾਰਕ ਸੰਸਦ ਮੈਂਬਰ ਬਣੇਗੀ। ਇਸ ਤਰ੍ਹਾਂ ਵਾਇਨਾਡ ’ਚ ਦੋ ਸੰਸਦ ਮੈਂਬਰ ਹੋਣਗੇ। ਰਾਹੁਲ 2019 ਤੋਂ 2024 ਤੱਕ ਵਾਇਨਾਡ ਦੇ ਸੰਸਦ ਮੈਂਬਰ ਰਹੇ। ਉਨ੍ਹਾਂ ਦੇ ਲੋਕ ਸਭਾ ਚੋਣਾਂ ਤੋਂ ਬਾਅਦ ਵਾਇਨਾਡ ਸੀਟ ਛੱਡਣ ’ਤੇ ਇੱਥੇ ਜ਼ਿਮਨੀ ਚੋਣ ਹੋ ਰਹੀ ਹੈ।